ਤੀਆਂ ਦੇ ਮੇਲੇ ‘ਚ ਪੰਜਾਬਣਾਂ ਨੇ ਗਿੱਧੇ ਭੰਗੜੇ ਨਾਲ ਖੂਬ ਰੰਗ ਬੰਨ੍ਹਿਆ

teej-italyਮਿਲਾਨ (ਇਟਲੀ) 18 ਅਗਸਤ (ਸਾਬੀ ਚੀਨੀਆਂ) – ਲੀਦੋ ਦੀ ਪਿੰਨੀ ਵਿਖੇ ਕਰਵਾਏ ਤੀਆਂ ਦੇ ਮੇਲੇ ‘ਚ ਪੰਜਾਬੀ ਮੁਟਿਆਰਾਂ ਨੇ ਗਿੱਧੇ ਭੰਗੜੇ ਨਾਲ ਖੂਬ ਰੰਗ ਬੰਨਦਿਆਂ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਸਾਉਣ ਮਹੀਨੇ ਨਾਲ ਜੁੜੀਆਂ ਯਾਦਾਂ ਨੂੰ ਤਾਜਾ ਕਰਨ ਤੇ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਸਾਂਭਣ ਲਈ ਪੰਜਾਬ ਦੀਆਂ ਧੀਆਂ ਵੱਲੋਂ ਵੱਡਮੁਲੱਾ ਯੋਗਦਾਨ ਪਾਉਂਦਿਆਂ ਸੱਭਿਆਚਾਰ ਦੇ ਰੰਗ ‘ਚ ਰੰਗੇ ਪ੍ਰੋਗਰਾਮ ਨੂੰ ਹਰ ਪੱਖ ਤੋਂ ਕਾਮਯਾਬ ਬਣਾਇਆ ਗਿਆ। ਤੀਆਂ ਦੇ ਮੇਲੇ ਨੂੰ ਕਰਵਾਉਣ ਲਈ ਨੌਜਵਾਨ ਸਭਾ ਲੀਦੋ ਦੀ ਪਿੰਨੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਸਲਾਨਾ ਪ੍ਰੋਗਰਾਮ ‘ਚ ਬੱਚਿਆਂ ਦੁਆਰਾ ਵੱਖ ਵੱਖ ਗੀਤਾਂ ਤੇ ਅਦਾਕਾਰੀ ਕਰਦਿਆਂ ਚੰਗੀ ਸ਼ੁਰੂਆਤ ਕੀਤੀ ਗਈ। ਉਪਰੰਤ ਪੰਜਾਬੀ ਮੁਟਿਆਰਾਂ ਵੱਲੋਂ ਢੌਲ ਦੀ ਤਾਲ ‘ਤੇ ਗਿੱਧੇ ਭੰਗੜੇ ਪਾਉਂਦਿਆ ਮਾਹੌਲ ਨੂੰ ਪੂਰੇ ਪੰਜਾਬੀ ਰੰਗ ‘ਚ ਰੰਗਦਿਆਂ ਸਿਖਰ ਤਾਈਂ ਪਹੁੰਚਾਇਆ ਗਿਆ। ਧੀਆਂ ਧਿਆਣੀਆਂ ਵੱਲੋਂ ਵਿਦੇਸ਼ੀ ਧਰਤੀ ‘ਤੇ ਪੰਜਾਬੀ ਰੰਗ ‘ਚ ਰੰਗੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਗਿਆ।
ਪ੍ਰੋਗਰਾਮ ਦੀ ਸਮਾਪਤੀ ਮੌਕੇ ਉੱਘੇ ਖੇਡ ਪ੍ਰਮੋਟਰ ਪ੍ਰਮਿੰਦਰ ਸਿੰਘ ਨਿਰਵੈਲ, ਰਾਜਵਿੰਦਰ ਸਿੰਘ ਰਾਜਾ, ਜਰਨੈਲ ਸਿੰਘ, ਗੁਰਪਿੰਦਰ ਸਿੰਘ, ਸੁੱਖਾ ਵੜੈਚ, ਨਵੀ ਖੇਲਾ, ਭੁਪਿੰਦਰ ਸਿੰਘ ਭੰਡਾਲ, ਹਰਵਿੰਦਰ ਗਿੱਲ ਤੇ ਸੇਵਾ ਰਾਮ ਵੀ ਮੌਜੂਦ ਸਨ, ਜਿਨ੍ਹਾਂ ਦੀ ਕੋਸ਼ਿਸ਼ ਸਦਕੇ ਮੇਲਾ ਨੇਪਰੇ ਚੜ੍ਹਿਆ।