ਲਾਤੀਨਾ : ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਭਾਰਤੀ ਗੰਭੀਰ ਜਖ਼ਮੀ, ਦੋ ਦੀ ਮੌਤ

ਭਾਰਤੀ ਸਾਇਕਾਲ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਕੇ ਦੇ ਰਹੇ ਹਨ ਮੌਤ ਨੂੰ ਸੱਦਾ

accਰੋਮ (ਇਟਲੀ) 19 ਅਪ੍ਰੈਲ (ਕੈਂਥ) – ਇਸ ਗੱਲ ਵਿੱਚ ਰਤਾ ਵੀ ਕੋਈ ਦੋ ਰਾਵਾਂ ਨਹੀਂ ਕਿ ਇਟਲੀ ਦਾ ਲਾਸੀਓ ਸੂਬਾ ਖਾਸਕਰ ਜਿਲ੍ਹਾ ਲਾਤੀਨਾ ਨਿੱਤ ਹੋ ਰਹੇ ਸੜਕ ਹਾਦਸਿਆਂ ਵਿੱਚ ਕਿਸੇ ਨਾ ਕਿਸੇ ਘਰ ਦਾ ਚਿਰਾਗ ਸਦਾ ਲਈ ਬੁਝਾ ਰਿਹਾ ਹੈ, ਪਰ ਇਨਾਂ ਸੜਕ ਹਾਦਸਿਆਂ ਵਿੱਚ ਭਾਰਤੀ ਲੋਕ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਹਨ। ਇਹ ਸਮੁੱਚੇ ਭਾਰਤੀ ਭਾਈਚਾਰੇ ਲਈ ਗੰਭੀਰਤਾ ਨਾਲ ਵਿਚਾਰਨ ਯੋਗ ਮਸਲਾ ਹੈ। ਪਿਛਲੇ ਇੱਕ ਹਫ਼ਤੇ ਵਿੱਚ ਲਾਤੀਨਾ ਦੇ ਚਰਚਿਤ ਸ਼ਹਿਰ ਬੋਰਗੋ ਹਿਰਮਾਦਾ ਵਿਖੇ ਹੋਏ ਵੱਖ-ਵੱਖ ਤਿੰਨ ਸੜਕ ਹਾਦਸਿਆਂ ਵਿੱਚ ਦੋ ਭਾਰਤੀ ਨੌਜਵਾਨਾਂ ਦੀ ਦਰਦਨਾਕ ਮੌਤ ਅਤੇ ਇੱਕ ਭਾਰਤੀ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲੇ ਨੌਜਵਾਨ ਇੱਕ ਪੰਜਾਬ ਅਤੇ ਦੂਜਾ ਹਰਿਆਣੇ ਨਾਲ ਸਬੰਧਿਤ ਸੀ। ਪੰਜਾਬ ਦਾ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਉਂਦੋ ਹੋਇਆ ਜਦੋਂ ਉਹ ਮੇਨ ਰੋਡ ਤੋਂ ਪਾਰ ਕਰਦਾ ਸੀ, ਪਰ ਅਫ਼ਸੋਸ ਰੋਡ ਪਾਰ ਕਰਦੇ ਸਮੇਂ ਮ੍ਰਿਤਕ ਫੋਨ ਉੱਪਰ ਗੱਲ ਕਰਦਾ ਸੀ ਜਿਸ ਕਾਰਨ ਸ਼ਾਇਦ ਇਹ ਹਾਦਸਾ ਹੋਇਆ। ਹਰਿਆਣੇ ਦਾ ਨੌਜਵਾਨ ਵੀ ਸੜਕ ਪਾਰ ਕਰਦੇ ਸਮੇਂ ਹੀ ਹਾਦਸੇ ਦਾ ਸ਼ਿਕਾਰ ਹੋਇਆ, ਜੋ ਕਿ ਆਪਣੇ ਪਿੱਛੇ ਦੋ ਮਾਸੂਮ ਬੱਚੇ ਅਤੇ ਵਿਧਵਾ ਪਤਨੀ ਨੂੰ ਛੱਡ ਗਿਆ। ਇਲਾਕੇ ਦੇ ਸਮੁੱਚੇ ਭਾਰਤੀਆਂ ਨੂੰ ਅਪੀਲ ਹੈ ਕਿ ਉਹ ਸਵੇਰੇ ਸ਼ਾਮ ਕੰਮ ਉੱਤੇ ਆਉਣ ਜਾਣ ਸਮੇਂ ਫੋਨ ਦੀ ਵਰਤੋਂ ਨਾ ਕਰਨ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਅਣਹੋਣੀ ਤੋਂ ਬਚਿਆ ਜਾ ਸਕੇ। ਪਿਛਲੇ ਸਮੇਂ ਵਿੱਚ ਕੁਝ ਭਾਰਤੀ ਤਾਂ ਸੜਕ ਹਾਦਸਿਆਂ ਦਾ ਸ਼ਿਕਾਰ ਨਸ਼ੇ ਦਾ ਸੇਵਨ ਕਰਨ ਕਾਰਨ ਵੀ ਹੋਏ ਹਨ, ਜਿਸ ਕਾਰਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਅੱਜ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣ੍ਹਾ ਕਰਨ ਲਈ ਮਜ਼ਬੂਰ ਹਨ। ਜਿਹੜੇ ਭਾਰਤੀ ਨੌਜਵਾਨ ਸਾਇਕਲ ਸ਼ਰਾਬ ਪੀ ਕੇ ਜਾਂ ਫੋਨ ਦੀ ਵਰਤੋਂ ਕਰਦੇ ਚਲਾਉਂਦੇ ਹਨ ਉਹ ਕੰਮ ‘ਤੇ ਜਾਣ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜ਼ਰੂਰ ਸੋਚਣ ਫਿਰ ਸਾਵਧਾਨੀ ਨਾਲ ਰੋਡ ਉੱਪਰ ਚੱਲਣ।