ਮਿੰਨੀ ਕਹਾਣੀ-ਨਿੱਕਾ ਜੱਜ

judgeਕੱਲ ਮੈਂ ਅਤੇ ਮੇਰੀ ਘਰ ਵਾਲੀ ਜਦੋਂ ਕਿਸੇ ਛੋਟੀ ਮੋਟੀ ਗੱਲੇ ਉੱਚੀ ਉੱਚੀ ਬੋਲ ਰਹੇ ਸਾਂ ਤਾਂ ਸਾਡੇ ਕੋਲ ਬੈਠਾ ਹੋਇਆ ਸਾਡਾ ਛੋਟਾ ਪੋਤਾ ਗੁਰਬਾਜ਼ ਸਾਨੂੰ ਵੇਖ ਕੇ ਵਿੱਚੋਂ ਬੋਲਿਆ, ਚੁੱਪ ਕਰੋ ਤੁਸੀਂ ਦੋਵੇਂ ਲੜਾਈ ਕਿਉਂ ਕਰਦੇ ਪਏ ਹੋ। ਅਸੀਂ ਉੱਸ ਦੀ ਗੱਲ ਸੁਣ ਕੇ ਦੋਵੇਂ ਚੁੱਪ ਕਰ ਗਏ।ਮੈਂ ਕਿਹਾ ਬੇਟਾ ਮੈਂ ਤਾਂ ਕੁੱਝ ਨਹੀਂ ਕਹਿੰਦਾ ਤੇਰੀ ਦਾਦੀ ਮਾਂ ਤਾਂ ਐਵੇਂ ਮੇਰੇ ਨਾਲ ਬੋਲਦੀ ਰਹਿੰਦੀ ਹੈ।ਉਹ ਕਹਿਣ ਲੱਗਾ ਨਹੀਂ ,ਤੁਸੀਂ, ਦੋਵੇਂ ਹੀ ਕਸੂਰ ਵਾਰ ਹੋ।ਮੈਂ ਕਿਹਾ ਅਸੀਂ ਦੋਵੇਂ ਤੇਰੇ ਕੋਲੋਂ ਮਾਫੀ ਮੰਗਦੇ ਹਾਂ।ਉਹ ਕਹਿਣ ਲੱਗਾ ਮੇਰੇ ਕੋਲੋਂ ਨਹੀਂ ਤੁਸੀਂ ਦੋਵੇਂ ਹੀ ਇੱਕ ਦੂਜੇ ਕੋਲੋਂ ਮਾਫੀ ਮੰਗੋ,ਨਹੀਂ ਤਾਂ ਮੈਂ ਤੁਹਾਡੇ ਨਾਲ ਬੋਲਣਾ ਬੰਦ ਕਰ ਦਿਆਂ ਗਾ।ਨਿੱਕੇ ਜੱਜ ਨੇ ਝੱਟ ਆਪਣਾ ਫੈਸਲਾ ਸੁਣਾ ਦਿੱਤਾ। ਜਦੋਂ ਅਸੀਂ ਦੋਵੇਂ ਜਦੋਂ ਇੱਕ ਦੂਜੇ ਕੋਲੋਂ ਮਾਫੀ ਮੰਗਾਂ ਰਹੇ ਸਾਂ ਤਾਂ ਉਹ  ਫੋਨ ਤੇ ਕੋਈ ਗੇਮ ਖੇਡਦਾ ਹੋਇਆ ਨਾਲੋ ਨਾਲ  ਸਾਡੇ ਵੱਲ ਵੀ ਵੇਖੀ ਜਾ ਰਿਹਾ ਸੀ। ਉਹ ਆਪਣਾ ਕੰਮ ਛਡ ਕੇ ਸਾਡੇ ਵਿਚਕਾਰ ਆ ਕੇ ਸਾਨੂੰ ਲਾਡ ਪਿਆਰ ਕਰਦਾ ਕਹਿਣ ਲੱਗਾ ਕਿ ਦਾਦਾ ਜੀ ਵੇਖ ਲਉ ਮੁੜ ਲੜਾਈ ਨਹੀਂ ਕਰਨੀ। ਉੱਸ ਨੂੰ ਬੜੇ ਪਿਆਰ ਨਾਲ  ਘੁੱਟ ਕੇ ਗਲੇ ਲਗਾ ਕੇ ਕਿਹਾ ਠੀਕ ਹੈ ਬੇਟਾ ਹੁਣ ਅਸੀਂ ਲੜਾਈ ਨਹੀਂ ਕਰਾਂਗੇ।  ਉਹ ਸਾਨੂੰ ਛੱਡ ਕੇ ਫਿਰ ਫੋਨ ਤੇ ਚੁੱਪ ਚਾਪ ਆਪਣੀ ਗੇਮ ਵਿੱਚ ਮਸਤ ਹੋ ਗਿਆ।ਕੱਲ ਦੀ ਉਸ ਦੀ ਇਹ ਛੋਟੀ ਜਿਹੀ ਗੱਲ ਮੇਰੇ ਲਈ ਵੱਡੇ ਅਰਥਾਂ ਵਾਲੀ ਜਾਪ ਰਹੀ ਸੀ।

ਹੁਣ ਮੈਨੂੰ ਇੱਸ ਨਿੱਕੇ ਜੱਜ ਦੇ ਕੀਤੇ ਗਏ ਇੱਸ ਫੈਸਲੇ ਤੋਂ ਕਿਸੇ ਵੱਡੇ ਇਨਸਾਫ ਪਸੰਦ ਜੱਜ ਦਾ ਭਵਿੱਖ  ਨਜ਼ਰ ਆ ਰਿਹਾ ਸੀ।

– ਰਵੇਲ ਸਿੰਘ ਇਟਲੀ