…ਅਤੇ ਉਹ ਸਿੱਖ ਪੰਥ ਦੀ ਹੋਣੀ ਬਣ ਗਈ

ਗੱਲ ਜੂਨ, 1975 ਦੇ ਅਖੀਰ ਦੀ ਹੈ, ਜਦੋਂ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ, ਦੇਸ਼ ਵਿਚ ਐਮਰਜੈਂਸੀ ਲਾਗੂ ਕੀਤੀ ਗਈ ਸੀ। ਐਮਰਜੈਂਸੀ ਦਾ ਐਲਾਨ ਹੁੰਦਿਆਂ ਹੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਬਾਕੀ ਲਗਭਗ ਸਾਰੀਆਂ ਕਾਂਗਰਸ ਵਿਰੋਧੀ ਪਾਰਟੀਆਂ ਦੇ ਆਗੂਆਂ ਸਮੇਤ ਤਕਰੀਬਨ ਤਿੰਨ ਹਜ਼ਾਰ ਰਾਜਨੈਤਿਕ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਨ੍ਹਾਂ ਦਿਨਾਂ ਵਿਚ ਹੀ ਗੁਰਦੁਆਰਾ ਐਕਟ-1971 ਅਨੁਸਾਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਹੋਈਆਂ ਸਨ, ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਸਿੱਖ ਆਗੂ ਜਥੇਦਾਰ ਸੰਤੋਖ ਸਿੰਘ, ਜੋ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਨ, ਦੀ ਅਗਵਾਈ ਵਿਚ ਲੜੀਆਂ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਤਰ੍ਹਾਂ ਦੀ ਵੀ ਚੁਨੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ ਤੇ ਉਹ ਪੂਰੀ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋ ਗਿਆ। ਸ: ਜਸਵੰਤ ਸਿੰਘ ਕੋਛੜ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਸੰਤੋਖ ਸਿੰਘ ਗੁਰਦੁਆਰਾ ਕਮੇਟੀ ਦੀ ਅਕਾਲੀ ਪਾਰਟੀ ਦੇ ਨੇਤਾ ਥਾਪੇ ਗਏ।
ਜਾਣਕਾਰ ਹਲਕਿਆਂ ਅਨੁਸਾਰ, ਐਮਰਜੈਂਸੀ ਲਾਉਣ ਤੋਂ ਬਾਅਦ, ਜਿਥੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿਤਾ ਗਿਆ, ਉਥੇ ਹੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਜਥੇਦਾਰ ਸੰਤੋਖ ਸਿੰਘ, ਜੋ ਕਿਸੇ ਸਮੇਂ ਪੰਡਤ ਜਵਾਹਰ ਲਾਲ ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਸਨ, ਰਾਹੀਂ ਅਕਾਲੀ ਆਗੂਆਂ ਨੂੰ ਇਹ ਸੰਦੇਸ਼ ਭੇਜਿਆ ਕਿ ਜੇ ਉਹ ਉਨ੍ਹਾਂ ਦਾ ਸਮਰਥਨ ਕਰਨ ਤਾਂ ਉਹ ਅਕਾਲੀਆਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਨ। ਜਥੇਦਾਰ ਸੰਤੋਖ ਸਿੰਘ ਨੇ ਇਸ ਸਬੰਧ ਵਿਚ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੂੰ ਸਾਰੀ ਗੱਲ ਦੱਸਦਿਆਂ, ਉਨ੍ਹਾਂ ਨਾਲ ਵਿਸਥਾਰ ਨਾਲ ਗੱਲ ਕੀਤੀ। ਜਥੇਦਾਰ ਟੋਹੜਾ ਨੇ ਸਾਰੀ ਗੱਲ ਸਮਝਦਿਆਂ, ਪਹਿਲਾਂ ਆਪਣੇ ਭਰੋਸੇਯੋਗ ਸਾਥੀਆਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਜਥੇਦਾਰ ਸੰਤੋਖ ਸਿੰਘ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਦੀ ਸਲਾਹ ਦੇ ਦਿਤੀ। ਉਨ੍ਹਾਂ ਪਾਸੋਂ ਪ੍ਰਵਾਨਗੀ ਲੈਣ ਤੋਂ ਬਾਅਦ ਜਥੇਦਾਰ ਸੰਤੋਖ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਕੁਝ ਸਿੱਖ ਪਤਵੰਤਿਆਂ ਦੇ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੋਠੀ ਪੁਜੇ ਅਤੇ ਉਥੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।
ਹੈਰਾਨੀ ਦੀ ਗੱਲ ਇਹ ਰਹੀ ਕਿ ਜਥੇਦਾਰ ਸੰਤੋਖ ਸਿੰਘ ਨੇ ਇਹ ਐਲਾਨ, ਜਥੇਦਾਰ ਗੁਰਚਰਨ ਸਿੰਘ ਟੋਹੜਾ ਨਾਲ ਗੱਲ ਕਰਕੇ ਅਤੇ ਉਨ੍ਹਾਂ ਵੱਲੋਂ ਪ੍ਰਗਟ ਕੀਤੀ ਗਈ ਸਹਿਮਤੀ ਦੇ ਆਧਾਰ ’ਤੇ ਹੀ ਕੀਤਾ ਸੀ, ਪਰ ਜਦੋਂ ਸ: ਪ੍ਰਕਾਸ਼ ਸਿੰਘ ਬਾਦਲ ਦੇ ਦਬਾਉ ਹੇਠ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਦੇ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ, ਤਾਂ ਇਸਦੇ ਲਈ ਕੇਵਲ ਜਥੇਦਾਰ ਸੰਤੋਖ ਸਿੰਘ ਨੂੰ ਹੀ ਦੋਸ਼ੀ ਗਰਦਾਨ ਕੇ, ਉਨ੍ਹਾਂ ਨੂੰ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ।
ਜਥੇਦਾਰ ਸੰਤੋਖ ਸਿੰਘ ਨੇ ਉਸੇ ਸਮੇਂ ਐਮਰਜੈਂਸੀ ਦੇ ਮੁੱਦੇ ’ਤੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕੀਤੇ ਜਾਣ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ, ਆਪਣੇ ਸਾਥੀਆਂ ਨੂੰ ਦੱਸਿਆ ਕਿ ਉਨ੍ਹਾਂ ਇਹ ਸਮਰਥਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੂੰ ਭਰੋਸੇ ਵਿਚ ਲੈ ਕੇ ਕੀਤਾ ਹੈ, ਦੂਸਰਾ, ਇਸਦਾ ਕਾਰਣ ਇਹ ਸੀ ਕਿ ਜੋ ਕੁਝ ਅਕਾਲੀ ਦਲ ਵੱਲੋਂ ਲੰਮੀਆਂ ਲੜਾਈਆਂ ਲੜ ਕੇ ਵੀ ਹਾਸਲ ਨਹੀਂ ਸੀ ਕੀਤਾ ਜਾ ਸਕਿਆ, ਉਹ ਬਿਨਾਂ ਲੜਾਈ ਦੇ ਹਾਸਲ ਹੋਣ ਦੀ ਵਿਉਂਤ ਬਣ ਰਹੀ ਸੀ। ਇਸ ਸਮੇਂ ਉਨ੍ਹਾਂ ਦੇ ਹੀ ਇਕ ਸਾਥੀ ਨੇ ਪੁੱਛ ਲਿਆ ਕਿ ਕੀ ਸ਼੍ਰੀਮਤੀ ਇੰਦਰਾ ਗਾਂਧੀ ਪੁਰ ਇਹ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਆਪਣੇ ਵੱਲੋਂ ਕੀਤੇ ਜਾ ਰਹੇ ਵਾਇਦੇ ਨੂੰ ਨਿਭਾਣ ਪ੍ਰਤੀ ਇਮਾਨਦਾਰ ਹੋਵੇਗੀ? ਤਾਂ ਜਥੇਦਾਰ ਸੰਤੋਖ ਸਿੰਘ ਨੇ ਉੱਤਰ ਦਿਤਾ ਕਿ, ਐਮਰਜੈਂਸੀ ਖਤਮ ਨਹੀਂ ਹੋ ਰਹੀ, ਅਜੇ ਸ਼ੁਰੂ ਹੋਈ ਹੈ। ਜੇ ਸ਼੍ਰੀਮਤੀ ਇੰਦਰਾ ਗਾਂਧੀ ਕੀਤੇ ਵਾਇਦੇ ਤੋਂ ਮੁਕਰਦੀ ਹੈ ਤਾਂ ਉਨ੍ਹਾਂ ਵਿਰੁਧ ਮੋਰਚਾ ਲਾਏ ਜਾਣ ਦੇ ਸਬੰਧ ਵਿਚ ਪੰਥ ਪਾਸ ਮਜ਼ਬੂਤ ਆਧਾਰ ਹੋਵੇਗਾ।
ਇਸ ਸਬੰਧ ਵਿਚ ਕੁਝ ਬੁੱਧੀਜੀਵੀਆਂ ਦਾ ਵੀ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿਚ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਨਹੀਂ ਸੀ ਲੈਣਾ ਚਾਹੀਦਾ, ਸਗੋਂ ਸਿੱਖ ਇਤਿਹਾਸ ਤੋਂ ਅਗਵਾਈ ਲੈਂਦਿਆਂ ਹੀ ਕੋਈ ਫੈਸਲਾ ਲੈਣਾ ਚਾਹੀਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਗੁਰੂ ਸਾਹਿਬਾਨ ਤੋਂ ਬਾਅਦ ਸੰਘਰਸ਼ ਵਿਚ ਰੁਝੀਆਂ ਸਿੱਖ ਸ਼ਕਤੀਆਂ, ਸਮੇਂ-ਸਮੇਂ ਵਿਰੋਧੀ ਤਾਕਤਾਂ ਦੇ ਨਾਲ ਸਮਝੌਤਾ ਕਰਕੇ, ਕੁਝ ਸਮੇਂ ਲਈ ਅਜਿਹਾ ਸ਼ਾਂਤੀ ਦਾ ਮਾਹੌਲ਼ ਸਿਰਜ ਲੈਂਦੀਆਂ ਰਹੀਆਂ, ਜਿਸ ਵਿਚ ਉਹ ਨਾ ਕੇਵਲ ਆਪਣੀ ਤਾਕਤ ਨੂੰ ਇਕੱਠਿਆਂ ਕਰਦੀਆਂ, ਸਗੋਂ ਉਸਨੂੰ ਵਧਾਉਂਦੀਆਂ ਵੀ ਸਨ, ਤਾਂ ਜੋ ਮੌਕਾ ਬਣਨ ’ਤੇ ਉਹ ਵਿਰੋਧੀ ਤਾਕਤ ਨੂੰ ਜ਼ਬਰਦਸਤ ਚੁਨੌਤੀ ਦੇ ਸਕਣ।
ਪਰ ਅਜਿਹਾ ਨਹੀਂ ਹੋ ਸਕਿਆ : ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਸਾਂਝਾ ਐਲਾਨ-ਨਾਮਾ ਜਾਰੀ ਕਰਕੇ ਮੋਰਚਾ ਸ਼ੁਰੂ ਕਰ ਦਿਤਾ ਗਿਆ। ਜਥੇਦਾਰ ਧੰਨਾ ਸਿੰਘ ਗੁਲਸ਼ਨ ਲਿਖਤ ਪੁਸਤਕ ‘ਅੱਜ ਦਾ ਪੰਜਾਬ ਤੇ ਸਿੱਖ ਰਾਜਨੀਤੀ‘ ਅਨੁਸਾਰ ਇਸ ਐਲਾਨ-ਨਾਮੇ ਵਿਚ ਕਿਹਾ ਗਿਆ, ਕਿ ‘ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਤੇ ਸੰਗਰਾਮ ਵਿਚ ਹਰਾਵਲ ਦਸਤੇ ਦਾ ਕੰਮ ਕੀਤਾ ਹੈ। ਸਿੱਖਾਂ ਨੇ ਨਾ ਕੇਵਲ ਮੁਗ਼ਲ ਸਾਮਰਾਜ ਦੇ ਜ਼ੁਲਮ ਵਿਰੁਧ ਟੱਕਰ ਲਈ, ਸਗੋਂ ਅੰਗਰੇਜ਼ੀ ਸਾਮਰਾਜ ਵਿਰੁਧ ਵੀ ਦੇਸ਼ ਦੀ ਆਜ਼ਾਦੀ, ਇਨਸਾਫ ਅਤੇ ਜਮਹੂਰੀਅਤ ਦੀ ਪ੍ਰਾਪਤੀ ਲਈ ਅਣਗਿਣਤ ਕੁਰਬਾਨੀਆਂ ਕੀਤੀਆਂ। ਅੱਜ ਫਿਰ ਦੇਸ਼ ਉਤੇ ਅਕਾਰਨ ‘ਅੰਦਰੂਨੀ ਐਮਰਜੈਂਸੀ‘ ਠੌਂਸੀ ਹੋਣ ਕਰਕੇ ਦੇਸ਼ ਵਿਚ ਇਕ ਅਜਿਹੀ ਹਾਲਤ ਪੈਦਾ ਹੋ ਗਈ ਹੈ, ਜਿਸਦੇ ਫਲਸਰੂਪ ਲਿਖਣ ਤੇ ਬੋਲਣ ਦੀ ਆਜ਼ਾਦੀ ਨੂੰ ਕੁਚਲ ਕੇ ਰੱਖ ਦਿੱਤਾ ਗਿਆ ਹੈ ਅਤੇ ਜਨਤਾ ਦੇ ਮੁੱਢਲੇ ਹੱਕਾਂ ਉੱਤੇ ਛਾਪਾ ਮਾਰਿਆ ਗਿਆ ਹੈ ਤੇ ਇੰਜ ਜਾਪਦਾ ਹੈ ਕਿ ਜਿਸ ਮਹਾਨ ਕਾਰਜ ਲਈ ਸਿੱਖਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਸਨ, ਉਨ੍ਹਾਂ ਨੂੰ ਵੀ ਮਲੀਆਮੇਟ ਕੀਤਾ ਜਾ ਚੁਕਾ ਹੈ।…‘ ਇਸਤੋਂ ਅੱਗੇ ਉਨ੍ਹਾਂ ਮੰਗਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ, ਜੋ ਅਕਾਲੀ ਦਲ ਵਲੋਂ ਲੰਮੇਂ ਸਮੇਂ ਤੋਂ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਗਏ ਮੋਰਚੇ ਦੇ ਪਹਿਲੇ ਦਿਨ ਹੀ ਸ: ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੋਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ: ਆਤਮਾ ਸਿੰਘ, ਸ: ਬਸੰਤ ਸਿੰਘ ਖਾਲਸਾ ਆਦਿ ਅਕਾਲੀ ਨੇਤਾ ਆਪਣੇ-ਆਪਨੂੰ ਗ੍ਰਿਫਤਾਰੀ ਲਈ ਪੇਸ਼ ਕਰ ਅਣਮਿੱਥੇ ਸਮੇਂ ਲਈ ਜੇਲ੍ਹ ਚਲੇ ਗਏ। ਉਨ੍ਹੀਂ ਮਹੀਨੇ ਚਲੇ ਇਸ ਮੋਰਚੇ ਦੌਰਾਨ ਲਗਭਗ 43,000 ਸਿੱਖ ਗ੍ਰਿਫ਼ਤਾਰ ਹੋਏ।
ਪ੍ਰਾਪਤੀਆਂ : ਇਤਨੀਆਂ ਗ੍ਰਿਫਤਾਰੀਆਂ ਦੇ ਕੇ ਐਮਰਜੈਂਸੀ ਤਾਂ ਖਤਮ ਕਰਵਾ ਲਈ ਗਈ, ਪਰ ਇਸ ਕੁਰਬਾਨੀ ਦਾ ਸਿੱਖ ਕੌਮ ਨੂੰ ਸਿਲਾ ਕੀ ਮਿਲਿਆ? ਇਸਦਾ ਕਦੀ ਵੀ ਨਾ ਤਾਂ ਮੁਲਾਂਕਣ ਕੀਤਾ ਗਿਆ ਅਤੇ ਸ਼ਾਇਦ ਨਾ ਹੀ ਕਦੀ ਕੀਤਾ ਜਾਏਗਾ। ਐਮਰਜੈਂਸੀ ਖਤਮ ਹੋਣ ਤੋਂ ਬਾਅਦ ਕਈ ਵਾਰ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਹੀ ਨਹੀਂ, ਸਗੋਂ ਕੇਂਦਰ ਵਿਚ ਵੀ ਗ਼ੈਰਕਾਂਗਰਸੀ ਸਰਕਾਰਾਂ ਬਣੀਆਂ, ਪੰਜਾਬ ਵਿਚ ਅਕਾਲੀ ਆਪ ਸੱਤਾ ਵਿਚ ਆਏ ਤੇ ਕੇਂਦਰ ਵਿਚ ਵੀ ਉਨ੍ਹਾਂ ਭਾਈਵਾਲੀ ਕੀਤੀ ਪਰ ਇਸ ਸਮੇਂ ਦੌਰਾਨ ਨਾ ਤਾਂ ਉਨ੍ਹਾਂ ਨੇ ਪੰਜਾਬ ਅਤੇ ਸਿੱਖਾਂ ਦੇ ਨਾਲ ਸਬੰਧਤ ਉਨ੍ਹਾਂ ਮਸਲਿਆਂ ਨੂੰ ਹੱਲ ਕਰਵਾਇਆ ਅਤੇ ਨਾ ਹੀ ਉਨ੍ਹਾਂ ਨੂੰ ਹੱਲ ਕਰਵਾਉਣ ਦੇ ਲਈ ਕੋਈ ਆਵਾਜ਼ ਹੀ ਉਠਾਈ, ਜਿਨ੍ਹਾਂ ਨੂੰ ਐਮਰਜੈਂਸੀ ਵਿਰੁਧ ਮੋਰਚਾ ਲਾਉਂਦਿਆਂ ਐਲਾਨ-ਨਾਮੇ ਵਿਚ ਸ਼ਾਮਿਲ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੇ ਨਾਂ ਤੇ 43 ਹਜ਼ਾਰ ਸਿੱਖ ਜੇਲ੍ਹ ਵਿਚ ਗਏ ਅਤੇ ਕਈ ਜੇਲ੍ਹ ਵਿਚ ਸ਼ਹੀਦ ਵੀ ਹੋਏ। ਜੇ ਇਹ ਕਿਹਾ ਜਾਏ ਕਿ ਇਨ੍ਹਾਂ ਹਜ਼ਾਰਾਂ ਸਿੱਖਾਂ ਦੀ ਕੁਰਬਨੀ ਦੇ ਬਦਲੇ, ਉਨ੍ਹਾਂ ਸਿੱਖ ’ਤੇ ਗ਼ੈਰ-ਸਿੱਖ ਆਗੂਆਂ ਨੇ ਸੱਤਾ-ਸੁੱਖ ਮਾਣਿਆ, ਜੋ ਝੰਝਟਾਂ ਤੋਂ ਬਚਣ ਲਈ ਪਹਿਲੇ ਦਿਨ ਹੀ ਜੇਲ੍ਹ ਜਾ, ਰਾਜਸੀ ਆਗੂ ਹੋਣ ਕਾਰਣ ਵਿਸ਼ੇਸ਼ ਵੀ ਆਈ ਪੀ ਸੈੱਲਾਂ ਵਿਚ ਰਹਿ ਕੇ ਵਿਸ਼ੇਸ਼ ਸਹੂਲਤਾਂ ਪ੍ਰਾਪਤ ਕਰਨ ਦੇ ਅਧਿਕਾਰੀ ਬਣੇ ਰਹੇ ਸਨ।
ਮਾਨਤਾ ਵੀ ਨਹੀਂ ਮਿਲ ਸਕੀ : ਇਹ ਗੱਲ ਸ਼ਾਇਦ ਕੋਈ ਨਹੀਂ ਜਾਣਦਾ, ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਦੇ ਵਿਰੁਧ ਉਸਦੀ ਸਮਾਪਤੀ ਤੱਕ ਲਾਏ ਗਏ ਮੋਰਚੇ ਅਤੇ ਉਸ ਵਿਚ ਸਿੱਖਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ, ਕਾਂਗਰਸ-ਵਿਰੋਧੀ ਪਾਰਟੀਆਂ ਨੇ ਰਾਸ਼ਟਰੀ ਪੱਧਰ ’ਤੇ ਕੋਈ ਮਾਨਤਾ ਨਹੀਂ ਦਿੱਤੀ। ਐਮਰਜੈਂਸੀ ਵਿਰੋਧੀ ਸੰਘਰਸ਼ ਨਾਲ ਸਬੰਧਤ ਗ਼ੈਰ-ਸਿੱਖਾਂ ਵੱਲੋਂ ਲਿਖਿਆ, ਜੋ ਵੀ ਇਤਿਹਾਸ ਜਾਂ ਸਾਹਿਤ ਰਚਿਆ ਗਿਆ, ਉਸ ਵਿਚ ਉਨ੍ਹਾਂ ਪਾਰਟੀਆਂ ਤੇ ਲੀਡਰਾਂ ਦਾ ਹੀ ਜ਼ਿਕਰ ਬਣੇ ਮਾਣ ਨਾਲ ਕੀਤਾ ਗਿਆ ਹੈ, ਜੋ ਜੇਲ੍ਹ ਵਿਚ ਜਾ ਬੈਠੇ ਸਨ, ਜਾਂ ਗ੍ਰਿਫਤਾਰੀਆਂ ਤੋਂ ਡਰਦਿਆਂ ਜਾਂ ਤਾਂ ਰੂ-ਪੋਸ਼ ਹੋ ਗਏ ਸਨ, ਜਾਂ ਮਾਫ਼ੀ ਮੰਗ ਰਾਜਨੀਤੀ ਤੋਂ ਤੌਬਾ ਕਰ ਘਰ ਬੈਠ ਗਏ ਸਨ।
ਭਾਜਪਾ ਦਾ ਚੇਹਰਾ : ਕੁਝ ਸਮਾਂ ਹੋਇਐ ਭਾਰਤੀ ਜਨਤਾ ਪਾਰਟੀ ਵੱਲੋਂ ‘ਐਮਰਜੈਂਸੀ ਦੀ ਵਰ੍ਹੇਗੰਢ ਬਨਾਮ ਕਾਲਾ ਦਿਵਸ ਤੇ ਸ਼ਕਤੀਸ਼ਾਲੀ ਲੋਕਤੰਤਰ ਦਿਵਸ‘ ਮਨਾਉਣ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਹੋਏ ਸਮਾਗਮ ਵਿਚ ਕੌਮੀ ਜਮਹੂਰੀ ਗਠਜੋੜ (ਐਨ ਡੀ ਏ) ਦੇ ਕਈ ਮੁੱਖੀ ਸ਼ਾਮਲ ਹੋਏ। ‘ਐਮਰਜੈਂਸੀ ਵਿਰੁਧ ਸੰਘਰਸ਼ ਦਾ ਬਿਗੁਲ ਵਜਾਣ‘ ਵਾਲੇ ਵਜੋਂ ਜੈ ਪ੍ਰਕਾਸ਼ ਨਾਰਾਇਣ ਦਾ ਨਾਂ ਲਿਆ ਗਿਆ ਅਤੇ ਭਾਜਪਾ ਵੱਲੋਂ ਐਮਰਜੈਂਸੀ ਦਾ ਵਿਰੋਧ ਅਤੇ ਕੀਤੀਆਂ ਗਈਆਂ ਕਥਿਤ ਕੁਰਬਾਨੀਆਂ ਦਾ ਵੱਧ ਚੜ੍ਹ ਕੇ ਗੁਣ-ਗਾਣ ਕਰਦਿਆਂ ਜੇਲ੍ਹ ਜਾਣ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ।
ਪਰ ਇਹ ਗਲ ਹੈਰਾਨੀ ਵਾਲੀ ਰਹੀ ਕਿ ਇਸ ਸਮਾਗਮ ਵਿਚ ਅਕਾਲੀਆਂ ਦੇ ਨਾਲ ਭਾਈਵਾਲੀ ਕਰ, ਪੰਜਾਬ ਵਿਚ ਸੱਤਾ-ਸੁੱਖ ਮਾਣ ਰਹੇ ਭਾਜਪਾ ਨੇਤਾਵਾਂ ਨੇ ਐਮਰਜੈਂਸੀ ਵਿਰੁਧ ਉਸਦੀ ਸਮਾਪਤੀ ਤੱਕ ਮੋਰਚਾ ਲਾਉਣ ਵਾਲੇ ਤੇ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲੇ, ਆਪਣੇ ਭਾਈਵਾਲ ਅਕਾਲੀ ਮੁੱਖੀਆਂ ਨੂੰ ਨਾ ਤਾਂ ਬੁਲਾਇਆ, ਨਾ ਪੁੱਛਿਆ, ਨਾ ਐਮਰਜੈਂਸੀ ਦੇ ਵਿਰੁੱਧ ਉਨ੍ਹਾਂ ਦੇ ਕੀਤੇ ਸੰਘਰਸ਼ ਦਾ ਜ਼ਿਕਰ ਹੀ ਕੀਤਾ, ਜੇਲ੍ਹ ਜਾਣ ਵਾਲੇ ਤੇ ਸ਼ਹੀਦੀਆਂ ਦੇਣ ਵਾਲੇ ਉਨ੍ਹਾਂ ਸਿੱਖਾਂ ਦਾ ਸਨਮਾਨ ਕਰਨਾ ਤਾਂ ਦੂਰ ਰਿਹਾ, ਜਿਨ੍ਹਾਂ ਦੀਆਂ ਕੁਬਾਨੀਆਂ ਸਦਕਾ ਹੀ ਉਹ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ ਵਿਚ ਦੇਸ਼ ਦੀ ਸੱਤਾ ਪੁਰ ਕਾਬਜ਼ ਹੋਏ ਸਨ ।
ਹੋਣੀ ਦਾ ਸ਼ਿਕਾਰ : ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਨੀਲਾਤਾਰਾ ਸਾਕਾ, ਅਕਾਲੀਆਂ ਦੀ ਇਸੇ ‘ਜਿੱਤ‘ ਦਾ ਹੀ ਨਤੀਜਾ ਸੀ। ਕਿਉਂਕਿ ਅਕਾਲੀਆਂ ਦੀ ਆਪਣੀ ਹੀ ਮਾਨਤਾ ਅਨੁਸਾਰ, ਉਨ੍ਹਾਂ ਵੱਲੋਂ ਐਮਰਜੈਂਸੀ ਵਿਰੁੱਧ ਲਾਏ ਗਏ ਮੋਰਚੇ ਦੇ ਲਈ, ਸ਼੍ਰੀਮਤੀ ਇੰਦਰਾ ਗਾਂਧੀ ਉਨ੍ਹਾਂ ਨੂੰ ਸਬਕ ਸਿਖਾਣਾ ਚਾਹੁੰਦੀ ਸੀ। ਇਸੇ ਨੀਤੀ ਅਨੁਸਾਰ ਹੀ ਉਸ ਵੱਲੋਂ ਇਕ ਸੋਚੀ-ਸਮਝੀ ਸਾਜ਼ਿਸ਼ ਰਾਹੀਂ, ਦਿਨ-ਰਾਤ ਅਰਦਾਸ ਕਰ ‘ਸਰਬੱਤ ਦੇ ਭਲੇ‘ ਦੀ ਮੰਗ ਕਰਨ ਵਾਲੇ, ਸਿੱਖਾਂ ਨੂੰ ਅੱਤਵਾਦੀ ਵਜੋਂ ਸਥਾਪਤ ਕਰ ਸਮੁੱਚੇ ਵਿਸ਼ਵ ਭਾਈਚਾਰੇ ਤੋਂ ਅਲਗ-ਥਲਗ ਕਰ ਦਿੱਤਾ ਗਿਆ। ਜਿਸਦੇ ਨਤੀਜੇ ਵਜੋਂ ਜਦੋਂ ਸ੍ਰੀ ਦਰਬਾਰ ਸਾਹਿਬ ਪੁਰ ਫੌਜੀ ਕਾਰਵਾਈ ਹੋਈ, (ਅਰਥਾਤ ਨੀਲਾ ਤਾਰਾ ਸਾਕਾ ਵਾਪਰਿਆ) ਤਾਂ ਸੰਸਾਰ ਭਰ ਵਿਚੋਂ ਕੋਈ ਵੀ ਸਿੱਖਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਸਾਹਮਣੇ ਨਹੀਂ ਆਇਆ। ਭਾਜਪਾਈ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਭਾਈਵਾਲ ਬਣ, ਪੰਜਾਬ ਵਿਚ ਸੱਤਾ-ਸੁਖ ਮਾਣ ਰਹੇ ਹਨ, ਨੇ ਵੀ ਨਾ ਕੇਵਲ ਇਸ ਸਾਕੇ ਤੇ ਖੁਸ਼ੀ ਮੰਨਾਦਿਆਂ ਮਠਿਆਈਆਂ ਵੰਡੀਆਂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਕਰਾਰ ਦਿੰਦਿਆਂ, ਇਹ ਵੀ ਕਿਹਾ ਕਿ ਇਹ-ਕੁਝ ਤਾਂ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ, ਸਗੋਂ ਉਨ੍ਹਾਂ ਦੇ ਸੀਨੀਅਰ ਆਗੂ, ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਉਸ ਸਰਕਾਰ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਭਾਈਵਾਲ ਸੀ, ਦੇ ਰਹੇ ਉਪ-ਪ੍ਰਧਾਨ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਜੀਵਨ-ਕਥਾ ਵਿਚ ਬੜੇ ਮਾਣ ਨਾਲ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ, ਭਾਜਪਾ ਨੇ ਹੀ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਪੁਰ ਦਬਾਉ ਬਣਾ ਕੇ, ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਸੈਨਿਕ ਕਾਰਵਾਈ ਕਰਨ ਦੇ ਲਈ ਮਜਬੂਰ ਕਰ ਦਿਤਾ ਸੀ।     
ਆਖਿਰ ਕਿਉਂ? : ਇਕ ਪਾਸੇ ਤਾਂ ਸਤਿਗੁਰਾਂ ਵਲੋਂ ਗ਼ਰੀਬ-ਮਜ਼ਲੂਮ ਅਤੇ ਬੇਗੁਨਾਹਵਾਂ ਦੇ ਰੱਖਿਅਕ ਵਜੋਂ ਸਾਜੇ ਗਏ, ਖਾਲਸਾ ਪੰਥ ਨੂੰ ਬੇਗੁਨਾਹਵਾਂ ਦੇ ਕਾਤਲ ਵਜੋਂ ਸਥਾਪਤ ਕਰ, ਉਸਦੀ ਸਰਬ-ਸਾਂਝੀਵਾਲਤਾ ਤੇ ਸਰਬਤ ਦਾ ਭਲਾ ਚਾਹੁਣ ਵਾਲੀ ਛੱਬੀ ਨੂੰ ਵਿਗਾੜਨ ਦੀ ਸਾਜ਼ਸ਼ ਆਪਣਾ ਕੰਮ ਕਰ ਰਹੀ ਸੀ ਅਤੇ ਦੂਜੇ ਪਾਸੇ ਸਿੱਖ ਧਰਮ ਦੀਆਂ ਮਰਿਆਦਾਵਾਂ, ਪਰੰਪਰਾਵਾਂ, ਆਦਰਸ਼ਾਂ ਅਤੇ ਸਿੱਖਾਂ ਦੀ ਆਨ-ਬਾਨ-ਸ਼ਾਨ ਦੇ ਰਾਖੇ ਹੋਣ ਦੇ ਦਾਅਵੇਦਾਰ ਅਕਾਲੀ ਆਗੂ, ਆਪਣੀਆਂ ਜ਼ਬਾਨਾਂ ਨੂੰ ਤਾਲਾ ਲਾਈ, ਇਸ ਸਾਜ਼ਸ਼ ਨੂੰ ਸਫਲ ਬਣਾਉਣ ਵਿਚ ਸਹਿਯੋਗ ਕਰਦੇ ਰਹੇ ਸਨ। ਫਲਸਰੂਪ ਸਿੱਖ ਆਗੂਆਂ ਦੀ ਇਹ ਨੀਤੀ ਸਮੁੱਚੇ ਸਿੱਖ-ਪੰਥ ਦੀ ਉਹ ਹੋਣੀ ਬਣਦੀ ਜਾ ਰਹੀ ਸੀ, ਜਿਸਨੇ ਸਮੁਚੇ ਪੰਥ ਦੇ ਹਿਰਦਿਆਂ ਨੂੰ ਲੂਹਿਆ, ਸਿੱਖ ਧਰਮ ਦੇ ਉਨ੍ਹਾਂ ਸਰਬ-ਸਾਂਝੀਵਾਲਤਾ ਪੁਰ ਅਧਾਰਤ ਆਦਰਸ਼ਾਂ, ਉਸਦੀਆਂ ਅਰਦਾਸ ਕਰ ‘ਸਰਬਤ ਦਾ ਭਲਾ‘ ਮੰਗਣ ਦੀਆਂ ਪਰੰਪਰਾਵਾਂ, ਮਰਿਆਦਾਵਾਂ ਅਤੇ ਮਾਨਤਾਵਾਂ  ਪੁਰ ਵੀ ਸੁਆਲੀਆ ਨਿਸ਼ਾਨ ਲਾ ਦਿਤਾ, ਜਿਨ੍ਹਾਂ ਦੀ ਸਥਾਪਨਾ ਦੇ ਲਈ ਗੁਰੂ ਸਾਹਿਬਾਨ ਨੇ ਅਣਥਕ ਘਾਲਣਾ ਘਾਲੀਆਂ ਤੇ ਸ਼ਹੀਦੀਆਂ ਦਿਤੀਆਂ ਅਤੇ ਉਨ੍ਹਾਂ ਤੋਂ ਬਾਅਦ ਜਿਨ੍ਹਾਂ ਦੀ ਰੱਖਿਆ ਕਰਦਿਆਂ ਸਿੱਖਾਂ ਨੂੰ ਅਨੇਕਾਂ ਘੱਲੂਘਾਰਿਆਂ ਦਾ ਸ਼ਿਕਾਰ ਹੋਣਾ ਪਿਆ ਸੀ। 
…ਅਤੇ ਅੰਤ ਵਿਚ : ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਅਕਾਲੀ ਨੇਤਾ ਸੂਝ-ਬੂਝ ਤੋਂ ਕੰਮ ਲੈਂਦੇ ਤਾਂ ਉਹ ਸ਼੍ਰੀਮਤੀ ਇੰਦਰਾ ਗਾਂਧੀ ਦੀ ਉਸ ਸਾਜ਼ਸ਼ ਨੂੰ ਅਸਫਲ ਬਣਾ ਸਕਦੇ ਸਨ, ਜੋ ਉਨ੍ਹਾਂ ਦੇ ਅਨੁਸਾਰ ਐਮਰਜੈਂਸੀ ਵਿਰੁਧ ਮੋਰਚਾ ਲਾਏ ਜਾਣ ਦੇ ਲਈ ਉਨ੍ਹਾਂ ਅਕਾਲੀਆਂ ਨੂੰ ਸਬਕ ਸਿਖਾਉਣ ਦੇ ਲਈ ਘੜੀ ਸੀ। ਇਸਦੇ ਲਈ ਉਨ੍ਹਾਂ ਨੂੰ ਕੇਵਲ ਇਤਨਾ ਕਰਨ ਦੀ ਲੋੜ ਸੀ ਕਿ ਇਕ ਤਾਂ ਉਹ ਧਰਮ-ਯੁੱਧ ਮੋਰਚੇ ਦੇ ਦੌਰਾਨ ਬੇ-ਗੁਨਾਹਵਾਂ ਦੇ ਹੋ ਰਹੇ ਕਤਲਾਂ ਦਾ ਵਿਰੋਧ ਕਰਨ ਦੀ ਜੁਰਅੱਤ ਵਿਖਾਉਂਦੇ, ਦੂਜਾ ਜਿਨ੍ਹਾਂ ਮੰਗਾਂ ਨੂੰ ਲੈ ਕੇ ਉਨ੍ਹਾਂ ਇਹ ਧਰਮ-ਯੁੱਧ ਸ਼ੁਰੂ ਕੀਤਾ ਸੀ, ਉਨ੍ਹਾਂ ਵਿਚ ਵਾਧਾ ਨਾ ਕਰਦੇ। ਇਨ੍ਹਾਂ ਮਾਹਿਰਾਂ ਅਨੁਸਾਰ ਦਲ ਦੀਆਂ ਨੀਤੀਆਂ ਦੇ ਵਿਰੁਧ ਕੀਤੀਆਂ ਜਾ ਰਹੀਆਂ ਮੰਗਾਂ ਨੂੰ, ਆਪਣੀਆਂ ਮੰਗਾਂ ਨਾਲ ਜੋੜਨ ਦੀ ਸੋਚ ਅਪਨਾ ਕੇ ਉਹ ਇਕ ਪਾਸੇ ਆਪਣੇ ਆਪਨੂੰ ਉਸੇ ਜਾਲ, ਜੋ ਉਨ੍ਹਾਂ ਦੇ ਆਪਣੇ ਅਨੁਸਾਰ ਹੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਨ੍ਹਾਂ ਦੇ ਲਈ ਬੁਣਿਆ ਸੀ, ਵਿਚ ਅਜਿਹੇ ਫਸਾਂਦੇ ਚਲੇ ਗਏ ਜਿਸ ਵਿਚੋਂ ਨਿਕਲਣਾ ਉਨ੍ਹਾਂ ਲਈ ਨਾਮੁਮਕਿਨ ਹੁੰਦਾ ਗਿਆ। ਉਨ੍ਹਾਂ ਦੀ ਇਸ ਨੀਤੀ ਦੇ ਕਾਰਣ ਹੀ ਸਿੱਖ ਭਾਰਤੀ ਹੀ ਨਹੀਂ, ਸਗੋਂ ਵਿਸ਼ਵ-ਭਾਈਚਾਰੇ ਨਾਲੋਂ ਵੀ ਟੁੱਟਦੇ ਚਲੇ ਗਏ। ਅੰਤ ਦਾ ਨਤੀਜਾ ਸਭ ਦੇ ਸਾਹਮਣੇ ਹੈ।
–ਜਸਵੰਤ ਸਿੰਘ ‘ਅਜੀਤ‘