ਫਿਲਮ “ਫੇਰ ਮਾਮਲਾ ਗੜਬੜ ਗੜਬੜ” ਦੇ ਕਲਾਕਾਰਾਂ ਵੱਲੋਂ ਬਠਿੰਡਾ ਵਿਖੇ ਪ੍ਰਚਾਰ

ਸੰਗੀਤ ਪੱਖੋਂ ਇਸ ਸਾਲ ਦੀ ਬੇਹਤਰੀਨ ਫਿਲਮ – ਦੁਨੀਆਂ ਭਰ ‘ਚ 12 ਜੁਲਾਈ ਨੂੰ ਹੋਵੇਗੀ ਰਿਲੀਜ਼

altਬਠਿੰਡਾ, 6 ਜੁਲਾਈ, (ਬਿੱਟੂ ਗਰਗ, ਨਾਰਾਇਣ ਸਿੰਘ) – ਪੰਜਾਬੀ ਸਿਨੇਮਾ ਜਾਂ ਪੌਲੀਵੁੱਡ ਮੌਜੂਦਾ ਸਮੇਂ ‘ਚ ਬੁਲੰਦੀਆਂ ‘ਤੇ ਹੈ। ਕਾਮੇਡੀ ਭਰਪੂਰ ਬਹੁਤੀਆਂ ਫਿਲਮਾਂ ਦਰਸ਼ਕਾਂ ਦੇ ਪੈਸੇ ਦਾ ਮੁੱਲ ਮੋੜ ਰਹੀਆਂ ਹਨ। ਜੀ-ਨੈਕਸਟ ਮੀਡੀਆ ਦੇ ਪੀਟੀਸੀ ਮੋਸ਼ਨ ਪਿਕਚਰਜ਼ ਵੱਲੋਂ ‘ਫੇਰ ਮਾਮਲਾ ਗੜਬੜ ਗੜਬੜ’ ਫਿਲਮ ਪੰਜਾਬ ਸਮੇਤ ਦੁਨੀਆਂ ਭਰ ‘ਚ 12 ਜੁਲਾਈ ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਇਹ ਫਿਲਮ ਇੱਕ ਰੋਮਾਂਟਿਕ ਕਾਮੇਡੀ, ਮੌਕੇ ਅਨੁਸਾਰ ਹਾਸਾ ਉਪਜਾਉਣ ਵਾਲੀ ਕਾਮੇਡੀ ਅਤੇ ਬਾਕੀ ਪੰਜਾਬੀ ਫਿਲਮਾਂ ਤੋਂ ਹਟਕੇ ਹੈ। ਫਿਲਮ ਦੇ ਮੁੱਖ ਅਦਾਕਾਰ ਸਥਾਪਿਤ ਐਕਟਰ ਤੇ ਨਾਮੀਂ ਗਾਇਕ ਰੋਸ਼ਨ ਪ੍ਰਿੰਸ ਹਨ ਜੋ ਕਿ ਇਸ ਤੋਂ ਪਹਿਲਾਂ ਲੱਗਦਾ ਇਸ਼ਕ ਹੋ ਗਿਆ ਅਤੇ ਸਿਰਫਿਰੇ ਫਿਲਮਾਂ ‘ਚ ਆਪਣਾ ਲੋਹਾ ਮੰਨਵਾ ਚੁੱਕੇ ਹਨ। ਇਸ ਤੋਂ ਇਲਾਵਾ ਫਿਲਮ ‘ਚ ਮੁੱਖ ਭੂਮਿਕਾਵਾਂ ਜਪੁਜੀ ਖਹਿਰਾ, ਭਾਨੂਸ਼੍ਰੀ ਮਹਿਰਾ, ਰਾਣਾ ਰਣਬੀਰ ਅਤੇ ਬੀ ਐਨ ਸ਼ਰਮਾਂ ਨੇ ਨਿਭਾਈਆਂ ਹਨ। ਪੀਟੀਸੀ ਮੋਸ਼ਨ ਪਿਕਚਰ ਨੇ ਫਿਲਮ ਨੂੰ ਦੁਨੀਆਂ ਭਰ ‘ਚ ਵੱਸਦੇ ਪੰਜਾਬੀ ਭਾਈਚਾਰੇ ਤੱਕ ਪਹੁੰਚਾਉਣ ਲਈ ਇਸਨੂੰ ਰਿਲੀਜ਼ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਹੈ। ਫਿਲਮ 12 ਜੁਲਾਈ, 2013 ਨੂੰ ਪੰਜਾਬ ਤੇ ਭਾਰਤ ਸਮੇਤ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ‘ਚ ਰਿਲੀਜ਼ ਕੀਤੀ ਜਾਵੇਗੀ। ਪੀਟੀਸੀ ਮੋਸ਼ਨ ਪਿਕਚਰ ਦੀ ਪਲੇਠੀ ਫਿਲਮ ‘ਫੇਰ ਮਾਮਲਾ ਗੜਬੜ ਗੜਬੜ’ ਦੀ ਸਟਾਰ ਕਾਸਟ ਵੱਲੋਂ ਫਿਲਮ ਦੇ ਪ੍ਰਚਾਰ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿਖੇ ਦੌਰੇ ਕੀਤੇ ਜਾ ਰਹੇ ਹਨ। ਫਿਲਮ ਦੀ ਸਟਾਰ ਕਾਸਟ ਵੱਲੋਂ, ਬਠਿੰਡਾ ਅਤੇ ਅਬੋਹਰ ਵਿਖੇ ਫਿਲਮ ਦੇ ਪ੍ਰਚਾਰ ਲਈ ਦੌਰਾ ਕੀਤਾ ਗਿਆ। ਸਬ ਤੋਂ ਪਹਿਲਾਂ ਟੀਮ ਵੱਲੋਂ ਬਠਿੰਡਾ ਵਿਖੇ ਪਨੈਨਸੁਲਾ ਮਾਲ ਵਿਖੇ ਸ਼ੁਭ ਚਿੰਤਕਾਂ ਨਾਲ ਮਿਲਣੀ ਕੀਤੀ ਗਈ, ਮਗਰੋਂ ਕਿਊ ਸਿਨੇਮਾ ਵਿਖੇ ਪ੍ਰਚਾਰ ਦੌਰਾਨ ਪੱਤਰਕਾਰਾਂ ਦੇ ਰੂਬਰੂ ਹੋਈ। ਬਾਅਦ ਵਿਚ ਕਲਾਕਾਰਾਂ ਨੇ ਅਬੋਹਰ ਵਿਖੇ ਵੀ ਫਿਲਮ ਦਾ ਪ੍ਰਚਾਰ ਕੀਤਾ। ਸ਼ਾਮ ਨੂੰ ਕਲਾਕਾਰਾਂ ਨੇ ਆਪਣੇ ਦੌਰੇ ਦੇ ਅੰਤਮ ਪੜਾਅ ਦੌਰਾਨ ਬਠਿੰਡਾ ਦੇ ਪਨੈਨਸੁਲਾ ਮਾਲ ਵਿਖੇ ਲਾਈਵ ਈਵੇਂਟ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ। ਰੋਸ਼ਨ ਪ੍ਰਿੰਸ, ਜਪੁਜੀ ਖਹਿਰਾ, ਭਾਨੂਸ੍ਰੀ ਅਤੇ ਪੀਟੀਸੀ ਮੋਸ਼ਨ ਪਿਕਚਰਜ਼ ਦੀ ਟੀਮ ਵੱਲੋਂ 11 ਦਿਨ ਦੀ ਇਹ ਪ੍ਰਚਾਰ ਮੁਹਿੰਮ 30 ਜੂਨ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਕੇ ਸ਼ੁਰੂ ਕੀਤੀ ਗਈ ਸੀ। ਸੰਗੀਤ ਪੱਖੋਂ ਇਸ ਸਾਲ ਦੀ ਸਭ ਤੋਂ ਬੇਹਤਰੀਨ ਇਸ ਫਿਲਮ ਦਾ ਨਿਰਦੇਸ਼ਨ ਮਸ਼ਹੂਰ ਵਿਡੀਓ ਡਾਇਰੈਕਟਰ ਜੋੜੀ ਰਿੰਪੀ-ਪ੍ਰਿੰਸ ਨੇ ਕੀਤਾ ਹੈ। ਇਸ ਤੋਂ ਪਹਿਲਾਂ ਇਹ ਜੋੜੀ ਗੁਰਦਾਸ ਮਾਨ ਦੀ ਅਦਾਕਾਰੀ ਵਾਲੀ ‘ਮਿੰਨੀ ਪੰਜਾਬ’ ਨਾਂ ਦੀ ਫਿਲਮ ਦਾ ਨਿਰਦੇਸ਼ਨ ਵੀ ਕਰ ਚੁੱਕੀ ਹੈ। ਕਾਬਿਲੇਗੌਰ ਹੈ ਕਿ ਰਿੰਪੀ-ਪ੍ਰਿੰਸ ਪਹਿਲਾਂ ਹੀ ਰੋਮਾਂਟਿਕ ਅਤੇ ਨੌਜਵਾਨਾਂ ਨੂੰ ਪਸੰਦ ਆਉਣ ਵਾਲੀਆਂ ਸ਼ਾਨਦਾਰ ਵਿਡੀਓਜ਼ ਬਣਾਉਣ ਲਈ ਜਾਣੇ ਜਾਂਦੇ ਹਨ। ਫਿਲਮ ਦਾ ਸੰਗੀਤ ਇਸ ਦੀ ਜਾਨ ਹੈ ਅਤੇ ‘ਫੇਰ ਮਾਮਲਾ ਗੜਬੜ ਗੜਬੜ’ ਦੇ ਗਾਣਿਆਂ ਨੇ ਸਭ ਪਾਸੇ ਪਹਿਲਾਂ ਹੀ ਧੂੰਮਾਂ ਪਾ ਦਿੱਤੀਆਂ ਹਨ। ਇਸ ਸਬੰਧੀ ਗੱਲ ਕਰਦਿਆਂ ਫਿਲਮ ਦੇ ਸੰਗੀਤਕਾਰ ਜੱਗੀ ਸਿੰਘ ਨੇ ਦੱਸਿਆ ਕਿ ਫਿਲਮ ‘ਚ ਹਰੇਕ ਮੂਡ ਉਦਾਸ, ਰੋਮਾਂਟਿਕ, ਬੀਟ ਅਤੇ ਪਰੰਪਰਾਵਾਦੀ ਸੰਗੀਤ ਨਾਲ ਲਬਰੇਜ਼ 9 ਗਾਣੇ ਹਨ। ਜ਼ਿਕਰਯੋਗ ਹੈ ਕਿ ਜੱਗੀ ਸਿੰਘ ਨੇ ਇਸ ਤੋਂ ਪਹਿਲਾਂ ਫਿਲਮ ਤੇਰਾ ਮੇਰਾ ਕੀ ਰਿਸ਼ਤਾ ਅਤੇ ਮਿੰਨੀ ਪੰਜਾਬ ਦੇ ਗਾਣੇ ਵੀ ਲਿਖੇ ਸਨ। ਰਾਜੀ ਐਮ ਸ਼ਿੰਦੇ, ਸੀਈਓ ਅਤੇ ਡਾਇਰੈਕਟਰ ਪੀਟੀਸੀ ਨੈੱਟਵਰਕ ਨੇ ਫਿਲਮ ਦੀ ਸਾਰੀ ਟੀਮ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਪੀਟੀਸੀ ਨੈੱਟਵਰਕ ਦੇ ਗੁਲਦਸਤੇ ‘ਚ ਪੀਟੀਸੀ ਮੋਸ਼ਨ ਪਿਕਚਰ ਨਾਮੀਂ ਇਕ ਹੋਰ ਫੁੱਲ ਸਜ ਗਿਆ ਹੈ ਜਿਸ ਰਾਹੀਂ ਫਿਲਮ ਨਿਰਮਾਣ, ਪ੍ਰਮੋਸ਼ਨ ਅਤੇ ਰਿਲੀਜ਼ ਸਬੰਧੀ ਪੈਂਤੜੇ ਬਣਾਏ ਜਾਣਗੇ ਅਤੇ ‘ਫੇਰ ਮਾਮਲਾ ਗੜਬੜ ਗੜਬੜ’ ਤੋਂ ਇਸਦਾ ਆਗਾਜ਼ ਕੀਤਾ ਜਾ ਰਿਹਾ ਹੈ। ਰਾਬਿੰਦਰ ਨਰਾਇਣਨ, ਪ੍ਰਧਾਨ ਪੀਟੀਸੀ ਨੈੱਟਵਰਕ ਨੇ ਕਿਹਾ ਕਿ ਪੀਟੀਸੀ ਮੋਸ਼ਨ ਪਿਕਚਰ ਵੱਲੋਂ ਹਰ ਸਾਲ 3 ਤੋਂ 4 ਪੰਜਾਬੀ ਫਿਲਮਾਂ ਰਿਲੀਜ਼ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਨਵੇਂ ਉੱਦਮ ਰਾਹੀਂ ਉਹ ਸਥਾਪਿਤ ਕਲਾਕਾਰਾਂ ਦੇ ਨਾਲ-ਨਾਲ ਨਵੇਂ ਕਲਾਕਾਰਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਦੇਣਗੇ। ਫਿਲਮ ਦੇ ਸਾਰੇ ਅਦਾਕਾਰ ਪ੍ਰਚਾਰ ਮੁਹਿੰਮ ਤਹਿਤ ਪੂਰੇ ਪੰਜਾਬ ਸਮੇਤ ਹਰਿਆਣਾ ਅਤੇ ਨਵੀਂ ਦਿੱਲੀ ਦਾ ਵੀ ਦੌਰਾ ਕਰਨਗੇ ਤਾਂ ਜੋ ਦਰਸ਼ਕਾਂ ਦੇ ਇਕ ਵੱਡੇ ਵਰਗ ਨੂੰ ਫਿਲਮ ਨਾਲ ਜੋੜਿਆ ਜਾ ਸਕੇ।