ਖੂਬ ਛਣਕੀ ‘ਝਾਂਜਰ ਦੀ ਛਣਕਾਰ’

jhanjarਕੈਲੇਫੋਰਨੀਆਂ, 8 ਅਕਤੂਬਰ (ਹੁਸਨ ਲੜੋਆ ਬੰਗਾ) – ਲੰਘੇ ਐਤਵਾਰ ਨੂੰ ਇੰਡੀਅਨ ਕਮਿਊਨਿਟੀ ਸੈਂਟਰ ਵਿਖੇ ਸੈਨਹੋਜ਼ੇ ਪੰਜਾਬੀ ਹੈਰੀਟੇਜ ਕਲੱਬ ਵੱਲੋਂ ਆਪਣਾ ਪਲੇਠਾ ਪ੍ਰੋਗਰਾਮ ‘ਝਾਂਜਰ ਦੀ ਛਣਕਾਰ’ ਗੁਰਮੀਤ ਕੌਰ ਛੀਨਾ ਦੀ ਅਗਵਾਈ ਹੇਠ ਪੰਜਾਬ ਰੇਡੀਓ ਯੂਐਸਏ, ਰੇਡੀਓ ਪੰਜਾਬ, ਚੜ੍ਹਦੀ ਕਲਾ ਰੇਡੀਓ, ਪੰਜਾਬ ਲੋਕ ਰੰਗ ਅਤੇ ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਿਰਫ ਬੀਬੀਆਂ ਦੇ ਮੰਨੋਰੰਜਨ ਲਈ ਕਰਵਾਏ ਇਸ ਪ੍ਰੋਗਰਾਮ ਵਿਚ ਭਾਰੀ ਗਿਣਤੀ ਵਿਚ ਮੁਟਿਆਰਾਂ ਅਤੇ ਔਰਤਾਂ ਨੇ ਹਿੱਸਾ ਲਿਆ ਅਤੇ ਨਿੱਕੇ ਨਿੱਕੇ ਬੱਚਿਆਂ ਦਾ ਗਿੱਧਾ ਭੰਗੜਾ ਤੇ ਗੀਤ ਸੰਗੀਤ ਦਾ ਆਪਣਾ ਹੀ ਰੰਗ ਸੀ। ਤੀਆਂ ਦੀ ਤਰਜ਼ ਤੋਂ ਬਿਲਕੁਲ ਹਟਵੇਂ ਢੰਗ ਨਾਲ ਕਰਵਾਏ ਗਏ ਇਸ ਸਫਲ ਪ੍ਰੋਗਰਾਮ ਵਿਚ ਅਨੇਕਾਂ ਕਿਸਮ ਦੀਆਂ ਸੰਗੀਤਕ ਵੰਨ੍ਹਗੀਆਂ ਅਤੇ ਸਕਿੱਟਾਂ ਅਤੇ ਕੋਰੀਓਗ੍ਰਾਫੀ ਦਾ ਵੱਖਰਾ ਹੀ ਮੰਚ ਸਿਰਜਿਆ ਗਿਆ।
ਇਸ ਪ੍ਰੋਗਰਾਮ ਬਾਰੇ ਬੋਲਦਿਆਂ ਗੁਰਮੀਤ ਕੌਰ ਛੀਨਾ ਨੇ ਕਿਹਾ ਕਿ, ਉਸ ਨੇ ਸਾਰੀ ਉਮਰ ਪੰਜਾਬ ਦੇ ਲੋਕ ਰੰਗ ਅਤੇ ਸਿਹਤਮੰਦ ਸੱਭਿਆਚਾਰ ਨੂੰ ਬਚਾਉਣ ਲਈ ਯਤਨ ਕੀਤੇ ਹਨ ਅਤੇ ਔਰਤਾਂ ਨੂੰ ਹਮੇਸ਼ਾ ਹੀ ਇਕ ਵੱਖਰੀ ਸਿਹਤਮੰਦ ਮਨੋਰੰਜਨ ਦਿੱਤਾ ਹੈ ਤੇ ਉਹ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਵਚਨਬਧ ਹੋਣਗੇ। ਅਜੇ ਭੰਗੜਾ ਅਕੈਡਮੀ ਸੈਨਹੋਜ਼ੇ ਦੇ ਬੱਚਿਆਂ ਨੇ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਵਿਚ ਅਸਲੋਂ ਹੀ ਕਮਾਲ ਕਰ ਵਿਖਾਈ। ਜਸਜੀਤ ਕੌਰ ਤੇ ਜਸਪ੍ਰੀਤ, ਜੱਸੀ ਸਰਾਂ ਵਲੋਂ ਮੈਲੋਡੀ ਡਾਂਸ ਕਮਾਲ ਸੀ ਤੇ ਬਾਬਿਆਂ ਦੇ ਕਿਰਦਾਰ ਤੇ ਵਿਅੰਗ ਕਰਦਾ ਸੋਨੀਆ ਚੇੜਾ ਦਾ ਗੀਤ ਵੀ ਖੂਬ ਪਸੰਦ ਕੀਤਾ ਗਿਆ। ਜੱਸੀ ਸੱਗੀ ਵਲੋਂ ਸਟੇਜ ਅਤੇ ਸਮੁੱਚੇ ਪ੍ਰੋਗਰਾਮ ਦੀ ਪੇਸ਼ਕਾਰੀ ਦਾ ਪ੍ਰਬੰਧ ਇਸ ਪ੍ਰੋਗਰਾਮ ਨੂੰ ਨਿਵੇਕਲੀ ਦਿੱਖ ਪ੍ਰਦਾਨ ਕਰਨ ਵਿਚ ਸਫਲ ਹੋਇਆ। ਸੁਖਨਿੰਦਰ ਭੰਗਲ, ਬੌਬੀ ਹੋਠੀ, ਜਸਿਵੰਦਰ ਲਖਵੀਰ ਦਾ ਡਾਂਸ, ਜਸਵਿੰਦਰ ਧਨੋਆ ਅਤੇ ਕੁਲਵੰਤ ਕੌਰ ਚਾਹਲ ਵਲੋਂ ਸੱਭਿਆਚਾਰਕ ਗੀਤਾਂ ਤੇ ਕੋਰੀਓਗ੍ਰਾਫੀ ਇਸ ਪ੍ਰੋਗਰਾਮ ਦੇ ਜਿੰਦ ਜਾਨ ਬਣੇ। ਅਰਚਨਾ ਚੁੱਘ ਅਤੇ ਗੁਰਜੀਤ ਕੌਰ ਨੇ ਵੱਖਰੇ ਹੀ ਅੰਦਾਜ਼ ਵਿਚ ਇਸ ਮੇਲੇ ਨੂੰ ਸੰਗੀਤਕ ਪਾਣ ਦਿੱਤੀ।
ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕੁਲਵੰਤ ਕੌਰ ਸੰਘੇੜਾ, ਜਸਵਿੰਦਰ ਧਨੋਆ, ਕਸ਼ਮੀਰ ਕੌਰ ਭੌਰਾ ਸ਼ਾਮਿਲ ਹੋਈਆਂ। ਜਦਕਿ ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਨੇ ਪ੍ਰੋਗਰਾਮ ਦਾ ਸਮੁੱਚਾ ਸੰਚਾਲਨ ਬਾਖੂਬੀ ਨਿਭਾਇਆ। ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਸਮੂਹ ਕਲਾਕਾਰਾਂ ਨੂੰ ਬਹੁਤ ਹੀ ਆਲਾ ਦਰਜੇ ਦੇ ਤੋਹਫੇ ਸਨਮਾਨ ਵਿਚ ਪ੍ਰਦਾਨ ਕੀਤੇ ਗਏ। ਸਾਰਿਆਂ ਦਾ ਧੰਨਵਾਦ ਕਰਦਿਆਂ ਬੀਬੀ ਗੁਰਮੀਤ ਕੌਰ ਛੀਨਾ ਨੇ ਕਿਹਾ ਕਿ, ਅਜਿਹਾ ਸਫਲ ਪ੍ਰੋਗਰਾਮ ਕੈਲੇਫੋਰਨੀਆਂ ਵਿਚ ਸ਼ਾਇਦ ਪਹਿਲੀ ਵਾਰ ਹੋਇਆ ਹੋਵੇ ਜਿਸ ਵਿਚ ਬੀਬੀਆਂ ਨੇ ਆਪਣੇ ਚਾਵਾਂ ਨੂੰ ਖੁੱਲ੍ਹ ਕੇ ਪ੍ਰਦਰਸ਼ਿਤ ਕੀਤਾ ਹੋਵੇ। ਆਉਣ ਵਾਲੇ ਸਮੇਂ ਵਿਚ ਉਹ ਨਿਵੇਕਲੀ ਕਿਸਮ ਦੇ ਅਜਿਹੇ ਪ੍ਰੋਗਰਾਮ ਜਲਦੀ ਅਯੋਜਿਤ ਕਰਨ ਲਈ ਵਾਅਦਾ ਕਰਦੀ ਹੈ। ਕਹਿ ਸਕਦੇ ਹਾਂ ਕਿ ‘ਝਾਂਜਰ ਦੀ ਛਣਕਾਰ’ ਦੇ ਨਾਂ ਹੇਠ ਕਰਵਾਇਆ ਗਿਆ ਇਹ ਪ੍ਰੋਗਰਾਮ ਗੀਤ ਸੰਗੀਤ, ਗਿੱਧੇ ਭੰਗੜੇ ਅਤੇ ਕੋਰੀਓਗ੍ਰਾਫੀ ਨਾਲ ਖੂਬ ਛਣਕਦਾ ਰਿਹਾ।