ਇਟਲੀ ਵਿੱਚ ਸਿੱਖ ਜਥੇਬੰਦੀਆਂ ਤਾਂ ਬਹੁਤ ਹਨ, ਪਰ ਇਟਲੀ ਦੇ ਸਿੱਖਾਂ ਦੀ ਬਾਂਹ ਫੜ੍ਹਨ ਵਾਲੀ ???

ਜਿੰਨਾ ਜੋਰ ਗੁਰਦੁਆਰੇ ਖੋਲ੍ਹਣ ਉੱਪਰ ਲੱਗ ਰਿਹਾ ਕਾਸ਼! ਉਨਾਂ ਜੋਰ ਗੁਰੂ ਸਾਹਿਬ ਦੀ ਸਿੱਖਿਆ ਨੂੰ ਸਮਝਣ ਲਈ ਲੱਗਦਾ
sksਰੋਮ (ਇਟਲੀ) 20 ਨਵੰਬਰ (ਦਲਵੀਰ ਕੈਂਥ) – ਇਟਲੀ ਵਿੱਚ ਸਿੱਖੀ ਸਿਧਾਂਤ ਨੂੰ ਸਮਰਪਿਤ  ਇਸ ਸਮੇਂ 70 ਤੋਂ ਵੱਧ ਗੁਰਦੁਆਰਾ ਸਾਹਿਬ ਸਥਾਪਿਤ ਹੋ ਚੁੱਕੇ ਹਨ ਅਤੇ ਕਰੀਬ 5-6 ਸਿੱਖ ਜਥੇਬੰਦੀਆਂ ਵੀ ਅਜਿਹੀਆਂ ਹਨ ਜਿਹੜੀਆਂ ਕਿ ਸਿੱਖ ਧਰਮ ਦੀ ਇਟਲੀ ਵਿੱਚ ਹੌਂਦ ਸਥਾਪਤ ਕਰਨ ਲਈ ਦਿਨ ਰਾਤ ਇੱਕ ਕਰ ਰਹੀਆਂ ਹਨ, ਪਰ ਇਸ ਦੇ ਬਾਵਜੂਦ ਵੀ ਅੱਜ ਕਿਉਂ ਇਟਲੀ ਦਾ ਆਮ ਸਿੱਖ ਆਪਣੇ ਨਾਲ ਇਟਾਲੀਅਨ ਪ੍ਰਸਾਸ਼ਨ ਵੱਲੋਂ ਕੀਤੇ ਜਾ ਰਹੇ ਧੱਕੇ ਵਿਰੁੱਧ ਚੁੱਪ ਰਹਿਣ ਵਿੱਚ ਹੀ ਆਪਣੀ ਭਲਾਈ ਸਮਝ ਰਿਹਾ ਹੈ। ਕੋਈ ਮੰਨੇ ਚਾਹੇ ਨਾ ਮੰਨੇ, ਪਰ ਇਸ ਗੱਲ ਵਿੱਚ ਰਤਾ ਵੀ ਝੂਠ ਨਹੀਂ ਕਿ ਹੁਣ ਤੱਕ ਇਟਲੀ ਦਾ ਸਿੱਖ ਭਾਈਚਾਰਾ ਇੱਕ ਖਾਲਸ ਆਗੂ ਦੀ ਅਗਵਾਈ ਤੋਂ ਸੱਖਣਾ ਤੇ ਅਧੂਰਾ ਹੈ, ਜਿਸ ਦਾ ਖਮਿਆਜਾ ਇਟਲੀ ਦੀਆਂ ਸਿੱਖ ਸੰਗਤਾਂ ਭੁਗਤਣ ਲਈ ਬੇਵੱਸ ਤੇ ਲਾਚਾਰ ਹਨ। ਕਈ ਸਿੱਖ, ਖਾਲਸ ਆਗੂਆਂ ਦੀ ਅਣਹੌਂਦ ਕਾਰਨ ਇਟਲੀ ਦੀਆਂ ਕਚਿਹਰੀਆਂ ਵਿੱਚ ਧੱਕੇ ਖਾਣ ਲਈ ਮਜ਼ਬੂਰ ਹਨ, ਪਰ ਇਨ੍ਹਾਂ ਦੀ ਖੱਜਰ-ਖੁਆਰੀ ਨਾਲ ਕਿਸੇ ਨੂੰ ਕੋਈ ਫਰਕ ਨਹੀਂ। ਕਦੀ ਵੀਂ ਕੋਈ ਸਿੱਖ ਆਗੂ ਪੰਥ ਪ੍ਰਤੀ ਗੰਭੀਰ ਹੋਇਆ ਨਹੀਂ ਲੱਗਦਾ, ਜੇਕਰ ਕੋਈ ਗੰਭੀਰ ਹੈ ਤਾਂ ਉਹ ਸਿਰਫ਼ ਆਪਣੀ ਚੌਧਰ ਪ੍ਰਤੀ ਹੀ ਗੰਭੀਰ ਹੈ। ਜਿੰਨੇ ਤਰਲੇ ਇਹ ਆਗੂ ਆਪਣੀ ਕੁਰਸੀ ਬਚਾਉਣ ਲਈ ਕਰ ਰਹੇ ਹਨ, ਉਨੀ ਗੰਭੀਰਤਾ ਜੇਕਰ ਇਹ ਸਿੱਖ ਕੌਮ ਪ੍ਰਤੀ ਦਿਖਾਉਂਦੇ ਤਾਂ ਅੱਜ ਇਨ੍ਹਾਂ ਨੂੰ ਆਪਣੀਆਂ ਕੁਰਸੀਆਂ ਬਚਾਉਣ ਦੀ ਚਿੰਤਾ ਨਾ ਹੁੰਦੀ। ਕਈ ਆਗੂਆਂ ਨੇ ਤਾਂ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਰਾਜਨੀਤੀ ਖੇਡਣੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਇਟਲੀ ਦਾ ਆਮ ਸਿੱਖ ਲਗਾਤਾਰ ਨਿਰਾਸ਼ਾ ਵੱਲ ਜਾ ਰਿਹਾ ਹੈ।
ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਹੋਣ ਕਿਨਾਰੇ ਹੈ ਇਹ ਬਿਆਨ ਸੁਣ-ਸੁਣ ਇਟਲੀ ਦੀਆਂ ਸਿੱਖ ਸੰਗਤਾਂ ਸ਼ਾਇਦ ਹੁਣ ਅੱਕ ਚੁੱਕੀਆਂ ਹਨ, ਕਿਉਂਕਿ ਇਹ ਬਿਆਨ ਸੰਗਤਾਂ ਪਿਛਲੇ ਕਈ ਸਾਲਾਂ ਤੋਂ ਸੁਣ ਰਹੀਆਂ ਹਨ, ਪਰ ਇਸ ਬਿਆਨ ਦੀ ਸਚਾਈ ਹੁਣ ਤੱਕ  ਇਟਲੀ ਦੀਆਂ ਸਿੱਖ ਸੰਗਤਾਂ ਸਾਹਮਣੇ ਨਹੀਂ ਆ ਰਹੀ। ਆਖ਼ਿਰ ਕਿਉਂ ਇਸ ਦਾ ਜਵਾਬ ਉਹੀ ਸਿੱਖ ਜਥੇਬੰਦੀਆਂ ਨਹੀਂ ਦੇ ਸਕਦੀਆਂ ਜਿਹੜੀਆਂ ਕਿ ਇਸ ਗੱਲ ਦਾ ਦਾਅਵਾ ਕਰਦਿਆਂ ਨਹੀਂ ਥੱਕਦੀਆਂ ਕਿ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੀ 90% ਕਾਰਵਾਈ ਮੁਕੰਮਲ ਹੋ ਚੱਕੀ ਹੈ। ਸਿੱਖ ਧਰਮ ਨੂੰ ਇਟਲੀ ਵਿੱਚ ਰਜਿਸਟਰਡ ਕਰਨ ਲਈ ਇਟਲੀ ਸਰਕਾਰ ਵੱਲੋਂ ਦਿੱਤੇ ਸੁਨਿਹਰੀ ਮੌਕੇ ਦਾ ਪਤਾ ਨਹੀਂ ਇਟਲੀ ਦੀਆਂ ਸਿੱਖ ਜਥੇਬੰਦੀਆਂ ਹੁਣ ਤੱਕ ਕਿਉਂ ਨਹੀਂ ਲਾਭ ਲੈ ਸਕੀਆਂ, ਜਦੋਂ ਕਿ ਹੋਰ ਧਰਮਾਂ ਵਾਲੇ ਆਪਣਾ ਧਰਮ ਇਟਲੀ ਵਿੱਚ ਰਜਿਸਟਰਡ ਕਰਵਾ ਆਪਣੀ ਕੌਮ ਦੇ ਮਾਣ ਦਾ ਸਵੱਬ ਬਣ ਗਏ ਹਨ। ਇਟਲੀ ਵਿੱਚ ਇਸ ਸਮੇਂ 70 ਤੋਂ ਵੱਧ ਗੁਰਦੁਆਰਾ ਸਾਹਿਬ ਸਥਾਪਿਤ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਅੱਜ ਵੀ ਇਟਲੀ ਦੇ ਕਿਸੇ ਨਾ ਕਿਸੇ ਕੋਨੇ ਸਿੱਖਾਂ ਨੂੰ ਸਿਰੀ ਸਾਹਿਬ ਕਾਰਨ ਜੁਰਮਾਨਾ ਹੋ ਰਿਹਾ ਹੈ। ਅੱਜ ਵੀ ਇਟਲੀ ਦੇ ਕਈ ਹਿੱਸਿਆਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਆਪਸੀ ਲੜਾਈ ਪੁਲਿਸ ਪ੍ਰਸਾਸ਼ਨ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਇਟਲੀ ਦੇ ਕੁਝ ਕੁ ਗੁਰਦੁਆਰਾ ਸਾਹਿਬ ਵਿਖੇ ਤਾਂ ਸੰਗਤ ਉਨਾਂ ਨਹੀਂ ਆਉਂਦੀ ਹੋਊ ਜਿੰਨੀ ਇਟਾਲੀਅਨ ਪੁਲਿਸ ਉੱਥੇ ਜਾਂਦੀ ਹੈ। ਕਾਸ਼! ਜਿੰਨਾ ਜੋæਰ ਗੁਰਦੁਆਰੇ ਖੋਲ੍ਹਣ ਉੱਪਰ ਲੱਗ ਰਿਹਾ ਹੈ ਉਨਾ ਜ਼ੋਰ ਗੁਰੂ ਸਾਹਿਬ ਦੀ ਸਿੱਖਿਆ ਨੂੰ ਸਮਝਣ ਲਈ ਲੱਗਦਾ ਤਾਂ ਅੱਜ ਅਸੀਂ ਹਰ ਸਾਲ ਲੱਖਾਂ ਯੂਰੋ ਨਗਰ ਕੀਰਤਨਾਂ ਵਿੱਚ ਖਰਚ ਕੇ ਇਟਾਲੀਅਨ ਮੀਡੀਏ ਵਿੱਚ ਆਪਣੇ ਆਪ ਨੂੰ ਸਿੱਖ ਮਾਫੀਆ ਨਾ ਕਹਾਉਂਦੇ।
ਅੱਜ ਦੁਨੀਆ ਭਰ ਦੇ ਸਿੱਖ ਖਾਲਿਸਤਾਨ ਦੀ ਮੰਗ ਤਾਂ ਕਰਦੇ ਹਨ, ਪਰ ਕੀ ਅਸੀਂ ਇਸ ਗੱਲ ਨੂੰ ਵੀ ਘੋਖ ਰਹੇ ਹਾਂ ਕਿ ਸਾਡੇ ਖਾਲਿਸਤਾਨ ਦੀ ਸਤ੍ਹਾ ਸਾਂਭਣ ਲਈ ਸਾਡੇ ਕੋਲ ਖਾਲਸ ਲੀਡਰ ਵੀ ਹਨ, ਸ਼ਾਇਦ ਨਹੀਂ ਕਿਉਂਕਿ ਇਹਨਾਂ ਮੌਜੂਦਾ ਆਗੂਆਂ ਨੇ ਹੀ ਖਾਲਿਸਤਾਨ ਦੀ ਅਗਵਾਈ ਕਰਨੀ ਹੈ ਜਿਹੜੇ ਆਪਣੇ ਸੁਆਰਥ ਲਈ, ਆਪਣੀ ਕੁਰਸੀ ਲਈ, ਗੁਰੂ ਸਾਹਿਬ ਦੀ ਦਿੱਤੀ ਸਿੱਖਿਆਂ ਨੂੰ ਛਿੱਕੇ ਟੰਗ ਮਨਮੱਤੀ ਕਾਰਵਾਈਆਂ ਨਾਲ ਸਿੱਖੀ ਸਿਧਾਤਾਂ ਨੂੰ ਤੋੜ ਮੋੜ ਰਹੇ ਹਨ। ਇਟਲੀ ਅਜਿਹੇ ਮਨਮੱਤੀ ਆਗੂਆਂ ਨਾਲ ਗਹਿਗੱਚ ਹੈ ਜਿਹੜੇ ਕਿ ਅੱਜ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਵਿੱਚ ਸਭ ਤੋਂ ਵੱਡਾ ਰੋੜਾ ਬਣ ਕੇ ਚੁਭ ਰਹੇ ਹਨ, ਪਰ ਇਨ੍ਹਾਂ ਆਗੂਆਂ ਦਾ ਵਿਰੋਧ ਕਰਨ ਲਈ ਸਿੱਖ ਸੰਗਤਾਂ ਪਤਾ ਨਹੀਂ ਕਿਉਂ ਹੌਸਲਾ ਨਹੀਂ ਜੁਟਾ ਪਾ ਰਹੀਆਂ, ਜਦੋਂਕਿ ਇਨ੍ਹਾਂ ਸੁਆਰਥੀ ਆਗੂਆਂ ਦੀਆਂ ਗਲਤੀਆਂ ਦੀ ਸਜ਼ਾ ਵੀ ਸਿੱਖ ਸੰਗਤਾਂ ਹੀ ਭੁਗਤ ਰਹੀਆਂ ਹਨ। ਇਟਲੀ ਵਿੱਚ ਜੇਕਰ ਸਿੱਖਾਂ ਨਾਲ ਕਈ ਥਾਵਾਂ ਉੱਪਰ ਸਿਰੀ ਸਾਹਿਬ ਜਾਂ ਕਿਸੇ ਹੋਰ ਸਿੱਖੀ ਨਾਲ ਸਬੰਧ ਕਾਰਨ ਜੁਰਮਾਨੇ ਹੋ ਰਹੇ ਹਨ, ਤਾਂ ਇਹ ਇਟਲੀ ਦੇ ਨਿਕੰਮੇ ਸਿੱਖ ਆਗੂਆਂ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਹੋ ਰਿਹਾ ਹੈ। ਇਟਲੀ ਦੇ ਕਈ ਇਲਾਕਿਆਂ ਵਿੱਚ ਬੀਤੇ ਦਿਨੀਂ ਸਿੱਖ ਨੌਜਵਾਨਾਂ ਨੂੰ ਸਿਰੀ ਸਾਹਿਬ ਕਾਰਨ ਜੁਰਮਾਨਾ ਹੋਇਆ, ਪਰ ਇਨ੍ਹਾਂ ਸਿੱਖ ਨੌਜਵਾਨਾਂ ਨੇ ਜੁਰਮਾਨਾ ਦੇਣਾ ਮੰਨ ਲਿਆ, ਪਰ ਕਿਸੇ ਵੀ ਪੰਜਾਬੀ ਮੀਡੀਆ ਕੋਲ ਆਪਣੀ ਅਵਾਜ਼ ਬੁਲੰਦ ਨਹੀਂ ਕੀਤੀ ਅਤੇ ਨਾ ਹੀ ਕਿਸੇ ਕੋਲੋਂ ਕੋਈ ਸਹਾਇਤਾ ਦੀ ਮੰਗ ਕੀਤੀ, ਸ਼ਾਇਦ ਇਸੇ ਲਈ ਕਿਉਂਕਿ ਇਹ ਸਿੱਖ ਨੌਜਵਾਨਾਂ ਨੂੰ ਆਪਣੇ ਸਿੱਖ ਆਗੂਆਂ ਦੀ ਕਾਬਲੀਅਤ ਦਾ ਪਤਾ ਹੈ। ਇਟਲੀ ਦੇ ਸਿੱਖੀ ਨੂੰ ਫਤਹਿ ਕਿਵੇਂ ਹੋਣੀ ਹੈ ਚੁੱਪ ਰਹਿਣ ਨਾਲ ਜਾਂ ਕਾਨੂੰਨੀ ਲੜਾਈ ਲੜ੍ਹਨ ਨਾਲ ਇਹ ਫੈਸਲਾ ਹੁਣ ਸਿੱਖ ਸੰਗਤ ਉੱਪਰ ਹੈ।