ਖੌਫ ਵਾਲੀ ਆਬੋ ਹਵਾ ਹੁਣ ਪੰਜਾਬ ਵਿਚ ਹੋਰ ਨਹੀ – ਚਾਵਲਾ

chawlaਬੀ ਜੇ ਪੀ ਲੀਡਰ ਲਕਸ਼ਮੀਕਾਂਤ ਚਾਵਲਾ ਵੱਲੋਂ ਸਦਾ ਹੀ ਵੱਖਵਾਦ ਨੂੰ ਕਰੜੇ ਹੱਥੀਂ ਲਿਆ ਜਾਂਦਾ ਰਿਹਾ ਹੈ। ਉਨ੍ਹਾਂ ਬੀਤੇ ਦਿਨੀਂ ਪੰਜਾਬ ਦੇ ਹਾਲਾਤਾਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ, ਪੰਜਾਬ ਭਾਰਤ ਦੇ ਹੋਰ ਵੱਡੇ ਮੈਟਰੋ ਸ਼ਹਿਰਾਂ ਵਾਂਗ ਲਗਾਤਾਰ ਜਾਗਦਾ ਹੈ। ਇੱਥੇ ਆਵਾਜਾਈ ਦਾ ਪ੍ਰਭਾਵ ਦਿਨ ਰਾਤ ਬਣਿਆ ਰਹਿੰਦਾ ਹੈ। ’84 ਦੇ ਦੌਰ ਵਾਲੀ ਉਹ ਭੈਅ ਅਤੇ ਖੌਫ ਵਾਲੀ ਆਬੋ ਹਵਾ ਹੁਣ ਪੰਜਾਬ ਵਿਚ ਹੋਰ ਨਹੀਂ ਵਗਦੀ। ਉਨ੍ਹਾਂ ਕਿਹਾ ਕਿ, ਅੱਜ ਦੀ ਤਾਰੀਕ ਵਿਚ ਜੇ ਕੋਈ ਕੱਟੜਪੰਥੀ ਵੱਖਵਾਦ ਦੀ ਗੱਲ ਕਰਨ ਲਈ ਅੱਗੇ ਆਉਂਦੀ ਹੈ ਤਾਂ ਪੰਜਾਬ ਦੀ ਅਵਾਮ ਅਜਿਹਿਆਂ ਧੜਿਆਂ ਨੂੰ ਜਿੱਥੇ ਆਪ ਨਕਾਰਦੀ ਹੈ, ਉੱਥੇ ਆਮ ਲੋਕਾਂ ਦੀ ਮੰਗ ਇਨ੍ਹਾਂ ਨੂੰ ਨਕੇਲ ਪਾਉਣ ਦੀ ਉੱਠਦੀ ਹੈ, ਜਿਸਦੇ ਚੱਲਦਿਆਂ ਰਾਜ ਪੱਧਰੀ ਸਰਕਾਰਾਂ ਦਾ ਟੀਚਾ ਬਣ ਜਾਂਦਾ ਹੈ ਕਿ ਕਿਸੇ ਵੀ ਵੱਖਵਾਦੀ ਲਹਿਰ ਨੂੰ ਅਜੋਕੇ ਸਮੇਂ ਵਿਚ ਪ੍ਰਚਲਿਤ ਨਾ ਹੋਣ ਦਿੱਤਾ ਜਾਵੇ। ਪੰਜਾਬ ਦਾ ਬੁਨਿਆਦੀ ਢਾਂਚਾ ਵੱਖਵਾਦ ਦੇ ਬੀਜ ਨੂੰ ਦੁਬਾਰਾ ਉਪਜਣ ਨਹੀਂ ਦੇਵੇਗਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਦੇ ਘੁਲਾਟੀਏ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰਸ਼ੇਖਰ ਅਜਾਦ ਵਾਂਗ ਆਪਣੀ ਸੋਚ ਵਿਚ ਦ੍ਰਿੜਤਾ ਲਿਆਉਣ ਅਤੇ ਭਾਰਤ ਅੰਦਰ ਕਿਸੇ ਵੀ ਤਰ੍ਹਾਂ ਦਾ ਪ੍ਰਾਪੋਗੰਡਾ ਜਾਂ ਵੱਖਵਾਦ ਦੀ ਗੱਲ ਨੂੰ ਤੂਲ ਫੜ੍ਹਨ ਤੋਂ ਪਹਿਲਾਂ ਜੜੋਂ ਪੁਟ ਸਿੱਟਣ। ਹਿੰਦੂ ਅਤੇ ਸਿੱਖ ਨੌਜਵਾਨਾਂ ਵਿਚ ਆਪਸੀ ਭੇਦਭਾਵ ਖੜਾ ਕਰਨ ਵਾਲੇ ਸ਼ਰਾਰਤੀ ਅਨਸਰ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕਣਗੇ ਜੇ ਨੌਜਵਾਨ ਜਾਗਰੂਕ ਹੋਵੇ, ਕਿਉਂਕਿ ਵਧੇਰਾ ਪਰਾਪੋਗੰਡਾ ਨਿੱਜੀ ਸਵਾਰਥ ਲਈ ਕੀਤਾ ਜਾਦਾ ਹੈ, ਜਿਸਦਾ ਧਰਮ ਅਤੇ ਕਿਸੇ ਮਜ਼ਹਬ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਹੁਣ ਦਾ ਨੌਜਵਾਨ ਵਰਗ ’84 ਦੇ ਦੌਰ ਵਾਲਾ ਨਹੀਂ। ਜੇ ਲੋੜ ਹੈ ਤਾਂ ਵਧੇਰੇ ਸੁਚੇਤ ਹੋਣ ਦੀ, ਕਿਉਂਕਿ ਵੱਖਵਾਦੀਆਂ ਵੱਲੋਂ ਗਰਮਖਿਆਲੀ ਭਾਸ਼ਣਾਂ ਤਹਿਤ ਨੌਜਵਾਨਾਂ ਨੂੰ ਗੁੰਰਾਹ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ, ਪਰ ਪੰਜਾਬ ਦਾ ਨੌਜਵਾਨ ਵੀ ਇਨਾਂ ਚਾਲਾਂ ਤੋਂ ਭਲੀਭਾਂਤੀ ਜਾਣੂ ਹੈ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ