ਸੰਗਤਾਂ ਵੱਲੋਂ ਗੁਰੂ ਦੇ ਜੈਕਾਰਿਆਂ ਦੀ ਗੂੰਜ ਵਿੱਚ ਗੁਰਦੁਆਰਾ ਸਾਹਿਬ ਵਿਖੇ ਕੀਤਾ ਨਵੇਂ ਸਾਲ ਦੀ ਆਮਦ ਦਾ ਸਵਾਗਤ

newyਰੋਮ (ਇਟਲੀ) 4 ਜਨਵਰੀ (ਕੈਥ) – ਇਟਲੀ ਦੇ ਵਿਚੈਂਸਾ ਜ਼ਿਲ੍ਹੇ ਅੰਦਰ ਪੈਂਦੇ ਸ਼ਹਿਰ ਮੌਨਤੇਕੀਓ ਵਿਖੇ ਸਥਿਤ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਸਾਲ 2017 ਨੂੰ ਅਲਵਿਦਾ ਕਹਿਣ ਅਤੇ ਨਵੇਂ ਸਾਲ 2018 ਦੀ ਆਮਦ ਦਾ ਸਵਾਗਤ ਕਰਨ ਲਈ ਵਿਸ਼ੇਸ਼ ਦੀਵਾਨ ਸਜਾਏ ਗਏ। ਜਿਸ ਵਿੱਚ ਦੇਰ ਰਾਤ ਤੱਕ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਸਾਹਿਬਾਨ ਵੱਲੋਂ ਸਤਿਗੁਰਾਂ ਦੀ ਅੰਮ੍ਰਿਤਬਾਣੀ ਦੇ ਜਾਪ ਕੀਤੇ ਗਏ। ਉਪਰੰਤ ਆਪਣੀਆਂ ਧਾਰਮਿਕ ਰਚਨਾਵਾਂ ਦੁਆਰਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਨਵੇਂ ਸਾਲ ਦੀ ਆਮਦ ਮੌਕੇ ਇਸ ਸਮਾਗਮ ਵਿੱਚ ਪਹੁੰਚੀ ਸੰਗਤ ਨੇ ਸਤਿਗੁਰੂ ਦੇ ਜੈਕਾਰਿਆ ਅਤੇ ਆਤਿਸ਼ਬਾਜੀ ਦੀ ਗੂੰਜ ਵਿੱਚ ਸਾਲ 2018 ਦਾ ਨਿੱਘਾ ਸਵਾਗਤ ਕੀਤਾ।
ਇਸ ਸਮਾਗਮ ਮੌਕੇ ਬਰੈਨਦੇਲੋ ਵਾਲੀਆਂ ਬੀਬੀਆਂ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜਿਆ ਅਤੇ ਗੁਰੂ ਜੀ ਦੀ ਅੰਮ੍ਰਿਤਬਾਣੀ ਤੋਂ ਸੇਧ ਲੈਕੇ ਨਵੇਂ ਸਾਲ 2018 ਨੂੰ ਅਤਿ ਸੁਖਦਾਇਕ ਬਨਾਉਣ ਲਈ ਸਤਿਗੁਰਾਂ ਦੇ ਦਿੱਤੇ ਉਪਦੇਸ਼ ‘ਤੇ ਅਮਲ ਕਰਨ ‘ਤੇ ਜੋæਰ ਦਿੱਤਾ। ਬੀਬੀਆਂ ਦੇ ਜਥੇ ਨੇ ਸੰਗਤਾਂ ਨੂੰ ਨਵੇਂ ਸਾਲ ਦੀ ਆਮਦ ਦੀ ਵਧਾਈ ਦਿੰਦਿਆਂ ਗੁਰੂ ਦੀ ਬਾਣੀ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਨਵੇਂ ਸਾਲ ਦੀ ਆਮਦ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਵੀਰ ਬੱਬੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਨੇ ਗੁਰਦੁਆਰਾ ਸਾਹਿਬ ਪਹੁੰਚੀ ਸੰਗਤ ਨੂੰ ਨਵੇਂ ਸਾਲ 2018 ਦੀ ਆਮਦ ਉੱਤੇ ਵਧਾਈ ਦਿੰਦਿਆਂ ਕਿਹਾ ਕਿ, ਸਮੁੱਚੀਆਂ ਸੰਗਤਾਂ ਨੂੰ ਨਵੇਂ ਸਾਲ ਦੇ ਆਪਣੇ ਸਾਰੇ ਕਾਰਜ ਗੁਰੂ ਜੀ ਦੀ ਬਾਣੀ ਤੋਂ ਸੇਧ ਲੈ ਕਰਨੇ ਚਾਹੀਦੇ ਹਨ। ਉਨ੍ਹਾਂ ਸੰਗਤਾਂ ਦਾ ਨਵੇਂ ਸਾਲ ਦੀ ਆਮਦ ਮੌਕੇ ਅੱਤ ਦੀ ਠੰਡ ਵਿੱਚ ਗੁਰਦੁਆਰਾ ਸਾਹਿਬ ਹਾਜ਼ਰੀ ਭਰਨ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੀ ਰਾਣਾ ਰਾਮ ਕਟਾਰੀਆ, ਹੇਮ ਰਾਜ ਬੰਗੜ, ਬੋਧ ਰਾਜ ਝੱਲੀ, ਗੁਰਮੀਤ ਸਿੰਘ, ਹੁਸਨ ਲਾਲ, ਪਰਮਜੀਤ ਤੇਜੇ ਤੇ ਅਜਮੇਰ ਦਾਸ ਕਲੇਰ ਆਦਿ ਨੇ ਹਾਜ਼ਰ ਸੰਗਤਾਂ ਨਾਲ ਨਵੇਂ ਸਾਲ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆ ਅਤੇ ਸਭ ਨੂੰ ਨਵੇਂ ਸਾਲ ਲਈ ਸੁਭ ਇਛਾਵਾਂ ਭੇਂਟ ਕੀਤੀਆਂ। ਸਮਾਗਮ ਮੌਕੇ ਸਟੇਜ ਸਕੱਤਰ ਦੀ ਸੇਵਾ ਕਰ ਰਹੇ ਕੁਲਜਿੰਦਰ ਬਬਲੂ ਨੇ ਵੀ ਸਭ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਗੁਰਬਾਣੀ ਨਾਲ ਜੁੜੇ ਰਹਿਣ ਅਤੇ ਉਸ ਉੱਪਰ ਚੱਲ ਕੇ ਜੀਵਨ ਸਫਲਾ ਕਰਨ ਦੀ ਗੱਲ ਕੀਤੀ।