ਤਿਰਛੀ ਨਜ਼ਰ

ਸੁਖਬੀਰ ਬਾਦਲ ਦੀ ਮੁੱਖ ਮੰਤਰੀ ਵਜੋਂ ਤਾਜਪੋਸ਼ੀ ਹੁਣ ਬਾਦਲ ਦੇ ਏਜੰਡੇ ਤੇ?
ਜਾਂ
ਹੁਣ ਬਾਦਲ ਦੇ ਏਜੰਡੇ ‘ਤੇ ਹੈ ਮੁੱਖ ਮੰਤਰੀ ਵਜੋਂ ਸੁਖਬੀਰ ਬਾਦਲ ਦੀ ਤਾਜਪੋਸ਼ੀ

ਅਪ੍ਰੈਲ 2010 ਦੇ ਪਹਿਲੇ ਹਫ਼ਤੇ ਚੰਡੀਗੜ੍ਹ ਵਿਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਇਕ ਦਿਲਚਸਪ ਤੇ ਨਵੇਕਲੀ ਗੱਲ ਹੋਈ। ਪਾਰਟੀ ਦੇ ਕੰਮ- ਕਾਜ਼ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਬਾਰੇ ਹੋ ਰਹੀ ਚਰਚਾ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਇਕ ਅਜਿਹੀ ਟਿੱਪਣੀ ਕੀਤੀ ਕਿ ਮੀਟਿੰਗ ਵਿਚ ਬੈਠੇ ਨੇਤਾ ਹੈਰਾਨ ਹੋ ਗਏ। ਬਾਦਲ ਨੇ ਕਿਹਾ ਕਿ ‘‘ਜਿਹੜਾ ਆਪਾਂ ਬੱਚਿਆਂ ਨੂੰ ਹਰ ਵੇਲੇ ਮੂਹਰੇ ਲਾਉਣ ਵਾਲਾ ਕੰਮ ਸ਼ੁਰੂ ਕਰ ਲਿਐ ਇਹ ਬਹੁਤ ਗ਼ਲਤ ਹੋ ਰਿਹੈ। ਨਾਲ ਹੀ ਇਕ ਦਮ ਖ਼ੁਦ ਹੀ ਬੋਲੇ,‘‘ ਇਸ ਲਈ ਸਭ ਤੋਂ ਵੱਡਾ ਕਸੂਰਵਾਰ ਤਾਂ ਮੈਂ ਹੀ ਹਾਂ ਪਰ ਇਸ ਨਾਲ ਪਾਰਟੀ ਦਾ ਨੁਕਸਾਨ ਬਹੁਤ ਹੋਇਐ। ਹਰ ਕੋਈ ਆਪਣੇ ਪੁੱਤਾਂ-ਧੀਆਂ ਨੂੰ ਹੀ ਅੱਗੇ ਲਿਆਉਣਾ ਚਾਹੁੰਦੈ। ਇਸ ਨਾਲ ਵਰਕਰ ਬਹੁਤ ਨਿਰਾਸ਼ ਹੁੰਦੇ ਨੇ।‘‘ ਆਪਣੇ ਨੇਤਾ ਦੇ ਮੂੰਹੋਂ ਇਹ ਗੱਲ ਸੁਣ ਕੇ ਕੁਝ ਮੈਂਬਰ ਚੁੱਪ ਵੀ ਕਰ ਗਏ ਪਰ ਕੁਝ ਨੇ ਬਾਦਲ ਦਾ ਮੋੜਾ ਮੋੜਿਆ ਤੇ ਕਿਹਾ ਕਿ ਸੁਖਬੀਰ ਦੇ ਮਾਮਲੇ ਵਿਚ ਤਾਂ ਅਜਿਹੀ ਗੱਲ ਨਹੀਂ। ਉਨ੍ਹਾਂ ਨੇ ਸੁਖਬੀਰ ਦੀ ਲੀਡਰਸ਼ਿਪ ਨੂੰ ਵਾਜਬ ਠਹਿਰਾਉਣ ਦਾ ਯਤਨ ਕੀਤਾ। ਸੁਖਬੀਰ ਬਾਦਲ ਵੀ ਇਸ ਮੌਕੇ ਉੱਥੇ ਹੀ ਸਨ। ਮੀਟਿੰਗ ਤਾਂ ਖ਼ਤਮ ਹੋ ਗਈ ਪਰ ਇਹ ਸਵਾਲ ਖੜ੍ਹਾ ਰਿਹਾ ਕਿ ਬਾਦਲ ਦਾ ਅਜਿਹੀ ਟਿੱਪਣੀ ਕਰਨ ਦਾ ਮਕਸਦ ਕੀ ਸੀ? ਉਹ ਅਜਿਹੇ ਨੇਤਾ ਹਨ ਜਿਹੜੇ ਬਹੁਤ ਸੋਚ ਸਮਝ ਕੇ ਅਤੇ ਮਿਣ-ਤੋਲ ਕੇ ਬੋਲਦੇ ਹਨ। ਉਨ੍ਹਾਂ ਦਾ ਕੋਈ ਵੀ ਕਥਨ ਬੇਅਰਥ ਨਹੀਂ ਹੁੰਦਾ। ਇਹ ਕੌੜਾ ਸੱਚ ਹੈ ਕਿ ਉਨ੍ਹਾਂ ਦੇ ਮਨ ਦੀ ਗੱਲ ਅਤੇ ਚੁੱਕੇ ਜਾਣ ਵਾਲੇ ਅਗਲੇ ਕਦਮ ਬਾਰੇ ਬੁੱਝਣਾ ਬਹੁਤ ਔਖਾ ਹੈ ਪਰ ਫਿਰ ਵੀ ਸਮਝਿਆ ਇਹ ਜਾ ਰਿਹਾ ਹੈ ਕਿ ਸ ਬਾਦਲ ਟੱਬਰਸ਼ਾਹੀ ਦੇ ਮੁੱਦੇ ਤੇ ਅਤੇ ਸੁਖਬੀਰ ਬਾਦਲ ਦੀ ਸੰਭਾਵੀ ਗੱਦੀ-ਨਸ਼ੀਨੀ ਬਾਰੇ ਮੈਂਬਰਾਂ ਦਾ ਪ੍ਰਤੀਕਰਮ ਜਾਣਨਾ ਚਾਹੁੰਦੇ ਸਨ। ਉਸੇ ਹੀ ਦਿਨ ਤੀਜਾ ਦਰਜਾ ਕਰਮਚਾਰੀਆਂ ਦੀ ਸੇਵਾਮੁਕਤੀ ਦੀ ਉਮਰ ਵਿਚ ਵਾਧੇ ਦੇ ਮਾਮਲੇ ‘ਤੇ ਜੋ ਕੁਝ ਹੋਇਆ, ਇਸ ਦੇ ਵੀ ਵਿਸ਼ੇਸ਼ ਅਰਥ ਕੱਢੇ ਜਾ ਰਹੇ ਨੇ। ਇਹ ਉਮਰ 58 ਸਾਲ ਤੋਂ ਵਧਾ ਕੇ 60 ਕਰਨ ਸਬੰਧੀ ਭਾਵੇਂ ਅਕਾਲੀ-ਭਾਜਪਾ ਲੀਡਰਸ਼ਿੱਪ ਅਤੇ ਕੈਬਨਿਟ ਵਿਚ ਵੀ ਮੱਤਭੇਦ ਸਨ ਪਰ ਅਸਲੀਅਤ ਇਹ ਹੈ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਲਾਹ ਨੂੰ ਸਭ ਤੋਂ ਵੱਧ ਵਜ਼ਨ ਦਿੱਤਾ। ਉਨ੍ਹਾਂ ਆਪਣੀ ਅਤੇ ਆਪਣੀ ਸਰਕਾਰ ਦੀ ਬਦਨਾਮੀ ਵੀ ਝੱਲੀ, ਸਰਕਾਰ ਦੀ ਹਾਲਤ ਵੀ ਨਮੋਸ਼ੀ ਭਰੀ ਬਣੀ ਅਤੇ ਸਿਆਸੀ ਲੀਡਰਸ਼ਿੱਪ ਅਤੇ ਆਲ੍ਹਾ ਅਫ਼ਸਰਸ਼ਾਹੀ ਦੀ ਪ੍ਰਬੰਧਕੀ ਲਿਆਕਤ ‘ਤੇ ਸਵਾਲ ਉੱਠੇ ਪਰ ਫਿਰ ਵੀ ਸੇਵਾ ਮੁਕਤੀ ਦੀ ਉਮਰ 58 ਵਰ੍ਹੇ ਰੱਖਣ ਦਾ ਹੀ ਫ਼ੈਸਲਾ ਕੀਤਾ ਗਿਆ। ਉਨ੍ਹਾਂ ਨੇ ਸੁਖਬੀਰ-ਕਾਲੀਆ ਕਮੇਟੀ ਦੀ ਸਿਫ਼ਾਰਸ਼ ਅਤੇ ਆਪਣੇ ਚੋਣ ਮੈਨੀਫੈੱਸਟੋ ਦੇ ਉਲਟ ਸੇਵਾ ਮੁਕਤੀ ਦੀ ਉਮਰ ਵਿਚ ਬਦਲਾਅ ਨਾ ਕਰਨ ਦਾ ਨਿਰਣਾ ਲਿਆ। ਚਰਚਾ ਇਹ ਹੈ ਕਿ ਇਸ ਮੌਕੇ ‘ਤੇ ਮਨਪ੍ਰੀਤ ਇਸ ਮਾਮਲੇ ਤੇ ਬਾਗ਼ੀ ਰੌਂ ਵਿਚ ਸਨ ਪਰ ਬਾਦਲ ਇਸ ਵੇਲੇ ਕੋਈ ਅਜਿਹੀ ਬਦਮਗਜ਼ੀ ਪੈਦਾ ਨਹੀਂ ਸਨ ਹੋਣ ਦੇਣਾ ਚਾਹੁੰਦੇ। ਇਨ੍ਹਾ ਦੋਵਾਂ ਘਟਨਾਵਾਂ ਨੂੰ ਸੁਖਬੀਰ ਬਾਦਲ ਦੀ ਸੰਭਾਵੀ ਤਾਜਪੋਸ਼ੀ ਨਾ ਜੋੜ ਕੇ ਦੇਖਿਆ ਜਾ ਰਿਹਾ ਹੈ।
ਬਾਦਲ ਢੁੱਕਵੇਂ ਮੌਕੇ ਦੀ ਤਾਕ ‘ਚ
ਉਂਝ ਤਾਂ 2007 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵੇਲੇ ਤੋਂ ਮੀਡੀਆ ਵਿਚ ਇਹ ਤੁੱਕੇਬਾਜ਼ੀ ਸ਼ੁਰੂ ਹੋ ਗਈ ਸੀ ਕਿ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਇਆ ਪਰ ਦੋ ਸਾਲ ਪਹਿਲਾਂ ਬਠਿੰਡੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ 82ਵਾਂ ਜਨਮ ਦਿਨ ਮਨਾਇਆ ਗਿਆ ਸੀ ਉਦੋਂ ਤਾਂ ਇਸ ਬਾਰੇ ਸੁਰਖ਼ੀਆਂ ਵੀ ਛਪ ਗਈਆਂ ਸਨ। ਉਸ ਤੋਂ ਬਾਅਦ ਕਈ ਵਾਰ ਮਿਤੀਆਂ ਤੈਅ ਕਰਕੇ ਖ਼ਬਰਾਂ ਛਪਦੀਆਂ ਰਹੀਆਂ। ਅੱਜ ਤੱਕ ਮੈਂ ਆਪਣੇ ਕਾਲਮ ਵਿਚ ਕਿਸੇ ਖ਼ਬਰ ਵਿਚ ਅਜਿਹਾ ਨਹੀਂ ਸੀ ਲਿਖਿਆ ਕਿ ਸੁਖਬੀਰ ਨੂੰ ਰਾਜ ਗੱਦੀ ਸੌਂਪੀ ਜਾ ਰਹੀ ਹੈ ਪਰ ਹੁਣ ਜੋ ਹਾਲਾਤ ਬਣ ਰਹੇ ਨੇ ਇਹ ਸਪਸ਼ਟ ਸੰਕੇਤ ਦੇ ਰਹੇ ਕਿ ਅਗਲੇ ਨੇੜ ਭਵਿੱਖ ਵਿਚ ਕਿਸੇ ਵੇਲੇ ਵੀ ਸ: ਬਾਦਲ ਖ਼ੁਦ ਹੀ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਸਕਦੇ ਹਨ। ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਉਹ ਕਿਸੇ ਢੁੱਕਵੇਂ ਮੌਕੇ ਦੀ ਤਲਾਸ਼ ਵਿੱਚ ਹਨ। ਅਗਲੇ ਕੁਝ ਮਹੀਨੇ ਇਸ ਪੱਖੋਂ ਬਹੁਤ ਅਹਿਮ ਹੋਣਗੇ।
ਅਜਿਹੀ ਸੰਭਾਵਨਾ ਦੇ ਕੁਝ ਠੋਸ ਕਾਰਨ ਹਨ। ਸਭ ਤੋਂ ਵੱਡੀ ਗੱਲ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੀ ਯੋਗਤਾ ਅਤੇ ਤਜ਼ਰਬੇ ਦੀ ਸੀ। ਬਾਦਲ ਇਹ ਸਮਝਦੇ ਸਨ ਕਿ ਅਜੇ ਸੁਖਬੀਰ ਨੂੰ ਅਜਿਹੇ ਅਹਿਮ ਅਹੁਦੇ ‘ਤੇ ਬੈਠਣ ਲਈ ਕਾਫ਼ੀ ਤਜ਼ਰਬੇ, ਸੂਝ-ਬੂਝ ਅਤੇ ਸੰਜਮ ਹਾਸਲ ਕਰਨ ਦੀ ਲੋੜ ਹੈ। ਇਸੇ ਲਈ ਹੀ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਸੌਂਪ ਕੇ ਰਾਜ ਪ੍ਰਬੰਧ ਦੀ ਜ਼ਿੰਮੇਵਾਰੀ ਉਸਨੂੰ ਦਿੱਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦਾ ਕੰਮਕਾਜ਼ ਤਾਂ ਕਾਫ਼ੀ ਪਹਿਲਾਂ ਹੀ ਬਹੁਤ ਹੱਦ ਤੱਕ ਸੁਖਬੀਰ ਦੇ ਹਵਾਲੇ ਕਰ ਦਿੱਤਾ ਗਿਆ ਸੀ ਪਰ ਸਰਕਾਰ ਦੀ ਜ਼ਿੰਮੇਵਾਰੀ ਨਿਭਾਉਣ ਦਾ ਤਜ਼ਰਬਾ ਵੀ ਹੁਣ ਕਾਫ਼ੀ ਹੋ ਗਿਆ ਹੈ।

ਤੇ ਪੱਪੂ ਪਾਸ ਹੋ ਗਿਆ
ਸੁਖਬੀਰ ਬਾਦਲ ਨੇ ਸਰਕਾਰ ਦੀ ਵਾਗਡੋਰ ਸੰਭਾਲਣ ਲਈ ਸਭ ਤੋਂ ਅਹਿਮ ਅਤੇ ਔਖਾ ਟੈੱਸਟ ਉਦੋਂ ਪਾਸ ਕਰ ਲਿਆ ਜਦੋਂ ਮੁੱਖ ਮੰਤਰੀ ਦੀ ਗ਼ੈਰਹਾਜ਼ਰੀ ਵਿਚ ਉਨ੍ਹਾਂ ਪੰਜਾਬ ਵਿਧਾਨ ਸਭਾ ਦੇ  ਮਾਰਚ 2010 ਦੇ ਬਜਟ ਸੈਸ਼ਨ ਵਿਚ ਸਦਨ ਦੇ ਨੇਤਾ ਦੀ ਭੂਮਿਕਾ ਨਿਭਾਈ। ਸਦਨ ਵਿਚ ਨਿਪਟਾਏ ਗਏ ਵਿਧਾਨਕ ਕੰਮ ਕਾਜ਼ ਦੇ ਨਾਲ ਨਾਲ ਜਿਸ ਠਰੰਮ੍ਹੇ, ਸੰਜਮ ਅਤੇ ਸਮਤੋਲ ਭਰੇ ਲਹਿਜ਼ੇ ਵਿਚ ਸੁਖਬੀਰ ਨੇ ਰਾਜਪਾਲ ਦੇ ਭਾਸ਼ਣ ਤੇ ਹੋਈ ਬਹਿਸ ਦਾ ਜਵਾਬ ਦਿੱਤਾ, ਇਸ ਨਾਲ ਘਰ ਬੈਠੇ ਬਾਪੂ ਨੂੰ ਇਹ ਧਰਵਾਸ ਲਾਜ਼ਮੀ ਹੋਇਆ ਹੋਵੇਗਾ ਕਿ ਕਾਕਾ ਹੁਣ ਜਵਾਨ ਹੋ ਗਿਐ। ਇਹ ਵੀ ਸਬੱਬ ਹੀ ਸੀ ਕਿ ਇਸ ਵਾਰ ਮੁੱਖ ਮੰਤਰੀ ਦੇ ਨਾ ਹੁੰਦੇ ਹੋਏ ਵਿਧਾਨ ਸਭਾ ਸੈਸ਼ਨ ਕਿਸੇ ਵੱਡੇ ਖੱਪ-ਖ਼ਾਨੇ ਅਤੇ ਬਦਮਗਜ਼ੀ ਤੋ ਬਿਨਾਂ ਹੀ ਨਿਪਟ ਗਿਆ ਜਦੋਂ ਕਿ ਪਿਛਲੇ ਵਿਧਾਨ ਸਭਾ ਅਜਲਾਸ ਵਿਚ ਸੱਤਾਧਾਰੀ ਅਕਾਲੀ ਅਤੇ ਵਿਰੋਧੀ ਕਾਂਗਰਸੀ ਮੈਂਬਰ ਹੱਥੋਪਾਈ ਤੱਕ ਵੀ ਹੋ ਗਏ ਸਨ ਅਤੇ ਇਕ ਦਿਨ ਵੀ ਚੱਜ ਨਾਲ ਸਦਨ ਦੀ ਕਾਰਵਾਈ ਨਹੀਂ ਸੀ ਚੱਲ ਸਕੀ। ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਦਾ ਸਿਹਰਾ ਵੀ ਸੁਖਬੀਰ ਸਿਰ ਬੱਝਣਾ ਕੁਦਰਤੀ ਸੀ। ਬਾਦਲ ਦੀ ਬਿਮਾਰੀ ਦੀ ਹਾਲਤ ਉਂਝ ਵੀ ਸਾਰੀ ਸਰਕਾਰ ਅਤੇ ਪਾਰਟੀ ਦੀ ਵਾਗਡੋਰ ਸੁਖਬੀਰ ਬਾਦਲ ਹੀ ਸੰਭਾਲਦੇ ਰਹੇ। ਇਸ ਦੌਰ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਇਮਤਿਹਾਨ ਵਿਚੋਂ ਉਹ ਸਿਰਫ਼ ਪਾਸ ਹੀ ਨਹੀਂ ਹੋਏ ਸਗੋਂ ਚੰਗੀ ਡਿਵੀਜ਼ਨ ਵੀ ਹਾਸਲ ਕੀਤੀ। ਵਰਲਡ ਕਬੱਡੀ ਕੱਪ 2010 ਦੀ ਕਮਾਲ ਦੀ ਕਾਮਯਾਬੀ ਬਹੁਤ ਢੁਕਵੇਂ ਮੌਕੇ ‘ਤੇ ਹੋਈ ਹੈ।  ਸੁਖਬੀਰ ਬਾਦਲ ਅੰਦਰ ਮੁਹਿੰਮਬਾਜ਼ (ਕਰੂਸੇਡਰ) ਵਾਲੀ ਜਥੇਬੰਦਕ ਸਮਰੱਥਾ ਅਤੇ ਪੰਜਾਬੀ ਸੁਭਾਅ ਦੀ ਨਬਜ਼ ‘ਤੇ ਹੱਥ ਰੱਖਣ ਦੀ ਗ੍ਰਹਿਣ ਕੀਤੀ ਜਾ ਰਹੀ ਪੈਂਤਰੇਬਾਜ਼ੀ ਦਾ ਮੁੜ ਜ਼ੋਰਦਾਰ ਇਜ਼ਹਾਰ ਹੋਇਆ ਹੈ। ਇਸ ਸਫ਼ਲ ਸਿਆਸੀ ਖੇਡ ਕਲਾ ਨਾਲ ਮੁੱਖ ਮੰਤਰੀ ਦੀ ਕੁਰਸੀ ਲਈ ਲੱਗ ਰਹੇ ਉਸ ਦੇ ਨੰਬਰਾ ਵਿਚ ਇਕ ਅਹਿਮ ਵਾਧਾ ਹੋਇਆ ਹੈ। ਇਸ ਮਾਮਲੇ ‘ਤੇ  ਕਾਂਗਰਸੀ ਨੇਤਾਵਾਂ ਦੇ ਖ਼ਫ਼ਾ ਹੋਣ ਦਾ ਕਾਰਨ ਵੀ ਇਹ ਸੀ।
ਲੀਡਰਸ਼ਿੱਪ ਦੀ ਤਬਦੀਲੀ ਦਾ ਦੂਜਾ ਕਾਰਨ ਸ: ਬਾਦਲ ਦੀ ਵਡੇਰੀ ਉਮਰ ਅਤੇ ਸਿਹਤ ਦੀਆਂ ਸਮੱਸਿਆਵਾਂ ਵੀ ਹੋਣਗੀਆਂ। ਅਸੀਂ ਉਨ੍ਹਾਂ ਦੀ ਲੰਮੀ ਤੇ ਸਿਹਤਮੰਦ ਉਮਰ ਦੀ ਦੁਆ ਕਰਦੇ ਹਾਂ ਪਰ ਆਖ਼ਿਰਕਾਰ ਉਮਰ ਦਾ ਇਕ ਤਕਾਜ਼ਾ ਹੁੰਦਾ ਹੈ। ਬੇਸ਼ੱਕ ਸ: ਪ੍ਰਕਾਸ਼ ਸਿੰਘ ਬਾਦਲ ਦਾ ਇਸ ਵੇਲੇ ਕੋਈ ਸਿਆਸੀ ਜਾਂ ਜਾਤੀ ਬਦਲ ਨਹੀਂ ਹੈ। ਇੰਨੇ ਦਿਓਕੱਦ, ਲੰਮੇ ਤਜ਼ਰਬੇ ਅਤੇ ਟਿਕਾਊ, ਠਰੰਮ੍ਹੇ ਅਤੇ ਸੰਜਮੀ ਸੁਭਾਅ ਵਾਲੇ ਘਾਗ ਅਤੇ ਸੁਘੜ ਰਾਜਨੇਤਾ ਮੁਲਕ ਵਿਚ ਵਿਰਲੇ ਟਾਵੇਂ ਹੀ ਹਨ। 82 ਸਾਲ ਤੋਂ ਵੱਧ ਉਮਰ ਹੋਣ ਦੇ ਬਾਵਜੂਦ ਵੀ ਉਹ ਪੂਰੇ ਸਰਗਰਮ ਹਨ ਪਰ ਵਡੇਰੀ ਉਮਰ ਵਿਚ ਕੰਮ ਕਰਨ ਦੀ ਇੱਕ ਸੀਮਾ ਹੁੰਦੀ ਹੈ।
ਵਿਧਾਨ ਸਭਾ ਚੋਣਾ ਦੀ ਤਿਆਰੀ
ਸੱਤਾ ਤਬਦੀਲੀ ਦਾ ਤੀਜਾ ਵੱਡਾ ਕਾਰਨ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਦੀ ਤਿਆਰੀ ਵੀ ਹੈ। ਇਹ ਚੋਣਾ ਅਕਾਲੀ ਦਲ ਲਈ ਇੱਕ ਵੱਡੀ ਚੁਣੌਤੀ ਹੋਣਗੀਆਂ। ਕਾਰਗੁਜ਼ਾਰੀ ਪੱਖੋਂ ਵੀ ਬਾਦਲ ਸਰਕਾਰ ਤੇ ਕਈ ਗ਼ੰਭੀਰ ਸਵਾਲੀਆ ਨਿਸ਼ਾਨ ਲੱਗੇ ਹੋਏ ਹਨ। ਇਸ ਦੇ ਨਾਲ ਹੀ ਅਕਾਲੀ-ਭਾਜਪਾ ਗਠਜੋੜ ਦੇ ਅੰਦਰ ਲਗਾਤਾਰ ਚੱਲ ਰਹੀ ਖਿੱਚ-ਧੂਹ ਲੋਕਾਂ ਵਿਚ ਡਿੱਗ ਰਹੇ ਅਕਸ ਨੇ ਵੀ ਨਵੀਆਂ ਗੁੰਝਲਾ ਤੇ ਮੁਸ਼ਕਲਾਂ ਪੈਦਾ ਕੀਤੀਆਂ ਹਨ। ਇਨ੍ਹਾ ਚੋਣਾਂ ਵਿਚ ਸਰਕਾਰ ਦੀ ਸਿਆਸੀ ਲੀਡਰਸ਼ਿੱਪ ਨੂੰ ਨਵੀਂ ਦਿੱਖ ਦੇ ਕੇ ਕੁੱਦਣਾ, ਸ: ਬਾਦਲ ਅਤੇ ਅਕਾਲੀ ਦਲ ਦੀ ਮਜਬੂਰੀ ਵੀ ਹੋ ਸਕਦੀ ਹੈ। ਜਦੋਂ ਵੀ ਸੁਖਬੀਰ ਮੁੱਖ ਮੰਤਰੀ ਬਣੇ ਤਾਂ ਉਦੋਂ ਵਜ਼ਾਰਤ ਵਿਚ ਵੀ ਤੇ ਮਹਕਿਮਿਆਂ ਵਿੱਚ ਵੀ ਰੱਦੋ ਬਦਲ ਕਰਕੇ ਸਰਕਾਰ ਦਾ ਨਵਾਂ ਚਿਹਰਾ ਪੇਸ਼ ਕਰਨ ਦਾ ਯਤਨ ਹੋਵੇਗਾ।
ਮੁੱਖ ਮੰਤਰੀ ਸ: ਬਾਦਲ ਵੱਲੋਂ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਨਾਉਣ ਦੇ ਰਾਹ ਵਿਚ ਪਾਰਟੀ ਦੇ ਅੰਦਰੋਂ ਕੋਈ ਵੱਡਾ ਅੜਿੱਕਾ ਨਹੀਂ ਦਿਖਾਈ ਦਿੰਦਾ। ਕੁਝ ਇੱਕ ਨੇਤਾਵਾਂ ਨੂੰ ਛੱਡ ਕੇ ਬਹੁਤੇ ਨੇਤਾ, ਮੰਤਰੀ ਅਤੇ ਵਿਧਾਨਕਾਰ ਤਾਂ ਆਪਣੇ ਪੁੱਤਾਂ ਅਤੇ ਰਿਸ਼ਤੇਦਾਰਾਂ ਨੂੰ ਚੇਅਰਮੈਨੀਆਂ, ਮੈਂਬਰੀਆਂ ਅਤੇ ਹੋਰ ਅਹੁਦੇ ਦੁਆ ਕੇ ਕਾਣੇ ਹੋ ਚੁੱਕੇ ਨੇ। ਪਾਰਟੀ ਨੇਤਾਵਾਂ ਦਾ ਇੱਕ ਹਿੱਸਾ (ਜਿਨ੍ਹਾਂ ਵਿਚ ਬਾਦਲ ਪਰਿਵਾਰ ਦੇ ਕੁਝ ਮੈਂਬਰ ਵੀ ਨੇ) ਅੱਚਵੀ ਜ਼ਰੂਰ ਮਹਿਸੂਸ ਕਰੇਗਾ ਅਤੇ ਖਿਝੇਗਾ ਵੀ ਪਰ ਉਸ ਕੋਲ ਕੋਈ ਹੋਰ ਚਾਰਾ ਨਹੀਂ। ਬੀ ਜੇ ਪੀ ਵੀ ਸੁਖਬੀਰ ਨੂੰ ਗੱਦੀ ਸੰਭਾਲੇ ਜਾਣ ਦਾ ਬਹੁਤਾ ਵਿਰੋਧ ਨਹੀਂ ਕਰ ਸਕਦੀ ਪਰ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਸਮੇਤ ਰਾਜ ਸੱਤਾ ਵਿਚ ਕੁਝ ਹਿੱਸੇਦਾਰੀ ਵਧਾਉਣ ਵਿਚ ਸਫ਼ਲ ਜ਼ਰੂਰ ਹੋ ਸਕਦੀ ਹੈ। ਸਰਕਾਰ ਦੇ ਨਵੇਂ ਚਿਹਰੇ ਮੋਹਰੇ ਦਾ ਬੀ ਜੇ ਪੀ ਨੂੰ ਰਾਜਨੀਤਿਕ ਲਾਭ ਹੋਵੇਗਾ। ਜਿਉਂ ਜਿਉਂ ਹੋਰ ਸਮਾਂ ਲੰਘੇਗਾ ਤਿਉਂ ਤਿਉਂ ਬਾਦਲ ਲਈ ਇਸ ਮਾਮਲੇ ਵਿਚ ਮੁਸ਼ਕਿਲਾਂ ਹੋਰ ਵਧਣਗੀਆਂ। ਸੁਪਰੀਮ ਕੋਰਟ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ  ਮੈਂਬਰੀ ਦੀ ਬਹਾਲੀ ਵਰਗੇ ਹੋਰ ਭੁਚਾਲੀ ਸਿਆਸੀ ਝਟਕੇ ਵੀ ਲੱਗ ਸਕਦੇ ਨੇ।

– ਬਲਜੀਤ ਬੱਲੀ

ਸੰਪਾਦਕੀ ਸਲਾਹਕਾਰ
ਪੀ. ਟੀ. ਸੀ. ਨਿਊਜ਼