ਇਜ਼ਰਾਇਲੀ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦੌਰਾਨ ਹੋਏ 9 ਅਹਿਮ ਸਮਝੌਤੇ

israelਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਬੀਤੇ ਦਿਨੀਂ ਆਪਣੇ 130 ਪ੍ਰਤੀਨਿਧ ਮੰਡਲ ਸਮੇਤ 6 ਰੋਜਾ ਭਾਰਤੀ ਯਾਤਰਾ ‘ਤੇ ਪਹੁੰਚੇ। ਕਿਸੇ ਵਿਦੇਸ਼ੀ ਦੌਰੇ ‘ਤੇ ਜਾਣ ਵਾਲੇ ਪ੍ਰਧਾਨ ਮੰਤਰੀ ਨਾਲ 130 ਵਪਾਰਕ ਪ੍ਰਤੀਨਿਧੀ ਮੰਡਲ ਦੀ ਗਿਣਤੀ ਵਿਸ਼ਵ ਰਿਕਾਰਡ ਬਣਾਉਂਦੀ ਹੈ। ਇਸ ਤੋਂ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਵਿਦੇਸ਼ੀ ਦੌਰਾ ਨਹੀਂ ਕੀਤਾ ਗਿਆ। ਜਿਕਰਯੋਗ ਹੈ ਕਿ ਭਾਰਤ ਦੇ ਦੌਰੇ ‘ਤੇ ਆਉਣ ਵਾਲੇ ਬੀਤੇ 15 ਸਾਲਾਂ ਦੌਰਾਨ ਪਹਿਲੇ ਇਜ਼ਰਾਇਲੀ ਪ੍ਰਧਾਨ ਮੰਤਰੀ ਹਨ। ਗੌਰਤਲਬ ਹੈ ਕਿ ਨੇਤਨਯਾਹੂ ਤੋਂ ਪਹਿਲਾਂ 2003 ਵਿਚ ਉਸ ਵੇਲੇ ਦੇ ਇਜ਼ਰਾਇਲੀ ਪ੍ਰਧਾਨ ਮੰਤਰੀ ਏਰੀਅਲ ਸ਼ੇਰਾਨ ਭਾਰਤ ਯਾਤਰਾ ‘ਤੇ ਆਏ ਸਨ। ਭਾਰਤ ਯਾਤਰਾ ਦੌਰਾਨ ਨੇਤਨਯਾਹੂ ਨੇ ਦਿੱਲੀ, ਆਗਰਾ, ਗੁਜਰਾਤ, ਮੁੰਬਈ ਦਾ ਫੇਰਾ ਕੀਤਾ। ਉਨ੍ਹਾਂ ਦੇ ਭਾਰਤ ਯਾਤਰਾ ਕਾਲ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜਿਆਦਾਤਰ ਉਨ੍ਹਾਂ ਦੇ ਨਾਲ ਹੀ ਰਹੇ। ਇਜ਼ਰਾਇਲੀ ਪ੍ਰਧਾਨ ਮੰਤਰੀ, ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਤੋਂ ਇਲਾਵਾ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਮਿਲੇ। ਇਜ਼ਰਾਇਲ ਦਾ ਭਾਰਤ ਵੱਲ ਨੂੰ ਰੁੱਖ ਕਰਨਾ ਭਾਰਤ ਅਤੇ ਇਜ਼ਰਾਇਲੀ ਰਿਸ਼ਤਿਆਂ ਨੂੰ ਹੋਰ ਮਜਬੂਤ ਕਰੇਗਾ। ਇਜ਼ਰਾਇਲੀ ਪ੍ਰਧਾਨ ਮੰਤਰੀ ਆਪਣੀ ਇਸ ਯਾਤਰਾ ਨੂੰ ਇਤਿਹਾਸਕ ਮੰਨਦੇ ਹਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਇਜ਼ਰਾਇਲ ਵਿਚ ਹੀ ਯਾਤਰਾ ਤੋਂ ਪਹਿਲਾਂ ਹੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ, ਮੈਂ ਇਤਿਹਾਸਕ ਯਾਤਰਾ ‘ਤੇ ਜਾ ਰਿਹਾ ਹਾਂ। ਜਿਸ ਦੌਰਾਨ ਆਪਣੇ ਮਿੱਤਰ ਨਰੇਂਦਰ ਮੋਦੀ ਨੂੰ ਮਿਲਣ ਤੋਂ ਇਲਾਵਾ ਇਜ਼ਰਾਇਲ ਦੀ ਤਰੱਕੀ ਅਤੇ ਤਾਕਤ ਨੂੰ ਮਜਬੂਤ ਕਰਨ ਲਈ ਸੁਰੱਖਿਆ, ਆਰਥਿਕ ਵਪਾਰ ਅਤੇ ਸੈਰ ਸਪਾਟੇ ਦੇ ਸੰਦਰਭ ਵਿਚ ਮਹੱਤਵਪੂਰਣ ਸਮਝੌਤੇ ਕੀਤੇ ਜਾਣਗੇ। ਉਨ੍ਹਾਂ ਆਪਣੀ ਇਸ ਗੱਲ ਨੂੰ ਸਾਬਤ ਕਰਦਿਆਂ ਭਾਰਤ ਨਾਲ 9 ਸਮਝੌਤੇ ਕੀਤੇ। ਕੀਤੇ ਗਏ ਸਮਝੌਤੇ ਫ਼ਿਲਮ ਨਿਰਮਾਣ, ਸਟਾਰਟਅੱਪ ਇੰਡੀਆ, ਸੁਰੱਖਿਆ, ਵਪਾਰ ਅਤੇ ਸੈਰ ਸਪਾਟੇ ਨੂੰ ਲੈ ਕੇ ਸਹਿਮਤੀ ਹੋਈ। ਸਾਈਬਰ ਸੁਰੱਖਿਆ ਲਈ ਖਾਸ ਕਦਮ ਚੁੱਕੇ ਜਾਣਗੇ। ‘ਇਨਵੈਸਟ ਇੰਡੀਆ-ਇਜ਼ਰਾਇਲ’ ਨਿਰਮਾਣ ਕਾਰਜਾਂ ਲਈ ਮਹੱਤਵਪੂਰਣ ਸਮਝੌਤਾ ਹੋਇਆ। ਸੌਰ ਊਰਜਾ ‘ਤੇ ਹੋਏ ਸਮਝੌਤੇ ਨਾਲ ਭਾਰਤ ਨੂੰ ਆਪਣੇ ਊਰਜਾ ਸਰੋਤ ਸੁਰੱਖਿਅਤ ਕਰਨ ਵਿਚ ਮਦਦ ਮਿਲੇਗੀ ਅਤੇ ਇਜ਼ਰਾਇਲ ਊਰਜਾ ਪੈਨਲ ਨਿਰਮਾਣ ‘ਤੇ ਲਾਭ ਪ੍ਰਾਪਤ ਕਰ ਸਕੇਗਾ। ਨੇਤਨਯਾਹੂ ਨੇ ਪੀ ਐਮ ਮੋਦੀ ਨੂੰ ਕ੍ਰਾਂਤੀਕਾਰੀ ਨੇਤਾ ਦੱਸਿਆ ਅਤੇ ਉਨ੍ਹਾਂ ਕਿਹਾ ਕਿ, ਭਾਰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਮਹੱਤਵਪੂਰਣ ਉਪਲਬਧੀਆਂ ਹਾਸਲ ਕਰੇਗਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਦੇ ਉਨ੍ਹਾਂ ਸ਼ਬਦਾਂ ਦਾ ਸਵਾਗਤ ਕੀਤਾ, ਜਿਨਾਂ ਵਿਚ ਉਨ੍ਹਾਂ ਭਾਰਤ ਵਿਚ ਵੱਸੇ ਹੋਏ ਯਹੂਦੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਮੁਹਰ ਲਗਾਈ ਸੀ ਕਿ ਭਾਰਤ ਵਿਚ ਯਹੂਦੀ ਸੁਰੱਖਿਅਤ ਹਨ। ਭਾਰਤ ਵਿਚ ਰਹਿਣ ਵਾਲੇ ਯਹੂਦੀਆਂ ਅੰਦਰ ਅਲਗਾਵਵਾਦ ਦੀ ਭਾਵਨਾ ਨਹੀਂ ਝਲਕਦੀ, ਜਿਵੇਂ ਕਿ ਵਿਸ਼ਵ ਦੇ ਕਈ ਹੋਰਨਾਂ ਦੇਸ਼ਾਂ ਵਿਚ ਦੇਖਣ ਨੂੰ ਮਿਲਦੀ ਹੈ।