ਅੱਜ ਦਾ ਪੰਜਾਬ ਵਧੇਰੇ ਸ਼ਾਂਤਮਈ ਅਤੇ ਅਵਾਮ ਨੂੰ ਸਮਰਪਿਤ – ਅਵਤਾਰ ਸਿੰਘ

punjabਪੰਜਾਬ ਵਿਚ ਖੁਸ਼ਹਾਲੀ ਦਾ ਦੌਰ ਇੰਜ ਪਰਤਿਆ ਹੈ ਜਿਵੇਂ ਕਾਲੇ ਬੱਦਲਾਂ ਦੇ ਛਟਣ ਤੋਂ ਬਾਅਦ ਸੂਰਜ ਦੀਆਂ ਕਿਰਨਾਂ ਚਾਨਣ ਬਿਖੇਰਦੀਆਂ ਹਨ। ਅੱਜ ਪੰਜਾਬ ਦਾ ਕਿਸਾਨ ਸੂਝਵਾਨ ਨਜਰ ਆਉਂਦਾ ਹੈ, ਕਿਉਂਕਿ ਕਿਰਸਾਨੀ ਵਿਚ ਆਉਣ ਵਾਲੀ ਨਵੀਂ ਪੀੜ੍ਹੀ ਸਿੱਖਿਆ ਪੱਖੋਂ ਬਹੁਤ ਹੀ ਬੁੱਧੀਮਾਨ ਅਤੇ ਕਾਰਜਸ਼ੀਲ ਹੈ। ਇਕ ਸਮਾਂ ਸੀ ਜਦੋਂ ਕਿਸਾਨ ਆਪਣੇ ਖੇਤਾਂ ਵਿਚ ਜਾਣ ਤੋਂ ਡਰਦਾ ਸੀ ਜਾਂ ਦਿਨ ਛਿਪਣ ਤੋਂ ਪਹਿਲਾਂ ਘਰ ਨੂੰ ਪਰਤਣ ਦੀ ਸੋਚਦਾ ਸੀ। ਫਸਲਾਂ ਦੀ ਬਿਜਾਈ ਵੀ ਇਨਾਂ ਮਸਲਿਆਂ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਸੀ। ਪੰਜਾਬ ਦੇ ਕਈ ਖਿੱਤਿਆਂ ਵਿਚ ਕਮਾਦ ਦੀ ਬਿਜਾਈ ‘ਤੇ ਇਸ ਕਰ ਕੇ ਪਾਬੰਦੀ ਸੀ, ਕਿਉਂਕਿ ਸੰਘਣੇ ਕਮਾਦ ਦਾ ਲਾਹਾ ਲੈ ਸ਼ਰਾਰਤੀ ਅਨਸਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ, ਪਰ ਅੱਜ ਖੇਮਕਰਨ ਵਰਗੇ ਇਲਾਕੇ ਜਿੱਥੇ ਤਿੱਖੜ ਦੁਪਹਿਰੇ ਗੁਜਰਨਾ ਮੁਸ਼ਕਿਲ ਸੀ, ਉੱਥੇ ਕਿਸਾਨ ਅਵਤਾਰ ਸਿੰਘ ਆਪਣੀ ਆਧੁਨਿਕ ਖੇਤੀ ਦਾ ਵੇਰਵਾ ਦਿੰਦੇ ਦੱਸਦੇ ਹਨ ਕਿ ਹੁਣ ਇਹ ਇਲਾਕਾ ਪਹਿਲਾਂ ਵਾਂਗ ਨਹੀਂ ਰਿਹਾ। ਸੰਘਣੀ ਅਬਾਦੀ ਅਤੇ ਖੇਤੀਬਾੜੀ ਤੋਂ ਇਲਾਵਾ ਡੇਅਰੀ ਫਾਰਮਿੰਗ ਦਾ ਕੰਮ ਇਸ ਹਲਕੇ ਵਿਚ ਜੋਰਾਂ ‘ਤੇ ਹੈ। ਉਹ ਦੱਸਦੇ ਹਨ ਕਿ ਇਕ ਸਮਾਂ ਸੀ ਜਦੋਂ ਖੇਮਕਰਨ ਹਲਕੇ ਦੇ ਡੇਰਿਆਂ ਵਿਚ ਰਹਿਣ ਵਾਲੇ ਲੋਕ ਦੂਰ ਦੁਰਾਡੇ ਸ਼ਹਿਰਾਂ ਵਿਚ ਜਾ ਵੱਸੇ ਸਨ। ਇਨਾਂ ਇਲਾਕਿਆਂ ਵਿਚ ਲੋਕ ਮੁੜ ਵਸੇਬਾ ਕਰ ਚੁੱਕੇ ਹਨ ਅਤੇ ਪੰਜਾਬ ਦੇ ਕਿਸਾਨ ਹੀ ਨਹੀਂ ਸਗੋਂ ਪ੍ਰਵਾਸੀ ਮਜਦੂਰ ਵੀ ਬੇਖੌਫ ਹੋ ਪੰਜਾਬੀ ਕਿਸਾਨਾਂ ਦਾ ਹੱਥ ਵਟਾਉਂਦੇ ਹਨ। ਅਵਤਾਰ ਸਿੰਘ ਦਾ ਮੰਨਣਾ ਹੈ ਕਿ, ਜਿਹੜੇ ਲੋਕ ਬੀਤੇ ਕਈ ਦਹਾਕਿਆਂ ਤੋਂ ਪੰਜਾਬ ਵੱਲ ਨਹੀਂ ਪਰਤੇ, ਉਨ੍ਹਾਂ ਨੂੰ ਇਕ ਵਾਰ ਪੰਜਾਬ ਦੀ ਅਬੋ ਹਵਾ ਵਿਚ ਝਾਤ ਜਰੂਰ ਮਾਰਨੀ ਚਾਹੀਦੀ ਹੈ। ਜਿਸ ਨਾਲ ਉਨ੍ਹਾਂ ਨੂੰ ਅੱਜ ਦੇ ਪੰਜਾਬ ਅਤੇ 80 ਤੋਂ 1990 ਦੇ ਪੰਜਾਬ ਦਾ ਫਰਕ ਸਮਝ ਆ ਸਕੇ। ਮਿਹਨਤਕਸ਼ ਲੋਕ ਪੰਜਾਬ ਦੀ ਧਰਤੀ ਵਿਚੋਂ ਵੀ ਵਧੀਆ ਵਪਾਰ ਕਰਦੇ ਹਨ। ਪੰਜਾਬ ਹੁਣ ਉਹ ਪੰਜਾਬ ਨਹੀਂ ਜਿਸ ਨੂੰ ਕਾਲੇ ਹਨੇਰੇ ਵਾਂਗ ਦੇਖਿਆ ਜਾਂਦਾ ਸੀ, ਬਲਕਿ ਹੁਣ ਦਾ ਪੰਜਾਬ ਵਧੇਰੇ ਸ਼ਾਂਤਮਈ ਅਤੇ ਅਵਾਮ ਨੂੰ ਸਮਰਪਿਤ ਹੈ।