ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਵਲੋਂ ਕਰਵਾਇਆ ਗਿਆ ਵਿਸ਼ਾਲ ਭਗਵਤੀ ਜਾਗਰਣ

jagrnjagrn1jagrn2ਰੋਮ (ਇਟਲੀ) 25 ਅਗਸਤ (ਕੈਂਥ) – ਇਟਲੀ ਵਿੱਚ ਹਰ ਸਾਲ ਮਾਤਾ ਰਾਣੀ ਦੇ ਭਗਤਾਂ ਵੱਲੋਂ ਵਿਸ਼ਾਲ ਜਾਗਰਣ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਕਰਵਾਇਆ ਜਾਂਦਾ ਹੈ। ਇਸ ਵਾਰ ਵੀ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਤੇਰਾਚੀਨਾ ਵਲੋਂ ਚੌਥਾ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਧੂਮ-ਧਾਮ ਨਾਲ ਕਰਵਾਇਆ ਗਿਆ, ਜਿਸ ਵਿੱਚ ਇਟਲੀ ਭਰ ਤੋਂ ਭਗਤਾਂ ਨੇ ਹਾਜ਼ਰੀ ਲਗਵਾਈ। ਸੰਗਤ ਵਲੋਂ ਹਵਨ ਕੀਤਾ ਗਿਆ ਉਪਰੰਤ ਦੁਰਗਾ ਮਾਤਾ ਦਾ ਵਿਸ਼ਾਲ ਦਰਬਾਰ ਸਜਾਇਆ ਗਿਆ, ਜਿਸ ਵਿੱਚ ਇਟਲੀ ਦੀ ਪ੍ਰਸਿੱਧ ਭਜਨ ਮੰਡਲੀ ਹੈਪੀ ਵਿਚੈਂਸਾ ਅਤੇ ਧਰਮਿੰਦਰ ਤੇਰਾਚੀਨਾ ਨੇ ਭਗਵਤੀ ਮਾਂ ਦੀਆਂ ਭੇਟਾਂ ਨਾਲ ਸਾਰੇ ਦਰਬਾਰ ਨੂੰ ਭਗਤੀ ਰਸ ਵਿੱਚ ਝੂਮਣ ਲਾ ਦਿੱਤਾ। ਸਾਰਾ ਦਰਬਾਰ ‘ਜੈ ਮਾਤਾ ਦੀ-‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸਾਰੀ ਰਾਤ ਚੱਲੇ ਇਸ ਵਿਸ਼ਾਲ ਭਗਵਤੀ ਜਾਗਰਣ ਉਪਰੰਤ ਸਵੇਰੇ 5 ਵਜੇ ਮਾਤਾ ਰਾਣੀ ਦੀ ਆਰਤੀ ਉਤਾਰੀ ਗਈ। ਮੰਦਰ ਦੇ ਪੁਜਾਰੀ ਪੰਡਤ ਪੁਨੀਤ ਸ਼ਰਮਾ ਅਤੇ ਸੰਗਤ ਵੱਲੋਂ ਮਹਾਂਮਾਈ ਦੇ ਜਾਗਰਣ ਦੀਆਂ ਸਭ ਰਸਮਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਿਭਾਈਆਂ ਗਈਆਂ। ਸਭ ਸੰਗਤਾਂ ਲਈ ਮਾਂ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ। ਇਸ ਭਗਵਤੀ ਜਾਗਰਣ ਵਿੱਚ ਭਾਰਤੀ ਅੰਬੈਸੀ ਰੋਮ ਦੇ ਉੱਚ ਅਧਿਕਾਰੀਆਂ ਨੇ ਵੀ ਹਾਜ਼ਰੀ ਭਰੀ। ਸਮਾਗਮ ਦੇ ਅਖੀਰ ਵਿੱਚ ਸਭ ਸੇਵਾਦਾਰਾਂ ਦਾ ਮੰਦਰ ਕਮੇਟੀ ਵਲੋਂ ਉਚੇਚੇ ਤੌਰ ‘ਤੇ ਮਾਣ-ਸਨਮਾਨ ਵੀ ਕੀਤਾ ਗਿਆ।