ਸ੍ਰੀ ਸਾਹਿਬ ‘ਤੇ ਸੁਪਰੀਮ ਕੋਰਟ ਵੱਲੋਂ ਪੂਰਨ ਰੋਕ

ਪ੍ਰਵਾਸੀ ਆਪਣੀ ਮਰਜੀ ਨਾਲ ਇਟਲੀ ਵਿਚ ਆਏ ਹਨ – ਸੁਪਰੀਮ ਕੋਰਟ

kirpanਰੋਮ (ਇਟਲੀ) 15 ਮਈ (ਪੰਜਾਬ ਐਕਸਪ੍ਰੈੱਸ) – ਜਿਹੜੇ ਪ੍ਰਵਾਸੀਆਂ ਨੇ ਪੱਛਮੀ ਸਮਾਜ ਨੂੰ ਆਪਣੀ ਰੋਜੀ ਰੋਟੀ ਕਮਾਉਣ ਅਤੇ ਵੱਸਣ ਲਈ ਚੁਣਿਆ ਹੈ, ਉਨ੍ਹਾਂ ਨੂੰ ਉੱਥੇ ਦੇ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਵਿਚਰਣਾ ਚਾਹੀਦਾ ਹੈ, ਤਾਂ ਕਿ ਉਹ ਉਸ ਸਮਾਜ ਨੂੰ ਨਾ ਅਲੱਗ ਸਮਝਣ ਅਤੇ ਖੁਦ ਵੀ ਉਨ੍ਹਾਂ ਤੋਂ ਅਲੱਗ ਨਜ਼ਰ ਨਾ ਆਉਣ ਅਤੇ ਉੱਥੋਂ ਦੇ ਕਾਨੂੰਨ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਹ ਵਿਚਾਰ ਇਟਲੀ ਦੀ ਸੁਪਰੀਮ ਕੋਰਟ ਨੇ ਇਟਲੀ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਲਈ ਪੇਸ਼ ਕੀਤੇ ਹਨ। ਸਿੱਖ ਭਾਈਚਾਰਾ ਜਿਹੜਾ ਕਿ ਆਪਣੇ ਧਰਮ ਦੇ ਪ੍ਰਤੀਰੂਪ ਦੇ ਪੰਜ ਕਕਾਰ ਧਾਰਨ ਕਰਦਾ ਹੈ, ਵਿਚੋਂ ਇਕ ਕਕਾਰ ਸ੍ਰੀ ਸਾਹਿਬ ਬਾਰੇ ਸੁਪਰੀਮ ਕੋਰਟ ਨੇ ਫੈਸਲਾ ਦਿੰਦੇ ਹੋਏ ਕਿਹਾ। ਸੁਪਰੀਮ ਕੋਰਟ ਨੇ ਇਕ ਸਿੱਖ ਜੋ ਕਿ ਧਾਰਮਿਕ ਚਿੰਨ੍ਹ ਕ੍ਰਿਪਾਨ ਪਹਿਨ ਕੇ ਬਾਹਰ ਜਨਤਕ ਸਥਾਨਾਂ ਉੱਤੇ ਜਾਣਾ ਚਾਹੁੰਦਾ ਸੀ, ਉਸਦੀ ਮੰਗ ਨੂੰ ਖਾਰਜ ਕਰਦੇ ਹੋਏ ਕਸੂਰਵਾਰ ਮੰਨਦੇ ਹੋਏ ਫੈਸਲਾ ਸੁਣਾਇਆ ਕਿ, ਇਹ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ, ਵਿਦੇਸ਼ੀ ਨੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਇਹ ਕਾਬਿਲੇ ਬਰਦਾਸ਼ਤ ਨਹੀਂ ਹੈ ਕਿ ਤੁਹਾਡੇ ਧਰਮ ਅਨੁਸਾਰ ਜੇਕਰ ਤੁਹਾਡੇ ਦੇਸ਼ ਵਿਚ ਇਸ ਨੂੰ ਪਹਿਨਣ ਦੀ ਇਜ਼ਾਜਤ ਹੈ, ਪ੍ਰੰਤੂ ਤੁਸੀਂ ਜਿਸ ਦੇਸ਼ ਵਿਚ ਆਪਣੀ ਮਰਜੀ ਨਾਲ ਆਏ ਹੋ, ਉਸ ਦੇਸ਼ ਨੂੰ ਬਿਨਾਂ ਵਜ਼੍ਹਾ ਕਿਸੇ ਖਤਰੇ ਦਾ ਸਾਹਮਣਾ ਕਰਨਾ ਪਵੇ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਸ ਕਾਰਨ ਸੁਪਰੀਮ ਕੋਰਟ ਨੇ ਇਟਲੀ ਵਿਚ ਸ੍ਰੀ ਸਾਹਿਬ ਪਹਿਨਣ ‘ਤੇ ਪੂਰਨ ਰੋਕ ਲਗਾ ਦਿੱਤੀ।
ਸੁਪਰੀਮ ਕੋਰਟ ਦੇ ਫੈਸਲੇ ਦਾ ਜੇ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸਹਿਜੇ ਸਮਝ ਆਵੇਗਾ ਕਿ ਸਰਕਾਰੀ ਧਿਰ ਦੇ ਵਕੀਲ ਨੇ ਬੀਤੇ ਸਮੇਂ ਦੌਰਾਨ ਇਟਲੀ ਵਿਚ ਵੱਖ ਵੱਖ ਥਾਵਾਂ ‘ਤੇ ਸਿੱਖਾਂ ਵੱਲੋਂ ਹੋਈਆਂ ਆਪਸੀ ਝੜਪਾਂ ਅਤੇ ਵੱਡੇ ਪੱਧਰ ‘ਤੇ ਜਬਤ ਕੀਤੀਆਂ ਸ੍ਰੀ ਸਾਹਿਬ ਨੂੰ ਅਧਾਰ ਬਣਾਇਆ ਗਿਆ ਹੈ, ਕਿਉਂਕਿ ਕਿਸੇ ਵੀ ਦੇਸ਼ ਦੀ ਸਰਕਾਰ ਦੇਸ਼ ਵਿਚ ਸਮੂਹ ਧਰਮਾਂ ਦਾ ਸਤਿਕਾਰ ਤਾਂ ਕਰ ਸਕਦੀ ਹੈ, ਪਰ ਧਰਮ ਨੂੰ ਅਧਾਰ ਬਣਾ ਕੇ ਆਪਸੀ ਦੰਗੇ ਕਰ ਦੇਸ਼ ਵਿਚ ਅਰਾਜਕਤਾ ਫੈਲਾਉਣ ਦੀ ਇਜਾਜਤ ਨਹੀਂ ਦਿੰਦੀ।
ਸੁਪਰੀਮ ਕੋਰਟ ਨੇ ਉਪਰੋਕਤ ਫੈਸਲਾ 6 ਮਾਰਚ 2013 ਵਿਚ ਇਟਲੀ ਦੇ ਸ਼ਹਿਰ ਮਾਨਤੋਵਾ ਵੱਸਦੇ ਸਿੱਖ ਨੌਜਵਾਨ, ਜਿਸਨੇ ਲਗਭਗ 20 ਸੈਂਟੀਮੀਟਰ ਦੀ ਸ੍ਰੀ ਸਾਹਿਬ ਜਨਤਕ ਸਥਾਨ ਉੱਤੇ ਪਹਿਨੀ ਹੋਈ ਸੀ, ਪ੍ਰਤੀ ਸੁਣਾਇਆ। ਸੁਪਰੀਮ ਕੋਰਟ ਦਾ ਫੈਸਲਾ ਦੇਣ ਤੋਂ ਪਹਿਲਾਂ ਉਸ ਮੌਕੇ ਸਿੱਖ ਨੌਜਵਾਨ ਵੱਲੋਂ ਅਦਾਲਤ ਨੂੰ ਅਪੀਲ ਕੀਤੀ ਗਈ ਸੀ ਕਿ ਉਸ ਵੱਲੋਂ ਪਹਿਨੀ ਹੋਈ ਸਰੀ ਸਾਹਿਬ ਉਸਦਾ ਧਾਰਮਿਕ ਚਿੰਨ੍ਹ ਹੈ ਅਤੇ ਉਹ ਆਪਣੀ ਇਸ ਗਲਤੀ ਨੂੰ ਮੰਨਦਾ ਹੈ ਕਿ ਉਸਨੇ ਇਟਾਲੀਅਨ ਕਾਨੂੰਨ ਦੀ ਉਲੰਘਣਾ ਕੀਤੀ। ਉਸਨੇ ਅਪੀਲ ਕੀਤੀ ਕਿ ਮੇਰਾ ਜੁਰਮਾਨਾ ਖਤਮ ਕੀਤਾ ਜਾਵੇ ਅਤੇ ਮੈਨੂੰ ਅੱਗੇ ਅਪੀਲ ਕਰਨ ‘ਤੇ ਰੋਕ ਨਾ ਲਗਾਈ ਜਾਵੇ, ਮੈਂ ਆਪਣੀ ਗਲਤੀ ਮੰਨਦਿਆਂ ਸ੍ਰੀ ਸਾਹਿਬ ਧਾਰਨ ਨਹੀਂ ਕਰਾਂਗਾ।

ਇਸ ਸਬੰਧੀ ਵਧੇਰੀ ਜਾਣਕਾਰੀ ਜਲਦ ਪ੍ਰਕਾਸ਼ਿਤ ਕੀਤੀ ਜਾਵੇਗੀ।