ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੱਤੀਪਾਲੀਆਂ ‘ਚ ਸ਼ਰਧਾ ਨਾਲ ਮਨਾਇਆ

ਉੱਘੇ ਇਟਾਲੀਅਨ ਪੱਤਰਕਾਰ ਅਤੇ ਲੇਖਕ ਪ੍ਰੋ: ਅਵਲੋਨੋ ਜ਼ੇਨਾਰੋ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਨਮਾਨਿਤ ਕਰਦੀ ਹੋਈ।

ਉੱਘੇ ਇਟਾਲੀਅਨ ਪੱਤਰਕਾਰ ਅਤੇ ਲੇਖਕ ਪ੍ਰੋ: ਅਵਲੋਨੋ ਜ਼ੇਨਾਰੋ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਨਮਾਨਿਤ ਕਰਦੀ ਹੋਈ।

ਰੋਮ (ਇਟਲੀ) 27 ਨਵੰਬਰ (ਕੈਂਥ) – ਹਿੰਦੂ ਧਰਮ ਦੀ ਹੌਂਦ ਨੂੰ ਬਚਾਊਣ ਵਾਲੇ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਦਾਰ ਜੀ ਦਾ ਸ਼ਹੀਦੀ ਦਿਹਾੜਾ ਇਟਲੀ ਦੇ ਸ਼ਹਿਰ ਬੱਤੀਪਾਲੀਆ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਖੇਤੀਬਾੜ੍ਹੀ ਨਾਲ ਸੰਬਧਿਤ ਮਸ਼ਹੂਰ ਕੰਪਨੀ “ਅਲਫ਼ਾਕੌਮ” ਦੇ ਪੰਜਾਬੀ ਕਾਮਿਆਂ ਵੱਲੋਂ ਗੁਰੂ ਘਰ ਵਿਚ ਰਖਾਏ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਵਾਉਣ ਉਪਰੰਤ ਗੁਰੂ ਘਰ ਦੇ ਵਜ਼ੀਰ ਵੱਲੋਂ ਨੌਵੇਂ ਪਾਤਿਸ਼ਾਹ ਦੀ ਦਿੱਤੀ ਕੁਰਬਾਨੀ ਦਾ ਵਿਖਿਆਨ ਆਈਆਂ ਹੋਈਆਂ ਸੰਗਤਾਂ ਨੂੰ ਵਿਸਥਾਰਪੂਰਵਕ ਸਰਵਣ ਕਰਵਾਇਆ ਗਿਆ। ਆਈਆਂ ਹੋਈਆਂ ਸੰਗਤਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ-ਨਾਲ ਆਰੇ ਨਾਲ ਤਨ ਚਿਰਾਉਣ ਵਾਲੇ ਭਾਈ ਮਤੀਦਾਸ, ਦੇਗ ‘ਚ ਉਬਾਲ਼ੇ ਗਏ ਭਾਈ ਦਿਆਲਾ ਜੀ ਅਤੇ ਰੂੰ ‘ਚ ਲਪੇਟ ਕੇ ਸਾੜੇ ਗਏ ਭਾਈ ਸਤੀਦਾਸ ਜੀ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ। ਨਾਲ ਹੀ ਉਸ ਸਿਦਕੀ ਸਿੱਖ, ਭਾਈ ਲੱਖੀ ਸ਼ਾਹ ਵਣਜਾਰੇ ਨੂੰ ਵੀ ਯਾਦ ਕੀਤਾ, ਜਿਸਨੇ ਗੁਰੂ ਸਾਹਿਬ ਦੀ ਦੇਹ ਨੂੰ ਆਪਣੇ ਘਰ ਵਿਚ ਰੱਖ ਕੇ, ਘਰ ਨੂੰ ਹੀ ਲਾਂਬੂ ਲਗਾ ਦਿੱਤਾ ਸੀ। ਸ਼ਾਇਦ ਹੀ ਕਿਸੇ ਨੇ ਕਦੀ ਅਜਿਹਾ ਸੰਸਕਾਰ ਕਿਧਰੇ ਪੜ੍ਹਿਆ ਸੁਣਿਆ ਹੋਵੇ। ਆਈਆ ਹੋਈਆਂ ਸੰਗਤਾਂ ਨੇ ਨਾਲ ਹੀ ਰੰਘਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦੀ ਮਹਾਨ ਕੁਰਬਾਨੀ ਨੂੰ ਵੀ ਸਿਰ ਝੁਕਾਇਆ ਜਿਨ੍ਹਾਂ ਨੇ ਗੁਰੂ ਦੇ ਸੀਸ ਦੀ ਬੇਅਦਬੀ ਨਹੀਂ ਹੋਣ ਦਿੱਤੀ ਸੀ ਤੇ ਗੁਰੂ ਘਰ ਦੇ ਪੁੱਤਰ ਹੋਣ ਦਾ ਮਾਣ ਹਾਸਲ ਕੀਤਾ ਸੀ।
ਇਸ ਸਮੇਂ ਇਟਲੀ ਦੇ ਵਿਦੇਸ਼ੀਆਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਇਟਲੀ ਦੇ ਉੱਘੇ ਟੈਲੀਵੀਜ਼ਨ, ਰੇਡੀਓ ਅਤੇ ਅਖ਼ਬਾਰਾ ਦੇ ਖੋਜੀ ਪੱਤਰਕਾਰ ਅਤੇ ਲੇਖਕ ਪ੍ਰੋ: ਅਵਲੋਨੇ ਜ਼ੇਨਾਰੋ ਨੇ ਵੀ ਵਿਦੇਸ਼ੀਆਂ ਦੀਆਂ ਸਮੱਸਿਆਵਾਂ ਖਾਸ ਕਰਕੇ ਕੰਪਨੀਆਂ ਸਟੇਟ ਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸੁਣਿਆ ਅਤੇ ਸਮਝਿਆ ਅਤੇ ਵਿਸ਼ਵਾਸ਼ ਦੁਆਇਆ ਕਿ, ਉਹ ਅਖ਼ਬਾਰਾ ਵਿਚ ਛਪਦੇ ਉਹਨਾਂ ਦੇ ਆਰਟੀਕਲਾਂ ਵਿਚ ਇਨਾਂ ਸਮੱਸਿਆਵਾਂ ਨੂੰ ਹਿੱਸਾ ਬਨਾਉਣਗੇ ਅਤੇ ਸਰਕਾਰ ਤੱਕ ਭਾਰਤੀ ਭਾਈਚਾਰੇ ਦੀ ਅਵਾਜ਼ ਪਹੁੰਚਾਉਣਗੇ। ਇਸ ਸਮੇਂ ਉਨ੍ਹਾਂ ਦੁਆਰਾ ਇਟਲੀ ਵਿਚ ਕੰਮ ਕਰਦੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਨਾਲ ਸਬੰਧਿਤ ਪਿਛਲੇ ਮਹੀਨੇ ਕਿਤਾਬ ਛਾਪੀ ਗਈ ਸੀ ਉਸ ਨੂੰ ਵੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਇੱਥੇ ਰਿਲੀਜ਼ ਕੀਤਾ ਗਿਆ। ਅਵਲੋਨੇ ਜ਼ਾਨੇਰੋ ਨੇ ਦੱਸਿਆ ਕਿ, ਅਜੇ ਤੱਕ ਇਸ ਕਿਤਾਬ ਨੂੰ ਕਿਸੇ ਨੇ ਚੁਣੌਤੀ ਨਹੀ ਦਿੱਤੀ ਕਿ ਇਟਲੀ ਵਿਚ ਵਿਦੇਸ਼ੀਆਂ ਨਾਲ ਧੱਕਾ ਨਹੀਂ ਹੋ ਰਿਹਾ ਹੈ। ਇਸ ਕਿਤਾਬ ਦੇ ਖਿਲਾਫ਼ ਅਤੇ ਮੇਰੇ ਖਿਲਾਫ਼ ਅਜ਼ੇ ਤੱਕ ਕਿਸੇ ਨੇ ਕੋਈ ਅਦਾਲਤੀ ਕੇਸ ਨਹੀ ਕੀਤਾ, ਕਿਉਂਕਿ ਮੈਂ ਟੈਲੀਵਿਜ਼ਨਾਂ, ਰੇਡੀਓ ਅਤੇ ਅਖ਼ਬਾਰਾ ਵਿਚ ਜੋ ਲਿਖਦਾ ਬੋਲਦਾ ਹਾਂ ਉਹ ਸੱਚ ਹੈ।  ਉਨ੍ਹਾਂ ਨੇ ਕਿਹਾ ਕਿ, ਮੈਂ ਇਸੇ ਤਰ੍ਹਾਂ ਵਿਦੇਸ਼ੀਆਂ ਦੀ ਅਵਾਜ਼ ਬਣਦਾ ਰਹਾਂਗਾ। ਗੁਰੂ ਘਰ ਦੇ ਪ੍ਰਧਾਨ ਭਾਈ ਸ਼ਵਿੰਦਰ ਸਿੰਘ ਸੋਨੀ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰ ਅਤੇ ਲੇਖਕ ਅਵਲੋਨੇ ਜ਼ਾਨੇਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਗੁਰੂ ਘਰ ਵੱਲੋਂ ਉਨ੍ਹਾਂ ਦਾ ਇੱਥੇ ਪਹੁੰਚਣ ‘ਤੇ ਉਨ੍ਹਾਂ ਨੂੰ ਸਨਮਾਣ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਗੁਰੂ ਘਰ ਦੇ ਲੰਗਰ ਦੀ ਸੇਵਾ ਅਲ਼ਫ਼ਾਕੌਮ ਦੇ ਪੰਜਾਬੀ ਕਾਮਿਆਂ ਨੇ ਕੀਤੀ। ਜਿਨ੍ਹਾਂ ਵਿਚ ਰਾਜਿੰਦਰ ਸਿੰਘ, ਕੁਮਾਰ , ਗੁਰਵਿੰਦਰ ਸਿੰਘ ਦੁਸਾਂਝ, ਬਲਜਿੰਦਰ ਸਿੰਘ, ਪਿੰਦੂ, ਜੱਸਾ ਭੰਗੂ, ਹੁਸ਼ਿਆਰ ਸਿੰਘ ਭੰਗੂ, ਬਿੰਦਰ, ਕਾਲਾ, ਬਿੱਲੂ, ਹੁਸਨ ਲਾਲ, ਰੂਪ ਆਦਿ ਸਾਰੇ ਸਮਾਗਮ ਦੀ ਮਾਇਕ ਸੇਵਾ ਵੀ ਕੀਤੀ।