ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਕੌਮੀ ਪ੍ਰਧਾਨ ਭੱਦਲਥੂਹਾ ਨਹੀਂ ਰਹੇ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਭੱਦਲਥੂਹਾ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਭੱਦਲਥੂਹਾ

ਮਿਲਾਨ (ਇਟਲੀ) 12 ਫਰਵਰੀ (ਸਾਬੀ ਚੀਨੀਆਂ) – ਇਟਲੀ ਵਿਚ ਵੱਸਦੇ ਪੰਜਾਬੀਆਂ ‘ਚ ਇਸ ਖ਼ਬਰ ਨੂੰ ਬੜੇ ਦੁੱਖੀ ਹਿਰਦਿਆਂ ਨਾਲ ਪੜ੍ਹਿਆ ਜਾਵੇਗਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਭੱਦਲਥੂਹਾ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਭੱਦਲਥੂਹਾ ਦਾ ਤੁਰ ਜਾਣਾ ਇਟਲੀ ਵੱਸਦੇ ਪੰਜਾਬੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੌਜਵਾਨ ਸਭਾ ਦੇ ਪ੍ਰਧਾਨ ਹੁੰਦਿਆਂ, ਜਿੱਥੇ ਅਨੇਕਾਂ ਲੋੜਵੰਦ ਗਰੀਬ ਪਰਿਵਾਰਾਂ ਦੀ ਮਦਦ ਕਰਦਿਆਂ ਸਮਾਜ ਭਲਾਈ ਕਾਰਜਾਂ ਵਿਚ ਹਿੱਸਾ ਪਾਇਆ, ਉੱਥੇ ਇਟਲੀ ‘ਚ ਹੋਣ ਵਾਲੇ ਕਬੱਡੀ ਕੱਪ ਅਤੇ ਖਿਡਾਰੀਆਂ ਨੂੰ ਪ੍ਰਮੋਟ ਕਰਨ ‘ਚ ਵੀ ਅਹਿਮ ਰੋਲ ਨਿਭਾਇਆ। ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਵਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਮਨਜੀਤ ਸਿੰਘ ਭੱਦਲਥੂਹਾ ਨੇ ਨਾ ਸਿਰਫ ਇਟਲੀ ਦੇ ਲੋਕਾਂ ‘ਚ ਵਿਚਰਦੇ ਹੋਏ ਹਮੇਸ਼ਾਂ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ, ਸਗੋਂ ਦੱਖਣੀ ਇਟਲੀ ਵਿਚ ਸੱਭਿਆਚਾਰਕ ਮੇਲਿਆਂ ਦੀ ਸ਼ੁਰੂਆਤ ਕਰਨ ਲਈ ਵੀ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਭੱਦਲਥੂਹਾ ਦੀ ਅਚਾਨਕ ਹੋਈ ਮੌਤ ਨੂੰ ਇਟਲੀ ਵੱਸਦੇ ਪੰਜਾਬੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਸਲਵਿੰਦਰ ਸਿੰਘ ਬੁੱਟਰ, ਸੁਖਦੇਵ ਸਿੰਘ, ਤਤਲਾ,ਹਰਜਿੰਦਰ ਸਿੰਘ ਭਰੋਵਾਲ, ਹਰਕੀਤ ਸਿੰਘ ਮਾਧੋਝੰਡਾ, ਤਰਸੇਮ ਸਿੰਘ ਜਲਾਲਪੁਰ, ਮਨਜੀਤ ਸਿੰਘ ਜੱਸੋਮਜਾਰਾ, ਗੁਰਪਾਲ ਸਿੰਘ ਜੌਹਲ, ਮਦਨ ਲਾਲ ਬੰਗੜ, ਦਲਬੀਰ ਭੱਟੀ, ਤਜਵਿੰਦਰ ਸਿੰਘ ਬੱਬੀ, ਇੰਦਰਪ੍ਰੀਤ ਸਿੰਘ ਝਿੱਕਾ, ਸੁਖਚੈਨ ਸਿੰਘ ਠੀਕਰੀਵਾਲ ਸਮੇਤ ਇਟਲੀ ਦੀਆਂ ਕਈ ਨਾਮੀ ਖੇਡ ਕਲੱਬਾਂ ਤੇ ਧਾਰਮਿਕ, ਸਿਆਸੀ ਤੇ ਗੈਰ ਸਿਆਸੀ ਸੰਸਥਾਵਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਮਨਜੀਤ ਸਿੰਘ ਭੱਦਲਥੂਹਾ ਵੱਲੋਂ ਕੀਤੀਆਂ ਗਤੀਵਿਧੀਆਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।