ਅੱਤਵਾਦ ਦੇ ਖਾਤਮੇ ਬਾਅਦ ਅੱਜ ਪੰਜਾਬ ਦੇਸ਼ ਦੀ ਮੁੱਖ ਉਦਯੋਗਕ ਸਟੇਟ ਹੈ

industryਪੰਜਾਬ ਉਦਯੋਗਿਕ ਖੁਸ਼ਹਾਲੀ ਨੂੰ ਮੁੜ ਮਾਣ ਰਿਹਾ ਹੈ, ਜੋ ਕਿ ਅੱਤਵਾਦ ਦੇ ਦਿਨਾਂ ਵਿਚ ਪੰਜਾਬ ਵਿਚੋਂ ਗਾਇਬ ਹੋ ਚੁੱਕੀ ਸੀ। ਅੱਤਵਾਦ ਦੇ ਦਿਨਾਂ ਦੌਰਾਨ ਪੰਜਾਬ ਵਿਚ ਵੱਡੇ ਉਦਯੋਗਿਕ ਘਰਾਣੇ ਅਤੇ ਉਨ੍ਹਾਂ ਦੇ ਪਰਿਵਾਰ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਜਾਂ ਦੂਰ ਦੁਰਾਡੇ ਇਲਾਕਿਆਂ ਵਿਚ ਪ੍ਰਵਾਸ ਕਰ ਗਏ ਸਨ। ਅੱਤਵਾਦ ਦੇ ਡਰ ਕਾਰਨ ਪੰਜਾਬ ਨੂੰ ਵੱਡਾ ਉਦਯੋਗਿਕ ਨੁਕਸਾਨ ਹੋਇਆ। ਅੱਤਵਾਦ ਦੇ ਖਤਮ ਹੋਣ ਉਪਰੰਤ ਪੰਜਾਬ ਵਿਚ ਮੁੜ ਉਦਯੋਗ ਸਥਾਪਿਤ ਹੋਣ ਲੱਗਾ ਅਤੇ ਅੱਜ ਪੰਜਾਬ ਦੇਸ਼ ਦੀ ਮੁੱਖ ਉਦਯੋਗਕ ਸਟੇਟ ਹੈ। ਫੈਡਰੇਸ਼ਨ ਆੱਫ ਹੋਟਲ ਅਤੇ ਰੈਸਟੋਰੈਂਟ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ, ਪੰਜਾਬ ਦੇ ਲੋਕਾਂ ਨੇ ਖੁਦ ਮਿਹਨਤ ਕਰ ਕੇ ਪੰਜਾਬ ਨੂੰ ਉਦਯੋਗਿਕ ਹਬ ਬਣਾਇਆ ਹੈ, ਬਾਵਜੂਦ ਕਿ ਭਾਰਤੀ-ਪਾਕਿਸਤਾਨ ਜੰਗ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਸੀ। ਉਸ ਉਪਰੰਤ ਪੰਜਾਬ ਵਿਚ ਅੱਤਵਾਦ ਨੇ ਪੰਜਾਬ ਨੂੰ ਮੁੜ ਪਿੱਛੇ ਧੱਕ ਦਿੱਤਾ, ਪਰ ਪੰਜਾਬੀਆਂ ਦੀ ਮਿਹਨਤ ਸਦਕਾ ਪੰਜਾਬ ਵਿਚ ਮੁੜ ਉਦਯੋਗ ਅਤੇ ਵਪਾਰ ਸਥਾਪਿਤ ਹੋ ਸਕਿਆ ਹੈ। ਸੁਰਿੰਦਰ ਸਿੰਘ ਅਨੁਸਾਰ ਅੱਤਵਾਦ ਦੌਰਾਨ ਪੱਖੇ, ਸਿਲਕ, ਕੰਬਲ ਅਤੇ ਹੋਰ ਘਰੇਲੂ ਸਾਜੋ ਸਮਾਨ ਨਾਲ ਸਬੰਧਿਤ ਉਦਯੋਗ ਅੱਤਵਾਦ ਦੌਰਾਨ ਪੰਜਾਬ ਨਾਲ ਲੱਗਦੇ ਸੂਬਿਆਂ ਵਿਚ ਜਾ ਸਥਾਪਿਤ ਹੋਏ ਸਨ। ਇੱਥੋਂ ਤੱਕ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜ੍ਹਲੇ ਗਲਿਆਰੇ ਜਾਂ ਲਾਰੈਂਸ ਰੋਡ ‘ਤੇ ਅੱਧੀ ਰਾਤ ਨੂੰ ਵੀ ਬੇਖੌਫ ਘੁੰਮਿਆ ਫਿਰਿਆ ਜਾ ਸਕਦਾ ਹੈ, ਜਦਕਿ ਇਹ ਅੱਤਵਾਦ ਦੇ ਸਮੇਂ ਦੌਰਾਨ ਸੰਭਵ ਨਹੀਂ ਸੀ। ਸ਼ਾਮ ਨੂੰ 5 ਵਜੇ ਦੇ ਕਰੀਬ ਲੋਕ ਆਪਣੇ ਆਪ ਨੂੰ ਘਰਾਂ ਵਿਚ ਡੱਕ ਲੈਂਦੇ ਸਨ। ਪੰਜਾਬ ਵਿਚੋਂ ਨਾਲ ਦੇ ਸੂਬਿਆਂ ਵਿਚ ਗਈਆਂ ਉਦਯੋਗਿਕ ਕੰਪਨੀਆਂ ਸ਼ਾਂਤੀ ਬਹਾਲ ਹੋਣ ਉਪਰੰਤ ਇਕ ਇਕ ਕਰ ਮੁੜ ਘਰਾਂ ਨੂੰ ਪਰਤ ਰਹੀਆਂ ਹਨ। ਉਨ੍ਹਾਂ ਕਿਹਾ ਕਿ, ਵਿਦੇਸ਼ੀ ਤਾਕਤਾਂ ਬੁਰਾ ਪ੍ਰਭਾਵ ਛੱਡਦੀਆਂ ਹਨ, ਜਿਸ ਕਾਰਨ ਮਾਹੌਲ ਨੂੰ ਤਣਾਅਪੂਰਨ ਬਣਾਈ ਰੱਖਿਆ ਜਾਵੇ, ਪਰ ਹੁਣ ਲੋਕ ਵੱਖਵਾਦੀ ਸੋਚ ਨਾਲ ਰਿਸ਼ਤਾ ਕਾਇਮ ਨਹੀਂ ਕਰਨਾ ਚਾਹੁੰਦੇ। ਗੁਆਂਢੀ ਮੁਲਕ ਆਪਣੀ ਜਿੰਨੀ ਮਰਜੀ ਵਾਹ ਲਾ ਲੈ, ਪਰ ਉਨ੍ਹਾਂ ਦੇ ਨਿੱਜੀ ਸਵਾਰਥ ਨੂੰ ਬੂਰ ਨਹੀਂ ਪੈਣਾ। ਹੁਣ ਸਥਿਤੀ ਅਜਿਹੀ ਹੈ ਕਿ ਪੰਜਾਬ ਦੀ ਉਦਯੋਗਿਕ ਸ਼ਮੂਲੀਅਤ ਸਮੂਹ ਭਾਰਤ ਦੇ ਸੂਬਿਆਂ ਨੂੰ ਵੀ ਪਹਿਚਾਨਣੀ ਪਵੇਗੀ, ਕਿਉਂਕਿ ਪੰਜਾਬ, ਭਾਰਤ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ। ਖੇਤੀਬਾੜੀ ਤੋਂ ਇਲਾਵਾ ਪੰਜਾਬ ਵੱਡੀ ਗਿਣਤੀ ਵਿਚ ਉਦਯੋਗਿਕ ਉਤਪਾਦ ਭਾਰਤ ਨੂੰ ਪ੍ਰਦਾਨ ਕਰਵਾਉਂਦਾ ਹੈ। ਪੰਜਾਬ ਹਮੇਸ਼ਾਂ ਚੜ੍ਹਦੀ ਕਲ੍ਹਾ ਵਿਚ ਰਿਹਾ ਹੈ ਅਤੇ ਰਹੇਗਾ।
ਅੰਮ੍ਰਿਤਸਰ ਦੇ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਏ ਪੀ ਐਸ ਚੱਠਾ ਨੇ ਕਿਹਾ ਕਿ 84 ਤੋਂ ਬਾਅਦ ਪੰਜਾਬ ਦੀ ਹੌਜਰੀ ਅਤੇ ਹਾਸਪਿਟੈਲਿਟੀ ਇੰਡਸਟਰੀ ਮੁੜ ਪੈਰਾਂ ‘ਤੇ ਖੜੀ ਹੋ ਰਹੀ ਹੈ। ਉਨ੍ਹਾਂ ਵੱਖਵਾਦੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ, ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਵੱਖਵਾਦੀ ਮਸਲਾ ਨਹੀਂ ਹੈ। ਹਿੰਦੂ, ਸਿੱਖ, ਮੁਸਲਿਮ, ਕਰਿਸਚਨ ਸਾਰੇ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ ਅਤੇ ਜਿਹੜੇ ਅਜਿਹੀ ਗੱਲ ਕਰਦੇ ਹਨ, ਉਹ ਸ਼ਾਇਦ ਪੰਜਾਬ ਬਾਰੇ ਬਹੁਤਾ ਗਿਆਨ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ, ਆਪਣੇ ਨਿੱਜੀ ਸਵਾਰਥ ਦੀ ਪੂਰਤੀ ਲਈ ਵਿਦੇਸ਼ੀ ਤਾਕਤਾਂ ਦੇ ਹੱਥਾਂ ਵਿਚ ਖੇਡਣ ਵਾਲੇ ਅਜਿਹੀ ਗੱਲ ਕਰਦੇ ਹਨ।
ਪੰਜਾਬ ਪ੍ਰਦੇਸ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਨੇ ਖੁਲਾਸਾ ਕੀਤਾ ਕਿ, 2002 ਵਿਚ ਸਿਰਫ ਦੋ ਸ਼ਟਲਲੈੱਸ ਲੂਮਜ਼ ਸਥਾਪਿਤ ਸਨ, ਜਿਨ੍ਹਾਂ ਦੀ ਗਿਣਤੀ ਵਧ ਕੇ 500 ਹੋ ਗਈ ਹੈ। ਸ਼ਾਲ ਇੰਡਸਟਰੀ ਦਿਨੋਂ ਦਿਨ ਵਧ ਰਹੀ ਹੈ। ਸ਼ਾਲ ਉਦਯੋਗ ਵਿਚ ਸਿਰਫ ਲੁਧਿਆਣੇ ਅੰਦਰ ਕਈ ਹਜਾਰ ਕਰੋੜ ਦਾ ਨਿਵੇਸ਼ ਹੋਇਆ ਹੈ। ਪੰਜਾਬ ਪ੍ਰਦੇਸ ਅੰਦਰ ਸ਼ਾਂਤੀ ਬਹਾਲ ਹੋਣ ਉਪਰੰਤ ਪੰਜਾਬ ਵਿਚੋਂ 1200 ਕਰੋੜ ਦੇ ਸ਼ਾਲ ਨਿਰਯਾਤ ਹੋਏ ਹਨ। ਕੁੱਲ ਭਾਰਤ ਵਿਚੋਂ ਉੱਨ ਅਤੇ ਉੱਨ ਦਾ ਨਿਰਯਾਤ 3136 ਕਰੋੜ ਦਾ ਹੋਇਆ। ਉਨ੍ਹਾਂ ਕਿਹਾ ਕਿ, ਇਸ ਵਿਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਵਿਚ ਵਪਾਰ ਅਤੇ ਉਦਯੋਗ ਸਿਖ਼ਰਾਂ ਛੂਹ ਰਿਹਾ ਹੈ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ