ਆਖਿਰ ਕਿਉਂ ਅੱਜ ਅਸੀ ਹਿੰਦੂ, ਸਿੱਖ, ਈਸਾਈ ਅਤੇ ਮੁਸਲਮਾਨ ਹਾਂ? ਪਰ ਭਾਰਤੀਅਤਾ ਸਾਡੇ ਰਹਿਣ ਸਹਿਣ ਵਿਚੋਂ ਅਲੋਪ ਹੁੰਦੀ ਜਾ ਰਹੀ ਹੈ!

ਜੇ ਭਾਰਤ ਰਹੇਗਾ ਤਾਂ ਹੀ ਸਭ ਦਾ ਮਾਣ ਕਾਇਮ ਰਹੇਗਾ!!
indiaਭਾਵੇਂ ਸੰਸਾਰ ਦਾ ਕੋਈ ਵੀ ਦੇਸ਼ 100 ਫ਼ੀਸਦੀ ਅਪਣੇ ਨਾਗਰਿਕਾਂ ਨੂੰ ਖ਼ੁਸ਼ ਨਹੀਂ ਕਰ ਸਕਦਾ, ਨਾ ਹੀ ਕੋਈ ਵਿਸ਼ੇਸ਼ ਰਾਜ ਪ੍ਰਬੰਧ ਹੀ ਅਜਿਹਾ ਕ੍ਰਿਸ਼ਮਾ ਕਰ ਸਕਣ ਦੇ ਸਮਰੱਥ ਹੈ, ਪਰ ਸ਼ਾਸਨ ਦੇ ਚੰਗੇ ਜਾਂ ਬੁਰੇ ਹੋਣ ਦੀ ਪਹਿਚਾਣ ਨਾਗਰਿਕਾਂ ਨੂੰ ਮਿਲੇ ਅਧਿਕਾਰਾਂ ਤੋਂ ਹੀ ਕੀਤੀ ਜਾ ਸਕਦੀ ਹੈ।
ਸਦੀਆਂ ਦੀ ਤਾਨਾਸ਼ਾਹੀ (ਗ਼ੁਲਾਮੀ) ਦਾ ਸੰਤਾਪ ਭੋਗਣ ਤੋਂ ਪਿਛੋਂ ਭਾਰਤ ਦੇ ਮਹਾਨ ਸੂਰਬੀਰਾਂ ਨੇ ਏਕੇ ਦਾ ਸਬੂਤ ਦੇ ਕੇ ਬਿਨਾਂ ਜਾਤ-ਪਾਤ ਧਰਮ ਦੀਆਂ ਗਿਣਤੀਆਂ-ਮਿਣਤੀਆਂ ਤੋਂ ਸਾਂਝੇ ਤੌਰ ‘ਤੇ ਆਜ਼ਾਦੀ ਪ੍ਰਾਪਤ ਕੀਤੀ। ਭਾਰਤ ਤਾਂ ਅਸਲ ਵਿਚ ਐਨੇ ਲੰਮੇ ਸਮੇਂ ਲਈ ਗ਼ੁਲਾਮ ਰਿਹਾ ਕਿ ਇਥੋਂ ਦੀ ਜਨਤਾ ਵਿਚੋਂ ਆਜ਼ਾਦੀ ਪ੍ਰਾਪਤ ਕਰਨ ਵਾਲੀ ਚਿਣਗ ਹੀ ਬੁੱਝ ਚੁੱਕੀ ਸੀ। ਭਾਰਤੀ ਵੀਰਾਂ ਨੂੰ (ਖ਼ਾਸ ਕਰ ਕੇ ਪੰਜਾਬੀਆਂ ਨੂੰ) ਰੋਜ਼ੀ-ਰੋਟੀ ਦੇ ਜੁਗਾੜ ਲਈ ਅਤੇ ਅਮੀਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਵਿਦੇਸ਼ਾਂ ਵਿਚ ਜਾਣਾ ਪਿਆ, ਜਿਨ੍ਹਾਂ ਨੇ ਉੱਥੇ ਆਜ਼ਾਦ ਲੋਕਾਂ (ਦੇਸ਼ਾਂ) ਦੇ ਵਿਕਾਸ ਅਤੇ ਜਨਤਾ ਨੂੰ ਮਿਲੇ ਅਧਿਕਾਰਾਂ ਦੀ ਸਥਿਤੀ ਨੇੜੇ ਹੋ ਕੇ ਵੇਖੀ। ਬਸ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਸਭ ਕੁਝ ਦਾਅ ‘ਤੇ ਲਾਉਣ ਵਾਲੇ ਭਾਰਤੀਆਂ ਦਾ ਕਾਫ਼ਲਾ ਦਿਨੋਂ-ਦਿਨ ਲੰਮਾ ਹੀ ਹੁੰਦਾ ਗਿਆ।
ਅੱਜ 70 ਸਾਲ ਦੇ ਲਗਭਗ ਸਮਾਂ ਬੀਤ ਚੁੱਕਾ ਹੈ ਅਤੇ ਜਿਨ੍ਹਾਂ ਔਗੁਣਾਂ ਕਰ ਕੇ ਕਦੇ ਭਾਰਤ ਗ਼ੁਲਾਮ ਹੋਇਆ ਸੀ, ਅੱਜ ਉਸੇ ਕਾਰਨ ਸਾਡੀ ਭਾਈਚਾਰਕ ਸਾਂਝ ਦਿਨੋਂ-ਦਿਨ ਘਟਦੀ ਜਾ ਰਹੀ ਹੈ। ਅਸਲ ਵਿਚ ਇਹ ਇਕੋ -ਇਕ ਕਾਰਨ ਹੈ ਕਿ ਅੱਜ ਭਾਰਤੀਆਂ ਦੀ ਇਕ ਭਾਰਤੀ ਦੇ ਤੌਰ ‘ਤੇ ਪਛਾਣ ਨਹੀਂ ਬਣ ਸਕੀ। ਅੱਜ ਅਸੀਂ ਹਿੰਦੂ, ਸਿੱਖ, ਈਸਾਈ ਅਤੇ ਮੁਸਲਮਾਨ ਹਾਂ, ਪਰ ਭਾਰਤੀਅਤਾ ਸਾਡੇ ਰਹਿਣ-ਸਹਿਣ ਦੇ ਤੌਰ ਤਰੀਕਿਆਂ ਵਿਚੋਂ ਅਲੋਪ ਹੁੰਦੀ ਜਾ ਰਹੀ ਹੈ। ਵਿਦੇਸ਼ਾਂ ਵਿੱਚ ਆਪਣੀ ਬਹੁਗਿਣਤੀ ਦੇ ਸਿਰ ‘ਤੇ ਭਾਰਤੀ ਭਾਈਚਾਰਾ ਦਿਨੋਂ-ਦਿਨ ਅਸਹਿਣਸ਼ੀਲਤਾ ਵੱਲ ਵਧ ਰਿਹਾ ਹੈ। ਭਾਰਤੀ ਲੋਕ ਜਾਤਾਂ, ਮਜ਼ਹਬਾਂ ਦੀਆਂ ਵਲਗਣਾਂ ਤੋਂ ਬਾਹਰ ਨਹੀਂ ਆ ਰਹੇ ਜਿਸ ਦਾ ਭਵਿੱਖ ਵਿਚ ਭਾਰਤ ਦੇ ਵਿਕਾਸ ਉਤੇ ਬਹੁਤ ਬੁਰਾ ਅਸਰ ਪਵੇਗਾ।
ਭਾਰਤੀਆਂ ਵਿੱਚ ਅਪਣੇ ਧਰਮਾਂ ਦੇ ਲੋਕਾਂ ਨੂੰ ਵੀ ਵਿਤਕਰੇ ਦਾ ਸਾਹਮਣਾ ਕਰਨਾ ਪਵੇ ਤਾਂ ਭਾਰਤੀਆਂ ਦੀ ਗਿਣਤੀ ਕਿਵੇਂ ਵਧੇਗੀ? ਜਦੋਂ ਤੱਕ ਕੱਟੜਪੰਥੀ ਵੀਰ ਆਪਣੀ ਮਨੂੰ ਸਮ੍ਰਿਤੀ ਨੂੰ ਅਲਵਿਦਾ ਨਹੀਂ ਕਹਿ ਦਿੰਦੇ ਉਦੋਂ ਤਕ ਲੋਕ ਵੱਖ-ਵੱਖ ਧਰਮ ਅਖਤਿਆਰ ਕਰਦੇ ਹੀ ਰਹਿਣਗੇ। ਸਮਾਂ ਵਿਚਾਰਨ ਅਤੇ ਸੁਧਾਰ ਕਰਨ ਨਾਲ ਹੀ ਕੁਝ ਹੋ ਸਕਦਾ ਹੈ। ਵੈਸੇ ਵੀ ਅੱਜ ਅੰਗਰੇਜ਼ ਸ਼ਾਸਨ ਕੋਲ ਮੁਆਫ਼ੀਨਾਮੇ ਲਿਖ ਕੇ ਜਾਨ ਬਖ਼ਸ਼ੀਆਂ ਕਰਵਾਉਣ ਵਾਲਿਆਂ ਨੂੰ ਦੇਸ਼ ਭਗਤ ਮੰਨਿਆ ਜਾਂਦਾ ਹੈ ਅਤੇ ਦੇਸ਼ ਲਈ ਮਰ ਮਿਟਣ ਵਾਲਿਆਂ ਉਤੇ ਸ਼ੱਕ ਕੀਤਾ ਜਾਂਦਾ ਹੈ। ਸਮਾਂ ਹੈ ਵਿਚਾਰ ਕੇ ਚੱਲਣ ਦਾ! ਜੇ ਭਾਰਤ ਰਹੇਗਾ ਤਾਂ ਹੀ ਸਭ ਦਾ ਮਾਣ ਕਾਇਮ ਰਹੇਗਾ, ਪਰ ਆਪਣਿਆਂ ਦਾ ਹਰ ਰੋਜ਼ ਅਪਮਾਨ ਕਰਾਂਗੇ ਤਾਂ ਭਾਰਤ ਦਾ ਮਾਣ ਵੀ ਗੁਆਚ ਜਾਵੇਗਾ।
ਇਹ ਦੇਸ਼ ਕਿਸੇ ਇਕ ਜਾਤ ਜਾਂ ਫ਼ਿਰਕੇ ਦੀ ਜਾਗੀਰ ਨਹੀਂ। ਆਜ਼ਾਦੀ ਸਮੇਂ ਲਗਭਗ 563 ਰਿਆਸਤਾਂ ਦੇ ਮੁੱਖੀਆਂ ਨੇ ਆਪਣਾ ਮਾਣ ਛੱਡ ਕੇ ਦੇਸ਼ ਨੂੰ ਮਜ਼ਬੂਤ ਕਰਨ ਲਈ ਆਪਣਾ ਭਵਿੱਖ ਭਾਰਤ ਨਾਲ ਜੋੜ ਦਿੱਤਾ ਸੀ। ਆਸ ਦੀ ਕਿਰਨ ਹਾਲੇ ਬਾਕੀ ਹੈ, ਕਿਉਂਕਿ ਬਹੁਤ ਸਾਰੇ ਵਿਦਵਾਨ ਅਤੇ ਸੂਝਵਾਨ ਭਾਰਤੀ ਅਜੇ ਦੇਸ਼ ਵਿਚ ਹਨ ਜੋ ਭਾਰਤੀ ਵਿਰੁੱਧ ਬੋਲਣ ਵਾਲੇ ਦੀਆਂ ਕਾਰਵਾਈਆਂ ਨੂੰ ਨਿੰਦਣਯੋਗ ਮੰਨਦੇ ਹਨ। ਸਮੇਂ-ਸਮੇਂ ‘ਤੇ ਇਸ ਬਾਬਤ ਆਵਾਜ਼ ਵੀ ਬੁਲੰਦ ਕਰਦੇ ਰਹਿੰਦੇ ਹਨ। ਭਾਰਤ ਨੂੰ ਪਿਆਰ ਨਾਲ ਇਕ ਰੱਖਿਆ ਜਾ ਸਕਦਾ ਹੈ। ਅੱਜ ਬੰਨ੍ਹ ਕੇ ਕੋਈ ਅਖੌਤੀ ਆਖੰਡਤਾ ਨੂੰ ਕਾਇਮ ਨਹੀਂ ਰੱਖ ਸਕਦਾ। ਅੰਤਰਰਾਸ਼ਟਰੀ ਮਾਨਤਾਵਾਂ ਅਜਿਹਾ ਕਰਨ ਦੇ ਹੱਕ ਵਿਚ ਨਹੀਂ ਹਨ। ਵਿਦੇਸ਼ਾਂ ਦੇ ਸੁਹਿਰਦ ਭਾਰਤੀ ਵੀਰਾਂ ਨੂੰ ਬੇਨਤੀ ਹੈ ਕਿ ਉਹ ਆਪਸੀ ਏਕਤਾ ਬਣਾਉਣ ਤਾਂ ਜੋ ਭਾਰਤ ਦਾ ਮਾਣ ਬਣਿਆ ਰਹੇ। ਅੱਜ ਜੇ ਦੇਸ਼ ਨੂੰ ਮਜ਼ਬੂਤ ਕਰਨਾ ਹੈ ਤਾਂ ਇਨ੍ਹਾਂ ਸਾਰੇ ਵਿਤਕਰਿਆਂ ਨੂੰ ਬੰਦ ਕਰਨਾ ਹੀ ਪਵੇਗਾ ਨਹੀਂ ਤਾਂ ਭਾਰਤ ਦਾ ਰੂਸ ਵਾਂਗ ਖੰਡ-ਖੰਡ ਹੋਣਾ ਕੋਈ ਦੂਰ ਨਹੀਂ ਹੈ। ਅੱਜ ਕੱਟੜ ਜਥੇਬੰਦੀਆਂ ਭਾਰਤ ਵਿਰੁੱਧ ਹਰ ਰੋਜ਼ ਜ਼ਹਿਰ ਉਗਲਦੀਆਂ ਹਨ ਜਿਸ ਦਾ ਖ਼ਮਿਆਜ਼ਾ ਪਠਾਨਕੋਟ ਵਰਗੀਆਂ ਘਟਨਾਵਾਂ ਨਾਲ ਭੁਗਤਣਾ ਪੈ ਰਿਹਾ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿਚ ‘ਸ਼ਾਂਤੀ’ ਸ਼ਬਦ ਦੀ ਬਹੁਤ ਵਰਤੋਂ ਹੋਈ ਹੈ, ਪਰ ਸ਼ਾਂਤੀ ਸਾਡੇ ਮਨਾਂ ਵਿਚ ਕਦੋਂ ਹੋਵੇਗੀ? ਪਤਾ ਨਹੀਂ!
ਸੋ ਬੇਨਤੀ ਹੈ ਕਿ ਸਮੇਂ ਅਨੁਸਾਰ ਸੋਚ ਕੇ ਚੱਲੋ ਸਭ ਧਰਮਾਂ ਜਾਤਾਂ ਦੇ ਯੋਧਿਆਂ ਦੀ ਏਕਤਾ ਨੇ ਆਜ਼ਾਦੀ ਦਾ ਤੋਹਫ਼ਾ ਦਿਤਾ ਸੀ। ਅਸੀਂ ਕਿਸੇ ਵੀ ਲੜਾਈ ਦੇ ਹੱਕ ਵਿਚ ਨਹੀਂ। ਆਉ ਸਭ ਨੂੰ ਬਰਾਬਰ ਮਿਲੇ ਅਧਿਕਾਰਾਂ ਦਾ ਆਨੰਦ ਮਾਣਨ ਦਿਉ ਅਤੇ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣ ਦਿਉ! ਜੋ ਲੋਕ ਗੱਲਾਂ ਬਾਤਾਂ ਨਾਲ ਜ਼ਿਆਦਾ ਰਾਸ਼ਟਰਵਾਦੀ ਹੋਣ ਦਾ ਵਿਖਾਵਾ ਕਰਦੇ ਹਨ, ਅਸਲ ਵਿਚ ਦੇਸ਼ ਉੱਤੇ ਬਣੀ ਬਿਪਤਾ ਸਮੇਂ ਅੱਖ ‘ਚ ਪਾਏ ਵੀ ਰੜਕਦੇ ਨਹੀਂ। ਜੀਉ ਅਤੇ ਜੀਣ ਦਿਉ ਦੀ ਨੀਤੀ ਹੀ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰੇਗੀ!!!