ਵਿਚੈਂਸਾ ਵਿਖੇ ਪੱਥਰੀ ਤਾਰਨ ਦਿਵਸ ਮਨਾਇਆ

divasਰੋਮ (ਇਟਲੀ) 12 ਜੁਲਾਈ (ਕੈਂਥ) – ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਵਿਚੈਂਸਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਪੱਥਰੀ ਤਰਾਉਣ ਦੇ ਕੌਤਕ ਨੂੰ ਪੱਥਰੀ ਤਾਰਨ ਦਿਵਸ ਵਜੋਂ ਮਨਾਇਆ ਗਿਆ। ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲੁਆਈ। ਗੁਰਦੁਆਰਾ ਸਾਹਿਬ ਵਿਖੇ ਰਵਿਦਾਸੀਆ ਧਰਮ ਦੇ ਮਹਾਨ ਗ੍ਰੰਥ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪ ਦੇ ਭੋਗ ਉਪੰਰਤ ਗੁਰਦੁਆਰਾ ਸਾਹਿਬ ਦੇ ਪਾਠੀ ਸਹਿਬਾਨ ਭਾਈ ਸਤਨਾਮ ਸਿੰਘ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੁਆਰਾ ਪੱਥਰੀ ਤਰਾਉਣ ਦੇ ਕੌਤਕ ਨੂੰ ਵਿਆਖਿਆ ਸਹਿਤ ਸੰਗਤਾਂ ਦੇ ਸਨਮੁੱਖ ਪੇਸ਼ ਕਰਦਿਆਂ ਕਿਹਾ ਕਿ, ਸੰਗਤਾਂ ਨੂੰ ਗੁਰੂ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾ ਕੇ ਆਪਣਾ ਦੁਨੀਆਂ ਉਪੱਰ ਆਉਣਾ ਜਾਣਾ ਸਫ਼ਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਸਤਿਗੁਰੂ ਵੱਲੋਂ ਊਚ-ਨੀਚ ਵਿਰੁੱਧ ਕੀਤੀਆਂ ਘਾਲਨਾਵਾਂ ਉਪੱਰ ਵੀ ਵਿਸਥਾਰਪੂਰਵਕ ਚਾਨਣਾ ਪਾਇਆ। ਪੱਥਰੀ ਤਾਰਨ ਦਿਵਸ ਮੌਕੇ ਸੱਜੇ ਦਿਵਾਨਾਂ ਵਿੱਚ ਜੈਸੀਕਾ ਸੰਧੂ, ਸ਼੍ਰੀ ਚਮਨ ਲਾਲ ਸ਼ੀਹਮਾਰ ਅਤੇ ਰਫ਼ੀ ਅਮਰਜੀਤ ਵੱਲੋਂ ਆਪਣੀਆਂ ਆਪਣੀਆਂ ਧਾਰਮਿਕ ਰਚਨਾਵਾਂ ਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪੱਥਰੀ ਤਾਰਨ ਕੌਤਕ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਸਟੇਜ ਸਕੱਤਰ ਕੁਲਜਿੰਦਰ ਬਬਲੂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਤਰਾਈ ਗਈ ਪੱਥਰੀ ਦੀ ਕਥਾ ਨੂੰ ਵਿਆਖਿਆ ਸਹਿਤ ਪੇਸ਼ ਕੀਤਾ ਅਤੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਤੇ ਪਹਿਰਾ ਦੇਣ ਲਈ ਅਗਾਹ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਮੂਹ ਸੰਗਤ ਦਾ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕਰਦਿਆ ਕਿਹਾ ਕਿ, ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਘਰਸ਼ਮਈ ਜੀਵਨ ਤੋਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਜਾਣੂ ਕਰਵਾਉਣ ਚਾਹੀਦਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੋਵੇ ਕਿ ਸਾਡਾ ਇਤਿਹਾਸ ਕੀ ਸੀ ਤੇ ਅੱਜ ਅਸੀਂ ਆਪਣੇ ਰਹਿਬਰਾਂ ਦੀ ਬਦੌਲਤ ਕਿੱਥੇ ਪਹੁੰਚੇ ਹਾਂ। ਇਸ ਮੌਕੇ ਸਭ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤੇ।