ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

5th-guruਮਿਲਾਨ (ਇਟਲੀ) 16 ਜੂਨ (ਸਾਬੀ ਚੀਨੀਆਂ) – ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹੋਏ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਵੱਲੋਂ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਦੂਰੋਂ ਨੇੜਿਉਂ ਪੁੱਜੀਆਂ ਸੰਗਤਾਂ ਨੇ ਹਾਜਰੀਆਂ ਭਰਦੇ ਗੁਰੂ ਸਾਹਿਬ ਨੂੰ ਨਤਮਸਤਕ ਹੁੰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਭਾਈ ਜੀਵਨ ਸਿੰਘ ਦੇ ਜਥੇ ਦੁਆਰਾ ਸ਼ਬਦ ਕੀਰਤਨ ਰਾਹੀਂ ਹਾਜਰੀਆਂ ਭਰੀਆਂ ਗਈਆਂ। ਨੌਜਵਾਨਾਂ ਦੁਆਰਾ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ। ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਭਾਈ ਸਾਹਿਬ ਨੇ ਆਖਿਆ ਕਿ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨਾਲ ਸਿੱਖ ਕੌਮ ਅੰਦਰ ਸ਼ਹੀਦੀ ਜਜਬਾ ਜਾਗਿਆ ਤੇ ਅੱਜ ਵੀ ਗੁਰੂ ਪਿਆਰੇ ਲੋੜ ਪੈਣ ‘ਤੇ ਸੀਸ ਦੇਣ ਤੋਂ ਪਿੱਛੇ ਨਹੀਂ ਰਹਿੰਦੇ। ਇਸ ਮੌਕੇ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਦੇ ਪ੍ਰਧਾਨ ਸ੍ਰੀ ਦਲਬੀਰ ਭੱਟੀ, ਸੁਖਜਿੰਦਰ ਸਿੰਘ ਕਾਲਰੂ, ਅਵਤਾਰ ਸਿੰਘ ਧਾਲੀਵਾਲ, ਅਵਤਾਰ ਸਿੰਘ ਚਾਹਲ, ਸੋਨੀ ਔਜਲਾ ਆਦਿ ਵੀ ਉਚੇਚੇ ਤੌਰ ‘ਤੇ ਮੌਜੂਦ ਸਨ ਜਿਨ੍ਹਾਂ ਵੱਲੋਂ ਸ਼ਹੀਦੀ ਸਮਾਗਮ ਕਰਵਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ।