ਕੀ ਅਸੀਂ ਤਖ਼ਤ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਨੂੰ ਛੱਡ ਦਿਆਂਗੇ? – ਸੁਖਦੇਵ ਸਿੰਘ

punjabਪੰਜਾਬ ਦੇ ਭਾਈਚਾਰੇ ਨੂੰ ਆਪਸ ਵਿਚ ਲੜਾਉਣ ਅਤੇ ਵੱਖਵਾਦ ਪੈਦਾ ਕਰਨ ਲਈ ਵਿਦੇਸ਼ੀ ਤਾਕਤਾਂ ਤਰਲੋ ਮੱਛੀ ਹੋਈਆਂ ਪਈਆਂ ਹਨ। ਪੰਜਾਬ ਦੇ ਸਾਬਕਾ ਐਸ ਐਸ ਪੀ ਸੁਖਦੇਵ ਸਿੰਘ ਨੇ ਖੁਲਾਸਾ ਕੀਤਾ ਕਿ ਵੱਡੀ ਗਿਣਤੀ ਵਿਚ ਉਹ ਲੋਕ ਪੰਜਾਬ ਦੇ ਵੱਖਵਾਦ ਦਾ ਹਿੱਸਾ ਹਨ, ਜਿਨ੍ਹਾਂ ਖਿਲਾਫ ਭਾਰਤ ਦੀਆਂ ਅਦਾਲਤਾਂ ਵਿਚ ਚੱਲਦੇ ਮੁਕੱਦਮੇ ਵਿਚਾਰਧੀਨ ਹਨ ਅਤੇ ਉਹ ਵਾਪਸ ਪੰਜਾਬ ਨਹੀਂ ਆਉਣਾ ਚਾਹੁੰਦੇ, ਜਿਸ ਡਰੋਂ ਉਨ੍ਹਾਂ ਪੰਜਾਬੀਆਂ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ ਅਤੇ ਪੰਜਾਬ ਖਿਲਾਫ ਪ੍ਰਾਪੋਗੰਡਾ ਕਰਨ ਦਾ ਰਾਹ ਚੁਣਿਆ। ਪੰਜਾਬ ਇਕ ਖੁਸ਼ਹਾਲ ਸੂਬਾ ਹੈ, ਇਸ ਵਿਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇੱਥੇ ਸਮੂਹ ਧਰਮਾਂ ਦੇ ਲੋਕ ਇੱਕਮੁੱਠ ਹਨ। ਜਿਨ੍ਹਾਂ ਨੂੰ ਡੈਮੋਕਰੇਸੀ ਜਰੀਏ ਤਾਕਤ ਹਾਸਲ ਨਹੀਂ ਹੁੰਦੀ, ਉਹ ਲੋਕਾਂ ਨੂੰ ਭੜਕਾਅ ਵੋਟਾਂ ਆਪਣੀ ਝੋਲੀ ਵਿਚ ਪਵਾਉਣ ਦੀ ਸਕੀਮ ਘੜਦੇ ਹਨ, ਪਰ ਪੰਜਾਬ ਦੇ ਲੋਕ ਵਧੇਰੇ ਜਾਗਰੂਕ ਅਤੇ ਸੂਝਵਾਨ ਹਨ, ਕਿਉਂਕਿ ਉਨ੍ਹਾਂ ਨੇ ਲੰਬਾਂ ਸਮਾਂ ਕਾਲੇ ਦਿਨਾਂ ਦੀ ਸਿਆਸਤ ਦੇਖੀ ਹੈ। ਖਾਲਿਸਤਾਨ ਦੀ ਮੰਗ ਨੂੰ ਸਿਰੇ ਤੋਂ ਨਕਾਰਦਿਆਂ ਸਾਬਕਾ ਐਸ ਐਸ ਪੀ ਨੇ ਸਪਸ਼ਟ ਕੀਤਾ ਕਿ ਸਿੱਖ ਵਿਸ਼ਵ ਦੇ ਹਰ ਕੋਨੇ ਵਿਚ ਮੌਜੂਦ ਹਨ, ਜਿੱਥੇ ਕੈਨੇਡਾ, ਯੂ ਕੇ, ਯੂ ਐਸ ਏ ਵਿਚ ਉੱਚ ਅਹੁਦਿਆਂ ‘ਤੇ ਵੀ ਬਿਰਾਜਮਾਨ ਹਨ। ਜਿਨ੍ਹਾਂ ਵਿਚੋਂ ਕਈ ਵਿਦੇਸ਼ਾਂ ਵਿਚ ਮੰਤਰੀ ਹਨ ਅਤੇ ਕਈ ਵਿਦੇਸ਼ਾਂ ਵਿਚ ਬੈਠ ਕੇ ਭਾਰਤ ਅੰਦਰ ਟਰਾਂਸਪੋਰਟ ਜਾਂ ਕਈ ਹੋਰ ਵਪਾਰ ਕਰ ਰਹੇ ਹਨ। ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਵਿਦੇਸ਼ਾਂ ਵਿਚ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਹਨ ਜਾਂ ਭਾਰਤ ਦੇ ਬਿਹਾਰ ਅਤੇ ਬੰਗਾਲ ਵਰਗਿਆਂ ਸੂਬਿਆਂ ਵਿਚ ਵਪਾਰ ਕਰ ਰਹੇ ਹਨ, ਕੀ ਉਹ ਖਾਲਿਸਤਾਨ ਵਿਚ ਆ ਕੇ ਵੱਸਣਗੇ? ਉਨ੍ਹਾਂ ਕਿਹਾ ਕਿ, ਇਸ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਹੈ ਕਿ ਕੀ ਅਸੀਂ ਤਖ਼ਤ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਨੂੰ ਛੱਡ ਦਿਆਂਗੇ? 1984 ਦੇ ਦੌਰ ਨੂੰ ਕੋਈ ਵੀ ਨਹੀਂ ਭੁੱਲ ਸਕਿਆ, ਜਿਸ ਦੌਰਾਨ ਸ਼ਾਮ ਦੇ 6 ਵਜੇ ਦੁਕਾਨਾਂ, ਬਜਾਰ, ਵਪਾਰ ਸਭ ਠੱਪ ਹੋ ਜਾਂਦਾ ਸੀ, ਪਰ ਹੁਣ ਅੱਧੀ ਰਾਤ ਤੱਕ ਵਧੇਰੀਆਂ ਦੁਕਾਨਾਂ ਖੁੱਲ੍ਹੀਆਂ ਰਹਿੰਦੀਆਂ ਹਨ ਅਤੇ 24 ਘੰਟੇ ਸੜਕਾਂ ‘ਤੇ ਆਵਾਜਾਈ ਬਹਾਲ ਹੈ। ਉਨ੍ਹਾਂ ਕਿਹਾ ਕਿ, ਪੰਜਾਬੀ ਅੱਤਵਾਦ ਨੂੰ ਨਫ਼ਰਤ ਕਰਦੇ ਹਨ। ਯੂ ਐਸ ਦੀ ਅਦਾਲਤ ਵੱਲੋਂ ਭਾਰਤ ਵਿਚ ਅੱਤਵਾਦ ਫੈਲਾਉਣ ਦੀ ਸਕੀਮ ਘੜ੍ਹਨ ਵਾਲੇ 42 ਸਾਲਾ ਬਲਵਿੰਦਰ ਸਿੰਘ ਨੂੰ 15 ਸਾਲ ਦੀ ਸਜਾ ਸੁਣਾਈ ਗਈ। ਜਿਸ ਬਾਰੇ ਸੁਖਦੇਵ ਸਿੰਘ ਨੇ ਸਪਸ਼ਟ ਕੀਤਾ ਕਿ ਅੱਤਵਾਦ ਨੂੰ ਕੋਈ ਵੀ ਦੇਸ਼ ਬਰਦਾਸ਼ਤ ਨਹੀਂ ਕਰਦਾ ਫਿਰ ਉਹ ਚਾਹੇ ਇੰਡੀਆ ਹੋਵੇ ਜਾਂ ਅਮਰੀਕਾ। ਅੱਤਵਾਦ ਬੇਸ਼ੱਕ ਦੁਨੀਆ ਦੇ ਕਈ ਦੇਸ਼ਾਂ ਵਿਚ ਮੌਜੂਦ ਹੈ, ਪਰ ਅਮਰੀਕਾ ਵੱਲੋਂ ਦਿੱਤਾ ਗਿਆ ਫੈਸਲਾ ਅੱਤਵਾਦੀ ਤਾਕਤਾਂ ਨੂੰ ਚਾਨਣ ਕਰਵਾਉਂਦਾ ਹੈ ਕਿ ਦਹਿਸ਼ਤਗਰਦੀ ਕਿਤੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ, ਅੱਤਵਾਦ ਕਿਸੇ ਲਈ ਵੀ ਲਾਹੇਵੰਦ ਨਹੀਂ। ਦੇਸ਼ ਅੰਦਰ ਅਤੇ ਗੁਆਂਢੀ ਮੁਲਕ ਪਾਕਿਸਤਾਨ ਜਾਂ ਹੋਰ ਵੀ ਕੋਈ ਦੇਸ਼ ਜਿਹੜੇ ਅੱਤਵਾਦ ਨਾਲ ਗ੍ਰਸਤ ਹਨ, ਦੀ ਆਰਥਿਕ ਗਤੀ ਧੀਮੀ ਹੋ ਜਾਂਦੀ ਹੈ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ