ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਮਨਾਇਆ ਗਿਆ ਸਾਲਾਨਾ ਤੀਆਂ ਦਾ ਮੇਲਾ

teejਸੈਕਰਾਮੈਂਟੋ, ਕੈਲੀਫੋਰਨੀਆ, 18 ਅਗਸਤ (ਹੁਸਨ ਲੜੋਆ ਬੰਗਾ) – ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ਵਿਖੇ ਮਨਾਇਆ ਗਿਆ। ਇਸ ਦੌਰਾਨ ਹਜ਼ਾਰਾਂ ਔਰਤਾਂ ਦੀ ਸ਼ਮੂਲੀਅਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਪੰਜਾਬ ਵਾਂਗ ਦਰੱਖਤਾਂ ਦੀ ਛਾਂ ਹੇਠ ਮਨਾਈਆਂ ਗਈਆਂ ਇਨਾਂ ਤੀਆਂ ਵਿਚ ਨਿੱਕੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਨੇ 6 ਘੰਟੇ ਚੱਲੇ ਇਸ ਮੇਲੇ ਵਿਚ ਸਟੇਜ ਤੋਂ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਵਾਰ ਸਟੇਜ ਨੂੰ ਖਾਸ ਤੌਰ ‘ਤੇ ਸਜਾਇਆ ਗਿਆ ਸੀ। ‘ਤੀਆਂ ਤੀਜ ਦੀਆਂ’ ਦੇ ਨਾਂ ਹੇਠ ਹੋਏ ਇਸ ਮੇਲੇ ਵਿਚ ਸਭ ਤੋਂ ਪਹਿਲਾਂ ਸਿੱਠਣੀਆਂ, ਸੁਹਾਗ, ਬੋਲੀਆਂ, ਘੋੜੀਆਂ ਅਤੇ ਟੱਪੇ ਗਾਏ ਗਏ। ਉਪਰੰਤ ਇਨਾਂ ਤੀਆਂ ਦੀਆਂ ਪਰਬੰਧਕਾਂ ਪਿੰਕੀ ਰੰਧਾਵਾ ਅਤੇ ਪਰਨੀਤ ਗਿੱਲ ਨੇ ਆਏ ਹੋਏ ਦਰਸ਼ਕਾਂ ਦਾ ਸਵਾਗਤ ਕੀਤਾ। ਸਟੇਜ ਦੀ ਮੱਲਿਕਾ ਆਸ਼ਾ ਸ਼ਰਮਾ ਨੇ 6 ਘੰਟੇ ਲਗਾਤਾਰ ਸਟੇਜ ਦਾ ਬਾਖੂਬੀ ਸੰਚਾਲਨ ਕੀਤਾ। ਉਨ੍ਹਾਂ ਨੇ ਹਰ ਕਲਾਕਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦਰਸ਼ਕਾਂ ਸਾਹਮਣੇ ਰੂ-ਬ-ਰੂ ਕੀਤਾ। ਪਰਨੀਤ ਸਿੱਧੂ, ਗੂੰਜਨ, ਸਿਮਰਨ ਸੰਘੇੜਾ, ਗਗਨ ਭੱਠਲ, ਅਵਨੀਤ ਚੀਮਾ ਦੀ ਕੋਚਿੰਗ ਹੇਠ ਵੱਖ-ਵੱਖ ਟੀਮਾਂ ਨੇ ਆਪਣੀ ਪੇਸ਼ਕਾਰੀ ਕੀਤੀ।
ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਉਸ ਨੂੰ ਸਨਮਾਨ ਚਿੰਨ ਅਤੇ ਫੁਲਕਾਰੀ ਭੇਂਟ ਕੀਤੀ ਗਈ। ਪੂਨਮ ਮਲਹੋਤਰਾ, ਟਿੰਮੀ ਤੱਖਰ, ਮਨਿੰਦਰ ਸੰਧੂ ਅਤੇ ਡਾ: ਦਲਜੀਤ ਸੇਖੋਂ ਨੇ ਪੰਜਾਬੀ ਸੱਵਭਆਚਾਰਕ ਗੀਤ ਸੁਣਾ ਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ। ਇਸ ਮੇਲੇ ਵਿਚ ਖਾਣ-ਪੀਣ ਤੋਂ ਇਲਾਵਾ ਕੱਪੜੇ, ਗਹਿਣੇ, ਮਹਿੰਦੀ, ਦੇਸੀ ਜੁੱਤੀਆਂ ਆਦਿ ਦੇ ਸਟਾਲ ਲਗਾਏ ਗਏ ਸਨ। ਕੈਲੀਫੋਰਨੀਆ ਦੇ ਕਮਿਸ਼ਨਰ ਸਵ: ਸ਼੍ਰੀ ਲਾਹੌਰੀ ਰਾਮ ਦੀ ਪਤਨੀ ਪਰੀਤੋ ਰਾਮ, ਤੀਆਂ ਦੇ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਮੇਲੇ ਵਿਚ ਐਲਕ ਗਰੋਵ ਦੇ ਮੇਅਰ ਸਟੀਵ ਲੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਦੀ ਤਾਰੀਫ ਕੀਤੀ।
ਇਸ ਤੋਂ ਇਲਾਵਾ ਸਾਬਕਾ ਸਟੇਟ ਸੈਨੇਟਰ ਰੋਜਰ ਡਿਕਨਸਨ ਅਤੇ ਡੇਵਿਸ ਤੋਂ ਨਕੋਲ ਵਿਸ਼ੇਸ਼ ਤੌਰ ‘ਤੇ ਪਧਾਰੇ ਅਤੇ ਪਰਬੰਧਕਾਂ ਨੂੰ ਇਸ ਕਾਮਯਾਬ ਮੇਲੇ ਲਈ ਵਧਾਈ ਦਿੱਤੀ। ਇਸ ਮੇਲੇ ਨੂੰ ਕਾਮਯਾਬ ਕਰਨ ਲਈ ਪਿੰਕੀ ਰੰਧਾਵਾ ਅਤੇ ਪਰਨੀਤ ਗਿੱਲ ਨੂੰ ਪਰਮਜੀਤ ਬਾਜਵਾ, ਪਰੀਤ ਝਾਵਰ, ਸੰਦੀਪ ਨਿੱਜਰ, ਕਿਸਮਤ ਸੰਘੇੜਾ, ਕੰਤੀ ਰੰਧਾਵਾ, ਕਿਰਨ ਬਾਜਵਾ, ਅਮਰਜੀਤ ਚਿੱਟੀ, ਅਮਰਬੀਰ ਕੌਰ ਨੇ ਸਹਿਯੋਗ ਦਿੱਤਾ।