ਅੰਮ੍ਰਿਤਸਰ-ਯੂਕੇ ਵਿਚਾਲੇ ਕੌਮਾਂਤਰੀ ਉਡਾਣਾਂ ਸ਼ੁਰੂ ਕਰਾਉਣ ਲਈ ਦ੍ਰਿੜ ਨੇ ਸੰਸਦ ਮੈਂਬਰ ਢੇਸੀ

dhesiਜਿੱਥੇ ਵਿਦੇਸ਼ਾਂ ਵਿਚ ਵੱਸੇ ਕਈ ਲੋਕ ਅਲਗਾਵਵਾਦ ਦੀ ਗੱਲ ਕਰਨ ਵਾਲੇ ਪੰਜਾਬ ਦੇ ਮਾਹੌਲ ਨੂੰ ਅਣਸੁਖਾਵਾਂ ਕਰਨ ਦਾ ਕੋਈ ਮੌਕਾ ਨਹੀਂ ਗੁਵਾਉਂਦੇ, ਉੱਥੇ ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵਰਗੇ ਧੜੱਲੇਦਾਰ ਸਿੱਖ ਲੀਡਰ ਵੀ ਹਨ, ਜੋ ਲਗਾਤਾਰ ਪੰਜਾਬ ਅਤੇ ਬਰਤਾਨੀਆ ਨੂੰ ਸਿੱਧੇ ਤੌਰ ‘ਤੇ ਜੋੜ੍ਹਨ ਦੀ ਹਰ ਕੋਸ਼ਿਸ਼ ਕਰ ਰਹੇ ਹਨ। ਜਿਕਰਯੋਗ ਹੈ ਕਿ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਬਰਤਾਨੀਆ ਵਿਚਾਲੇ ਚਿਰਾਂ ਤੋਂ ਬੰਦ ਪਈਆਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਮੁੜ੍ਹ ਸ਼ੁਰੂ ਹੋਣ ਦੀ ਆਸ ਬੱਝੀ ਹੈ, ਕਿਉਂਕਿ ਪ੍ਰਵਾਸੀ ਭਾਈਚਾਰੇ ਅਤੇ ਪੰਜਾਬੀਆਂ ਦੀ ਇਸ ਚਿਰੋਕਣੀ ਮੰਗ ਦੀ ਪੂਰਤੀ ਲਈ ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਤਨਦੇਹੀ ਨਾਲ ਯਤਨ ਆਰੰਭੇ ਗਏ ਹਨ। ਇਸ ਸਬੰਧੀ ਇੱਕ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਸਮੁੱਚੇ ਯੂਰਪ ਦੇ ਪਹਿਲੇ ਪਗੜੀਧਾਰੀ ਸਿੱਖ ਸੰਸਦ ਮੈਂਬਰ ਬਣੇ ਬਰਤਾਨੀਆਂ ਦੀ ਲੇਬਰ ਪਾਰਟੀ ਦੇ ਨੇਤਾ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ, ਪਿਛਲੇ ਦਿਨੀਂ ਉਨ੍ਹਾਂ ਏਅਰ ਇੰਡੀਆ ਦੀ ਯੂਰਪੀਨ ਉਡਾਣਾਂ ਦੀ ਮੁੱਖੀ ਤਾਰਾ ਨਾਇਡੂ ਨਾਲ ਪੱਛਮੀ ਲੰਦਨ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਲੋਹ ਦੇ ਵਪਾਰੀ ਤਨਸੀਰ ਬੁਖਾਰੀ ਵੀ ਹਾਜ਼ਰ ਸਨ।
ਇਸ ਮੀਟਿੰਗ ਦੌਰਾਨ ਢੇਸੀ ਨੇ ਨਾਇਡੂ ਨੂੰ ਕਿਹਾ ਕਿ, ਕੌਮਾਂਤਰੀ ਪ੍ਰਸਿੱਧੀ ਹਾਸਲ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਯੂਕੇ ਤੋਂ ਬੰਦ ਪਈਆਂ ਸਿੱਧੀਆਂ ਉਡਾਣਾਂ ਮੁੜ੍ਹ ਚਾਲੂ ਕੀਤੀਆਂ ਜਾਣ, ਕਿਉਂਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਇਹ ਚਿਰੋਕਣੀ ਮੰਗ ਹੈ। ਉਨ੍ਹਾਂ ਏਅਰ ਇੰਡੀਆ ਦੀ ਅਧਿਕਾਰੀ ਨੂੰ ਸਲਾਹ ਦਿੱਤੀ ਕਿ, ਲੰਡਨ ਦੇ ਹੀਥਰੋ ਹਵਾਈ ਅੱਡੇ ਅਤੇ ਨਵੀਂ ਦਿੱਲੀ ਵਿਚਕਾਰ ਰੋਜਾਨਾ ਚੱਲਦੀਆਂ ਤਿੰਨ ਸਿੱਧੀਆਂ ਉਡਾਣਾਂ ਵਿੱਚੋਂ ਘੱਟੋ-ਘੱਟ ਇੱਕ ਉਡਾਣ ਨੂੰ ਸਿੱਧੀ ਅੰਮ੍ਰਿਤਸਰ ਤੱਕ ਕੀਤਾ ਜਾਵੇ ਤਾਂ ਜੋ ਉੱਤਰੀ ਰਾਜਾਂ ਦੇ ਆਮ ਲੋਕ ਅਤੇ ਵਪਾਰੀ ਵੀ ਇਸ ਸਿੱਧੀ ਉਡਾਣ ਦਾ ਫਾਇਦਾ ਉਠਾ ਸਕਣ। ਤਾਰਾ ਨਾਇਡੂ ਨੇ ਉਨ੍ਹਾਂ ਦੀ ਦਲੀਲ ਨੂੰ ਗੌਰ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਉਹ ਇਸ ਤਜ਼ਵੀਜ਼ ਸਬੰਧੀ ਨਵੀਂ ਦਿੱਲੀ ਸਥਿਤ ਏਅਰ ਇੰਡੀਆ ਦੇ ਉਚ ਅਧਿਕਾਰੀਆਂ ਨੂੰ ਸਿਫ਼ਾਰਸ਼ ਕਰਗਨਗੇ। ਇਸ ਤੋਂ ਇਲਾਵਾ ਢੇਸੀ ਨੇ ਬੀਤੇ ਦਿਨੀਂ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨਰ ਵਾਈ ਕੇ ਸਿਨਹਾ ਨਾਲ ਵੀ ਮੀਟਿੰਗ ਕੀਤੀ ਅਤੇ ਉਨਾਂ ਨੂੰ ਇਸ ਮੁੱਦੇ ‘ਤੇ ਇੱਕ ਮੰਗ ਪੱਤਰ ਸੌਂਪਦਿਆਂ ਭਾਰਤ ਸਰਕਾਰ ਨਾਲ ਇਹ ਮਸਲਾ ਉਠਾਉਣ ਲਈ ਕਿਹਾ।
ਢੇਸੀ ਨੇ ਇਸ ਤੋਂ ਪਹਿਲਾਂ ਹਾਲ ਹੀ ਵਿੱਚ ਆਪਣੇ ਭਾਰਤੀ ਦੌਰੇ ਸਮੇਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ, ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸ਼ੁਸ਼ਮਾ ਸਵਰਾਜ, ਸ਼ਹਿਰੀ ਹਵਾਬਾਜ਼ੀ ਮੰਤਰੀ ਜਯੰਤ ਸਿਨਹਾ, ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਮੁਖੀ ਵਿਜੇ ਸਾਂਪਲਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀ ਇਸ ਸਬੰਧੀ ਮੀਟਿੰਗਾਂ ਕੀਤੀਆਂ ਹਨ। ਇਸ ਮੁੱਦੇ ‘ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਹਵਾਈ ਉਡਾਣ ਕੰਪਨੀਆਂ ਵੱਲੋਂ ਰਾਜ ਸਰਕਾਰ ਕੋਲ ਪਹੁੰਚ ਕੀਤੇ ਜਾਣ ‘ਤੇ ਉਨਾਂ ਨੂੰ ਲੌਂੜੀਂਦੀ ਪ੍ਰਤੀਪੂਰਤੀ ਲਈ ਹਰ ਹਾਲਤ ਵਿੱਚ ਮਦਦ ਕੀਤੀ ਜਾਵੇਗੀ।
ਢੇਸੀ ਨੇ ਪਿਛਲੇ ਦਿਨੀਂ ਲੰਡਨ ਸਥਿੱਤ ਹਵਾਈ ਕੰਪਨੀ ‘ਵਰਜਿਨ ਐਟਲਾਂਟਿਕ’ ਦੇ ਸੀਨੀਅਰ ਮੈਨੇਜਰ ਡੇਵਿਡ ਹੌਜ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪਵਿੱਤਰ ਨਗਰੀ ਅਤੇ ਕੌਮਾਂਤਰੀ ਸੈਲਾਨੀ ਕੇਂਦਰ ਅੰਮ੍ਰਿਤਸਰ ਲਈ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੇ ਫਾਇਦਿਆਂ ਸਬੰਧੀ ਅੰਕੜਿਆਂ ਅਤੇ ਤੱਥਾਂ ਸਮੇਤ ਜਾਣਕਾਰੀ ਦਿੱਤੀ। ਵਰਜਿਨ ਕੰਪਨੀ ਦੇ ਅਧਿਕਾਰੀ ਨੇ ਵੀ ਢੇਸੀ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਤਜ਼ਵੀਜ਼ ਬਾਰੇ ਕੰਪਨੀ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਫ਼ੈਸਲਾ ਲੈਣਗੇ। ਸੰਸਦ ਮੈਂਬਰ ਢੇਸੀ ਨੇ ਦ੍ਰਿੜਤਾ ਦਿਖਾਉਂਦਿਆਂ ਕਿਹਾ ਕਿ, ਉਹ ਪੰਜਾਬ ਅਤੇ ਬਰਤਾਨੀਆਂ ਵਿਚਾਲੇ ਸਿੱਧੀਆਂ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।