ਜਿਸ ਦੇਸ਼ ਦੀ ਆਨ ਤੇ ਸ਼ਾਨ ਲਈ ਸਾਡੇ ਗੁਰੂ ਸਹਿਬਾਨਾਂ ਨੇ ਪੰਥ ਵਾਰ ਦਿੱਤੇ, ਅਜਿਹੇ ਦੇਸ਼ ਤੋਂ ਦੂਰ ਹੋਣ ਦਾ ਵਿਚਾਰ ਕੀ ਅਸੀਂ ਸੁਪਨੇ ਵਿੱਚ ਵੀ ਸੋਚ ਸਕਦੇ ਹਾਂ?

ਸਰਬ ਸਾਂਝੇ ਸਿੱਖੀ ਸਿਧਾਂਤਾਂ ਲਈ ਸਿਉਂਕ ਬਣਦਾ ਜਾ ਰਿਹੈ ਜਾਤੀਵਾਦ ਅਤੇ ਵੱਖਵਾਦ ਦਾ ਵਿਤਕਰਾ!
guruਦੁਨੀਆ ‘ਚ ਵੱਖਰੀ ਪਹਿਚਾਣ ਤੇ ਵੱਖਰਾ ਇਤਿਹਾਸ ਰਚਣ ਵਾਲੇ ਸਿੱਖਾਂ ਦੀ ਦਿਨੋਂ-ਦਿਨ ਘਟਦੀ ਜਾ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਇਕ ਉਹ ਸਮਾਂ ਸੀ ਜਦੋਂ ਸਿੱਖਾਂ ਨੂੰ ਆਪਣੀ ਵਿਚਾਰਧਾਰਾ ਬਦਲਣ ਲਈ ਤਸੀਹੇ ਦਿਤੇ ਜਾਂਦੇ ਸਨ। ਉਹ ਜਾਨ ਕੁਰਬਾਨ ਕਰ ਦਿੰਦੇ ਸਨ, ਪਰ ਵਿਚਾਰਧਾਰਾ ਨਹੀਂ ਬਦਲਦੇ ਸਨ। ਉਸ ਸਮੇਂ ਦੇ ਸਿੱਖ ਆਗੂਆਂ ਦੀ ਵੀ ਕੋਈ ਦਾਤ ਨਹੀਂ ਦੇ ਸਕਦਾ ਜੋ ਖ਼ੁਦ ਕੁਰਬਾਨ ਹੋ ਗਏ, ਸਿੱਖੀ ਨੂੰ ਖ਼ਤਮ ਨਹੀਂ ਹੋਣ ਦਿੱਤਾ ਸਗੋਂ ਪ੍ਰਫ਼ੁੱਲਤ ਕੀਤਾ, ਪਰ ਦੂਜੇ ਪਾਸੇ ਅੱਜ ਦੇ ਸਿੱਖ ਆਗੂ, ਜਿਨ੍ਹਾਂ ਦੀ ਅਗਵਾਈ ਵਿਚ ਕਿਸੇ ਦਾ ਕੋਈ ਡਰ ਵੀ ਨਹੀਂ ਫਿਰ ਵੀ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਜਦਕਿ ਅਜੋਕੇ ਦੌਰ ਦੇ ਆਗੂਆਂ ਲਈ ਸਿੱਖ ਪੈਦਾ ਕਰਨੇ ਕੋਈ ਔਖੀ ਗੱਲ ਨਹੀਂ ਸੀ, ਪਰ ਇਨ੍ਹਾਂ ਨੇ ਤਾਂ ਸਿਧਾਂਤ ਹੀ ਬਦਲ ਦਿੱਤੇ। ਭਾਵੇਂ ਇਹ ਹੋਕਾ ਦਿੱਤਾ ਜਾਂਦਾ ਹੈ ਕਿ ‘ਸਿੱਖ ਦੀ ਕੋਈ ਜਾਤ ਨਹੀਂ ਤੇ ਜਾਤਾਂ ਨੂੰ ਮੰਨਣ ਵਾਲੇ ਸਿੱਖ ਨਹੀਂ’, ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਜਾਤੀਵਾਦ ਅਤੇ ਵੰਡਵਾਦ ਮੌਕਾਪ੍ਰਸਤੀ ਦੀ ਪਟਾਰੀ ਵਿਚੋਂ ਨਿਕਲਿਆ ਉਹ ਦੋ ਮੂੰਹਾਂ ਸੱਪ ਹੈ ਜੋ ਜ਼ਹਿਰ ਉਗਲਣ ਦੇ ਨਾਲ-ਨਾਲ ਇਨਸਾਨੀਅਤ ਨੂੰ ਨਿਗਲਦਾ ਵੀ ਹੈ।
ਇਸ ਤੋਂ ਇਨਸਾਨਾਂ ਨੂੰ ਬਚਾਉਣ ਅਤੇ ਇਸ ਦਾ ਸਿਰ ਕੁਚਲਣ ਦੀ ਲੜਾਈ ਕ੍ਰਾਂਤੀਕਾਰੀ ਸਿੱਖ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ਗਈ ਸੀ। ਗੈਰ-ਬਰਾਬਰਤਾ ਦੇ ਦੌਰ ‘ਚ ਦਲਿੱਤਾਂ ਦੀ ਹਾਲਤ ਕੀੜੇ-ਮਕੌੜਿਆਂ ਵਰਗੀ ਸੀ, ਪਰ ਸਿੱਖ ਵਿਚਾਰਧਾਰਾ ਨੇ ਇਨਕਲਾਬ ਲਿਆਂਦਾ! ਜਿਸ ਵਿਚ ਦਲਿੱਤਾਂ ਨੇ ਵੀ ਯੋਗਦਾਨ ਪਾਇਆ। ਇਸ ਦਾ ਸਬੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਦਲਿੱਤ ਵਰਗ ਨਾਲ ਸਬੰਧਿਤ ਮਹਾਂਪੁਰਸ਼ਾਂ ਦੀ ਬਾਣੀ ਤੋਂ ਮਿਲਦਾ ਹੈ। ਗੈਰ-ਬਰਾਬਰਤਾ ਦੇ ਦੁਰਕਾਰੇ ਦਲਿੱਤਾਂ ਨੂੰ ਸਿੱਖ ਪੰਥ ‘ਚ ਬਰਾਬਰੀ ਦਾ ਦਰਜਾ ਮਿਲਿਆ ਤਾਂ ਪੰਥ ਲਈ ਬੇਮਿਸਾਲ ਕੁਰਬਾਨੀਆਂ ਦੇਣ ਵਾਲੇ ਵੀ ਸਭ ਤੋਂ ਵੱਧ ਯੋਧੇ ਦਲਿੱਤ ਵਰਗ ਵਿਚੋਂ ਹੀ ਪੈਦਾ ਹੋਏ। ‘ਦਲਿਤ’ ਗੁਰੂ ਸਾਹਿਬਾਨਾਂ ਵੱਲੋਂ ਸ਼ੁਰੂ ਕੀਤੇ ਇਨਕਲਾਬ ਦੀ ਲੜਾਈ ‘ਚ ਕੀਤੀ ਹਰ ਪਰਖ ਦੀ ਘੜੀ ‘ਚ ਵੀ ਹਮੇਸ਼ਾਂ ਖਰ੍ਹੇ ਉਤਰਦੇ ਰਹੇ। ਪੰਥਕ ਮਿਸ਼ਨ ਮੁਤਾਬਿਕ ਹੁਣ ਤੱਕ ਸਿੱਖ ਵਿਚਾਰਧਾਰਾ ਵਿਚੋਂ ਜਾਤੀਵਾਦ ਖ਼ਤਮ ਹੋ ਜਾਣਾ ਚਾਹੀਦਾ ਸੀ, ਪਰ ਇਸ ਨੇ ਤਾਂ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਜਿਸ ਦਾ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ ਅੱਜ ਦਾ ਕੱਟੜਵਾਦ, ਜੋ ਸਿੱਖ ਸਿਧਾਂਤਾਂ ਤੋਂ ਬਹੁਤ ਦੂਰ ਜਾ ਚੁੱਕਿਆ ਹੈ। ਗੁਰੂ ਗੋਬਿੰਦ ਸਿੰਘ ਨੇ ਇਕ ਬਾਟੇ ‘ਚ ਅੰਮ੍ਰਿਤ ਛਕਾ ਕੇ ਊਚ-ਨੀਚ ਛੂਤਛਾਤ ਤੇ ਮਾਲਕ ਮਜ਼ਦੂਰ ਦਾ ਰਿਸ਼ਤਾ ਖ਼ਤਮ ਕਰ ਦਿਤਾ ਸੀ, ਪਰ ਅੱਜ ਗੁਰਦੁਆਰਿਆਂ ‘ਚ ਖ਼ੁਸ਼ੀ-ਗ਼ਮੀ ਦੇ ਦਿੱਤੇ ਜਾਂਦੇ ਹੋਕਿਆਂ ‘ਚ ਸਿੱਖ ਦਾ ਬਾਅਦ ‘ਚ ਪਹਿਲਾਂ ਉਸ ਦੀ ਜਾਤ ਦਾ ਜ਼ਿਕਰ ਆਮ ਸੁਣਨ ਨੂੰ ਮਿਲ ਜਾਂਦਾ ਹੈ, ਜਿਵੇਂ ਕਿਸੇ ਦੇ ਮੁੰਡੇ ਜਾਂ ਕੁੜੀ ਦੇ ਵਿਆਹ ਦੀ ਸੂਚਨਾ ਬੋਲਣ ਸਮੇਂ ‘ਫ਼ਲਾਣਾ ਸਿੰਘ ਮਜਹਬੀ ਸਿੱਖ, ਫ਼ਲਾਣਾ ਸਿੰਘ ਰਮਦਾਸੀਆ ਸਿੱਖ, ਫ਼ਲਾਣਾ ਸਿੰਘ ਮਹਿਰਾ ਸਿੱੱਖ’। ਕਈ ਬੇਨਤੀਕਰਤਾ ਤਾਂ ਨਾਂ ਦੇ ਪਿੱਛੇ ਸਿੱਖ ਲਾਉਣਾ ਵੀ ਜ਼ਰੂਰੀ ਨਹੀਂ ਸਮਝਦੇ ਸਿਰਫ਼ ‘ਮਜਹਬੀ, ਮਹਿਰਾ, ਰਮਦਾਸੀਆ’ ਆਦਿ ਬੋਲਦੇ ਹਨ। ਜਦੋਂ ਇਹ ਬੇਨਤੀ ਕਿਸੇ ਜਨਰਲ ਵਰਗ ਨਾਲ ਸਬੰਧਿਤ ਦੀ ਬੋਲਣੀ ਹੋਵੇ ਤਾਂ ਬੋਲਿਆ ਜਾਂਦਾ ਹੈ ‘ਭਾਈ ਸਾਹਿਬ ਭਾਈ ਫ਼ਲਾਣਾ ਸਿੰਘ ਦੀ।’ ਕੀ ਇਹ ਗੁਰੂ ਘਰਾਂ ‘ਚ ਬੈਠ ਕੇ ਸਿੱਖ ਸਿਧਾਂਤਾਂ ਦੀ ਉਲੰਘਣਾ ਨਹੀਂ ਹੈ? ਜਿਨ੍ਹਾਂ ਨੂੰ ਲਾਗੂ ਕਰਨ ਲਈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਰਿਵਾਰ ਤੱਕ ਵਾਰ ਦਿੱਤੇ!
ਇੱਕ ਸਿੱਖ ਕਿਸੇ ਜਾਤ ਵਰਗ ਨੂੰ ਨਹੀਂ ਮੰਨਦਾ ਫਿਰ ਕਿਸੇ ਵਰਗ ਦਾ ਵਿਰੋਧੀ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਵੱਡੀ ਗਿਣਤੀ ਗੁਰਦਵਾਰਿਆਂ ਤੇ ਵੰਡਵਾਦੀ ਵਿਚਾਰਧਾਰਾ ਵਿਚੋਂ ਪੈਦਾ ਹੋਏ ਕੱਟੜਵਾਦ ਤੋਂ ਪ੍ਰਭਾਵਿਤ ਔਖੀ ਆਗੂਆਂ ਦਾ ਕਬਜ਼ਾ ਹੋ ਗਿਆ ਹੈ, ਜਿਨ੍ਹਾਂ ਨੇ ਗੁਰੂ ਮਰਿਆਦਾ ਨੂੰ ਛਿੱਕੇ ਟੰਗ ਕੇ ਗੁਰਦੁਆਰਿਆਂ ਨੂੰ ਮਨਮਤ ਦੀ ਮਰਿਆਦਾ ਅਨੁਸਾਰ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਦਾ ਸਿੱਟਾ ਜਾਤੀਆਂ ਦੇ ਅਧਾਰ ‘ਤੇ ਧੜਾਧੜ ਬਣ ਰਹੇ ਗੁਰਦੁਆਰਿਆਂ ਤੋਂ ਮਿਲ ਰਿਹਾ ਹੈ। ਵਿਦੇਸ਼ਾਂ ‘ਚ ਜਾਤਾਂ ਦੇ ਆਧਾਰ ‘ਤੇ ਬਣੇ ਅਲੱਗ-ਅਲੱਗ ਗੁਰਦੁਆਰਿਆਂ ਸਬੰਧੀ ਡੂੰਘਾਈ ਨਾਲ ਪੜ੍ਹਤਾਲ ਕਰਨ ਉਪਰੰਤ ਇਸ ਦਾ ਇਕ ਹੋਰ ਸਭ ਤੋਂ ਵੱਡਾ ਕਾਰਨ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਚਲਾਉਣ ਲਈ ਬਣਾਈਆਂ ਜਾ ਰਹੀਆਂ ਕਮੇਟੀਆਂ ਬਣ ਰਹੀਆਂ ਹਨ। ਕਮੇਟੀ ਦੀ ਚੋਣ ਸਮੇਂ ਜ਼ਿਆਦਾਤਰ ਮੈਂਬਰ ਉੱਚ ਵਰਗ ਦੇ ਹੀ ਚੁਣੇ ਜਾਂਦੇ ਹਨ ਜੋ ਕਮੇਟੀ ਦੇ ਅਹੁਦੇਦਾਰ ਵੀ ਖ਼ੁਦ ਆਪਣੇ ਹੀ ਚੁਣਦੇ ਹਨ। ਕਮੇਟੀ ਵਿਚ ਦਲਿੱਤ ਵਰਗਾਂ ਦੇ ਜਾਤੀ ਦੇ ਹਿਸਾਬ ਨਾਲ ਇਕ-ਇਕ ਮੈਂਬਰ ਹੀ ਚੁਣਿਆ ਜਾਂਦਾ ਹੈ। ਉਹ ਵੀ ਸਿਰਫ਼ ਖ਼ਾਨਾਪੂਰਤੀ ਹੀ ਕੀਤੀ ਜਾਂਦੀ ਹੈ। ਕਮੇਟੀ ਵੱਲੋਂ ਕੋਈ ਮਤਾ ਪਾਉਣ ਸਮੇਂ ਉਨ੍ਹਾਂ ਦੀ ਕੋਈ ਰਾਏ ਨਹੀਂ ਲਈ ਜਾਂਦੀ।
‘ਗੁਰੂ ਕੀ ਗੋਲਕ ਗ਼ਰੀਬ ਦਾ ਮੂੰਹ’ ਵਾਲੀ ਕਹਾਵਤ ਵੀ ਸਿਰਫ਼ ਅਖਾਣਾਂ ਵਿਚ ਹੀ ਰਹਿ ਗਈ ਹੈ। ਹਕੀਕਤ ਵਿਚ ਇਨ੍ਹਾਂ ਪ੍ਰਬੰਧਕਾਂ ਵੱਲੋਂ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਵਾਂਗ ਵਰਤਿਆ ਜਾ ਰਿਹਾ ਹੈ। ਕੱਟੜਵਾਦੀ ਦੇ ਇਸੇ ਪੱਖਪਾਤੀ ਰਵਈਏ ‘ਚੋਂ ਪੈਦਾ ਹੋਈ ਨਫ਼ਰਤ ਵਿਚੋਂ ਇਕ ਵੱਖਰਾ ਗੁਰਦੁਆਰਾ ਬਣ ਜਾਂਦਾ ਹੈ। ਇਸ ਕਾਰਨ ਹੀ ਸਿੱਖਾਂ ਦਾ ਵੱਡਾ ਹਿੱਸਾ ਰਵਿਦਾਸੀਆ ਭਾਈਚਾਰਾ ਵੀ ਗੁਰੂ ਗ੍ਰੰਥ ਸਾਹਿਬ ਵਿਚੋਂ ਆਪਣਾ ਗ੍ਰੰਥ ਅਲੱਗ ਬਣਾਉਣ ਦਾ ਦਾਅਵਾ ਕਰ ਚੁੱਕਿਆ ਹੈ। ਬਰਾਬਰ ਸਨਮਾਨ ਨਾ ਮਿਲਣ ਕਾਰਨ ਹੀ ਸਿੱਖ ਪੰਥ ਲਈ ਸਿਰਮੌਰ ਕੁਰਬਾਨੀਆਂ ਦੇਣ ਵਾਲਾ ਮਜ਼ਹਬੀ ਸਿੱਖ ਭਾਈਚਾਰਾ ਅੱਜ ਪੰਥ ਨਾਲੋਂ ਟੁੱਟ ਕੇ ਡੇਰਿਆਂ ਅਤੇ ਹੋਰ ਧਰਮਾਂ ਦੀ ਸ਼ਰਨ ‘ਚ ਜਾਣ ਲਈ ਮਜਬੂਰ ਹੈ। ਦਲਿੱਤਾਂ ਲਈ ਗੈਰਬਰਾਬਰਤਾ ਵਾਲੀਆਂ ਨੀਤੀਆਂ ਨੂੰ ਦੁਹਰਾਉਂਦੇ ਕੱਟੜਪੰਥੀਆਂ ਵੱਲੋਂ ਕੀਤਾ ਜਾਂਦਾ ਜਾਤੀਵਾਦ ਦਾ ਵਿਤਕਰਾ ਸਿੱਖੀ ਸਿਧਾਂਤਾਂ ਦੇ ਸਰਬ ਸਾਂਝੇ ਬੂਟੇ ਲਈ ਸਿਉਂਕ ਬਣ ਚੁੱਕਿਆ ਹੈ।
ਸਿੱਖੀ ਨੂੰ ਬਚਾਉਣ ਲਈ ਇਸ ਉਤੇ ਕਾਬੂ ਪਾਉਣਾ ਸਮੇਂ ਦੀ ਮੁੱਖ ਲੋੜ ਹੈ। ਜਿਸ ਤਰ੍ਹਾਂ ਮੌਕਾਪ੍ਰਸਤ ਆਗੂ ਸਿੱਖੀ ਦੀ ਮਾਣ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਗੁਰੂ ਘਰਾਂ ਵਿੱਚ ਮਨ ਮਰਜੀ ਕਰ ਲੱਗੇ ਹਨ, ਉਵੇਂ ਕਿ ਕੁਝ ਮੌਕਾਪ੍ਰਸਤ ਤਾਕਤਾਂ ਮਹਾਨ ਸਿੱਖ ਧਰਮ ਦੇ ਬਹਾਦਰ ਸਿੱਖਾਂ ਨੂੰ ਪੱਖਪਾਤ ਅਤੇ ਵੰਡਵਾਦ ਦੇ ਨਾਂਅ ਹੇਠ ਭੜਕਾ ਕੇ ਮਹਾਨ ਭਾਰਤ ਦੇਸ਼ ਵਿਰੋਧੀ ਕਰਨਾ ਚਾਹੁੰਦੇ ਹਨ, ਜਦੋਂਕਿ ਭਾਰਤ ਦੇਸ਼ ਦੀ ਆਜ਼ਾਦੀ ਤਾਂ ਮਿਲੀ ਹੀ ਸਿੱਖਾਂ ਦੀ ਲਾਸਾਨੀ ਕੁਰਬਾਨੀਆਂ ਦੀ ਬਦੌਲਤ ਹੈ।
ਜਿਸ ਦੀ ਆਨ ਤੇ ਸ਼ਾਨ ਲਈ ਸਾਡੇ ਗੁਰੂ ਸਹਿਬਾਨਾਂ ਨੇ ਪੰਥ ਵਾਰ ਦਿੱਤੇ, ਅਜਿਹੇ ਦੇਸ਼ ਤੋਂ ਦੂਰ ਹੋਣ ਦਾ ਵਿਚਾਰ ਕੀ ਅਸੀਂ ਸੁਪਨੇ ਵਿੱਚ ਵੀ ਸੋਚ ਸਕਦੇ ਹਾਂ? ਅੱਜ ਦਾ ਸਿੱਖ ਬੇਸ਼ੱਕ ਬਹੁਤ ਹੀ ਸਮਝਦਾਰ ਅਤੇ ਸਿਆਣਾ ਹੈ, ਪਰ ਫਿਰ ਵੀ ਸਮੁੱਚੇ ਸਿੱਖ ਸਮਾਜ ਨੂੰ ਇਸ ਮੁੱਦੇ ਸਬੰਧੀ ਜਾਗਰੂਕ ਹੋਣ ਦੀ ਅਹਿਮ ਲੋੜ ਹੈ!!