ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੇ ਰਿਲੀਜ਼ ਹੋਣ ਤੋਂ ਰੋਕਣ ਲਈ ਵਿਦੇਸ਼ੀ ਸਿੱਖ ਜਥੇਬੰਦੀਆਂ ਇਕਜੁੱਟ

filmਨਿਊਯਾਰਕ, 16 ਅਪ੍ਰੈਲ (ਹੁਸਨ ਲੜੋਆ ਬੰਗਾ)-ਸਿੱਖ ਕੁਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, 117 ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਨੇ ਇਕ ਸਾਂਝੀ ਟੈਲੀ ਕਾਨਫਰੰਸ ਮੀਟਿੰਗ ਵਿਚ ਵਿਵਾਦਤ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦਾ ਸਖ਼ਤ ਵਿਰੋਧ ਜਤਾਇਆ ਹੈ, ਤੇ ਉਕਤ ਫ਼ਿਲਮ ਨੂੰ ਰਿਲੀਜ਼ ਕਰਨ ‘ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ | ਮੀਟਿੰਗ ਵਿਚ ਕਿਹਾ ਗਿਆ ਕਿ ਜੇ ਫ਼ਿਲਮ ਰਿਲੀਜ਼ ਹੋਈ ਤਾਂ ਸਿੱਖ ਕੌਮ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ, ਜਿਸ ਦੇ ਸਿੱਟੇ ਵਜੋਂ ਨਿਕਲਣ ਵਾਲੇ ਸੰਭਾਵੀ ਭੈੜੇ ਨਤੀਜਿਆਂ ਅਤੇ ਅਣਸੁਖਾਵੇਂ ਮਾਹੌਲ ਲਈ ਫ਼ਿਲਮ ਦੇ ਨਿਰਦੇਸ਼ਕ ਤੋਂ ਇਲਾਵਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ | ਇਹ ਬਿਆਨ ਜਾਰੀ ਕਰਦਿਆਂ ਸਿੱਖ ਕੁਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ. ਐਸ. ਏ.) ਦੇ ਕੁਆਰਡੀਨੇਟਰ ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ, ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਇਸ ਫ਼ਿਲਮ ਪ੍ਰਤੀ ਅਸੀਂ ਪਹਿਲਾਂ ਵੀ ਸਖ਼ਤ ਇਤਰਾਜ਼ ਜਤਾ ਚੁੱਕੇ ਹਾਂ ਕਿ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕਿਰਦਾਰ ਕਿਸੇ ਵੀ ਮਨੁੱਖ ਵਲੋਂ ਨਿਭਾਇਆ ਜਾਣਾ ਸਿੱਖੀ ਸਿਧਾਂਤਾਂ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਫ਼ਿਲਮ ਰਿਲੀਜ਼ ਕਰਨ ਲਈ ਨਿਸ਼ਚਿਤ ਤਰੀਕ ਦਾ ਐਲਾਨ ਕਰਕੇ ਨਿਰਦੇਸ਼ਕ ਨੇ ਬਲਦੀ ‘ਤੇ ਤੇਲ ਪਾ ਦਿੱਤਾ | ਉਸ ਵਲੋਂ ਪੰਜਾਬ ਅਤੇ ਦੇਸ਼-ਵਿਦੇਸ਼ ਵਿਚ ਵਿਰੋਧ ਕਰ ਰਹੀ ਸਿੱਖ ਕੌਮ ਨੂੰ ਚੁਣੌਤੀ ਦਿੰਦਿਆਂ ਟਕਰਾਅ ਦੀ ਸਥਿਤੀ ਪੈਦਾ ਕਰ ਦਿੱਤੀ ਹੈ | ਕੇਂਦਰੀ ਫ਼ਿਲਮ ਸੈਂਸਰ ਬੋਰਡ ਨੂੰ ਵੀ ਉਕਤ ਵਿਵਾਦਿਤ ਫ਼ਿਲਮ ਲਈ ਜਾਰੀ ਸਰਟੀਫਿਕੇਟ ਰੱਦ ਕਰਨ ਅਤੇ ਦੇਸ਼-ਵਿਦੇਸ਼ਾਂ ਵਿਚ ਫ਼ਿਲਮ ਦੀ ਰਿਲੀਜ਼ ‘ਤੇ ਤੁਰੰਤ ਪਾਬੰਦੀ ਲਾਉਣ ਲਈ ਕਾਰਵਾਈ ਕਰਨ ਲਈ ਕਿਹਾ ਹੈ | ਉਨ੍ਹਾਂ ਕਿਹਾ ਕਿ ਇਹ ਆਰ. ਐਸ. ਐਸ. ਦੀ ਸੋਚੀ-ਸਮਝੀ ਸਾਜਿਸ਼ ਹੈ, ਜਿਸ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਫ਼ਿਲਮ ਸ਼ੁਰੂ ਹੋਣ ਸਮੇਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਰਿੰਦਰ ਸਿੱਕਾ ਨੇ ਡੇਰਾ ਸਿਰਸੇ ਵਾਲੀ ਹੀ ਗਲਤੀ ਕੀਤੀ ਹੈ, ਜੋ ਬਰਦਾਸ਼ਤ ਕਰਨ ਵਾਲੀ ਨਹੀਂ | ਉਨ੍ਹਾਂ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੂੰ ਇਹ ਰੋਲ ਸੁਚੇਤ ਹੋ ਕੇ ਨਿਭਾਉਣਾ ਚਾਹੀਦਾ ਹੈ | ਇਹ ਫ਼ਿਲਮ ਕਿਸੇ ਵੀ ਸਿਨੇਮਾ ਘਰ ਵਿਚ ਨਾ ਲੱਗਣ ਦਿੱਤੀ ਜਾਵੇ | ਆਗੂਆਂ ਨੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਇਹ ਫ਼ਿਲਮ ਭਾਰਤ ਵਿਚ ਜਾਂ ਕਿਤੇ ਹੋਰ ਵੀ ਸਿਨੇਮਾ ਘਰਾਂ ਵਿਚ ਨਾ ਲਾਉਣ | ਇਸ ਨਾਲ ਸਿੱਖਾਂ ਦਾ ਸਿਨੇਮਾ ਘਰਾਂ ਵਿਰੁੱਧ ਰੋਸ ਭੜਕ ਸਕਦਾ ਹੈ | ਆਗੂਆਂ ਨੇ ਕਿਹਾ ਕਿ ਅਸੀਂ ਹਰਿੰਦਰ ਸਿੱਕਾ ਨੂੰ ਇਸ ਬਜਰ ਕੁਰਹਿਤ ਲਈ ਕਦੇ ਮੁਆਫ ਨਹੀਂ ਕਰਾਂਗੇ | ਉਨ੍ਹਾਂ ਸ਼੍ਰੋਮਣੀ ਕਮੇਟੀ ‘ਤੇ ਵੀ ਸਵਾਲ ਕੀਤੇ ਕਿ ਉਹ ਆਰ. ਐਸ. ਐਸ. ਅਧੀਨ ਹੋ ਕੇ ਕੰਮ ਕਰਨਾ ਬੰਦ ਕਰੇ |