ਲਾਦੀਸਪੋਲੀ: ਲਾਪ੍ਰਵਾਹੀ ਕਾਰਨ ਗਈ ਭਾਰਤੀ ਵਿਦਿਆਰਥੀ ਦੀ ਜਾਨ

ਘਟਨਾ ਵਾਲੀ ਜਗ੍ਹਾ।

ਘਟਨਾ ਵਾਲੀ ਜਗ੍ਹਾ।

ਲਾਦੀਸਪੋਲੀ (ਇਟਲੀ) 10 ਮਾਰਚ (ਸਾਬੀ ਚੀਨੀਆਂ) – ਇਟਲੀ ‘ਚ ਆਏ ਦਿਨ ਹੋ ਰਹੇ ਹਾਦਸਿਆਂ ਵਿਚ ਬਹੁਤ ਸਾਰੇ ਪੰਜਾਬੀ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਬੈਠੇ ਹਨ, ਪਰ ਫਿਰ ਵੀ ਇਨਾਂ ਹਾਦਸਿਆਂ ਤੋਂ ਸਬਕ ਨਾ ਲੈਣ ਕਾਰਨ ਲਾਪ੍ਰਵਾਹੀ ਕਰ ਕੇ ਲੋਕ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਹੀ ਇਕ ਘਟਨਾ ਰੋਮ ਦੇ ਨਾਲ ਲੱਗਦੇ ਸ਼ਹਿਰ ਲਾਦੀਸਪੋਲੀ ਵਿਚ ਦੇਖਣ ਨੂੰ ਮਿਲੀ। ਜਿੱਥੇ ਇਕ 26 ਸਾਲਾ ਭਾਰਤੀ ਵਿਦਿਆਰਥੀ ਰੇਲ ਪਟੜੀ ਨੂੰ ਗਲਤ ਤਰੀਕੇ ਪਾਰ ਕਰਦੇ ਸਮੇਂ ਦੂਜੇ ਪਾਸੇ ਤੋਂ ਆ ਰਹੀ ਤੇਜ ਰਫਤਾਰ ਟਰੇਨ ਥੱਲੇ ਆਕੇ ਬੁਰੀ ਤਰ੍ਹਾਂ ਕੁਚਲਿਆ ਗਿਆ। ਇਸੇ ਦੌਰਾਨ ਉਸਦੇ ਦੋ ਹੋਰ ਸਾਥੀ ਗੰਭੀਰ ਜਖਮੀ ਹੋ ਗਏ, ਜਿਨ੍ਹਾਂ ਨੂੰ ਨੇੜ੍ਹਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਦੀਸਪੋਲੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ, ਇਹ ਭਾਰਤੀ ਵਿਦਿਆਰਥੀ ਆਪਣੇ ਸਾਥੀਆਂ ਨਾਲ ਮਿਲਾਨ ਦੇ ਕਿਸੇ ਇਲਾਕੇ ਤੋਂ ਆਇਆ ਸੀ, ਜਿਸਦੇ ਨਾਲ ਉਸਦਾ ਇਕ ਹੋਰ ਸਾਥੀ ਤੇ ਇਕ ਰੂਸੀ ਮੂਲ਼ ਦੀ ਵਿਦਿਆਰਥੀ ਲੜਕੀ ਲਾਈਨ ਪਾਰ ਕਰਦੇ ਸਮੇਂ ਟਰੇਨ ਦੇ ਥੱਲੇ ਆ ਗਏ। ਖ਼ਬਰ ਲਿਖ ਜਾਣ ਤੱਕ ਮ੍ਰਿਤਕ ਭਾਰਤੀ ਵਿਦਿਆਰਥੀ ਦੀ ਪਹਿਚਾਣ ਸਾਹਮਣੇ ਨਹੀਂ ਆ ਸਕੀ, ਪਰ ਰੇਲਵੇ ਪੁਲਿਸ ਇਸ ਘਟਨਾਕ੍ਰਮ ਦੀ  ਛਾਣਬੀਣ ਕਰ ਰਹੀ ਹੈ ਸਥਾਨਕ ਲੋਕਾਂ ਦਾ ਦੱਸਣਾ ਹੈ ਕਿ ਇਸ ਰੇਲਵੇ ਸਟੇਸ਼ਨ ‘ਤੇ ਅਕਸਰ ਲੋਕ ਰੇਲਵੇ ਲਾਈਨ ਤੋਂ ਪਾਰ ਜਾਣ ਸਮੇਂ ਜਿੱਥੇ ਕਾਨੂੰਨਾਂ ਨੂੰ ਛਿੱਕੇ ਟੰਗਦੇ ਹਨ, ਉੱਥੇ ਆਪਣੀ ਜਾਨ ਨੂੰ ਜੋਖਮ ਵਿਚ  ਪਾਉਂਦੇ ਹਨ।