ਧਰਮ ਦੇ ਨਾਮ ‘ਤੇ ਗੁੰਡਾਗਰਦੀ ਦੀ ਹਮਾਇਤ ਹੱਕਾਂ ਦੀ ਰਾਖੀ ਨਹੀਂ ਹੋ ਸਕਦੀ

goonsਅਮਰੀਕਾ ਵਿਚ ਕਾਰਜਸ਼ੀਲ ਜਥੇਬੰਦੀ ਜੋ ਆਪਣੇ ਆਪ ਨੂੰ ਸਿੱਖਾਂ ਦਾ ਹਮਦਰਦੀ ਦਰਸਾਉਂਦੀ ਹੈ, ਉਸ ਉੱਤੇ ਪਿਛਲੇ ਦਿਨੀਂ ਵੱਡਾ ਸਵਾਲੀਆ ਨਿਸ਼ਾਨ ਲੱਗਾ, ਜਦੋਂ ਉਨ੍ਹਾਂ ਦੇ ਸੰਗਠਨ ਸਿੱਖ ਫਾੱਰ ਜਸਟਿਸ, ਜਿਸ ਤੋਂ ਭਾਵ ਸਿੱਖਾਂ ਲਈ ਨਿਆਂ ਦੀ ਗੱਲ ਕਰਨ ਦੀ ਬਜਾਇ ਪੰਜਾਬ ਅੰਦਰਲੇ ਗੈਂਗਸਟਰ ਧੜਿਆਂ ਨੂੰ ਪ੍ਰੋਤਸਾਹਿਤ ਕਰਨ ਦੇ ਇਲਜਾਮ ਲੱਗੇ। ਕਿਸੇ ਵੀ ਤਰ੍ਹਾਂ ਦੀ ਸਮਾਜ ਸੇਵੀ ਸੰਸਥਾ ਜਾਂ ਹੱਕਾਂ ਦੇ ਅਧਿਕਾਰ ਲਈ ਗੱਲ ਕਰਨ ਵਾਲੇ ਸੰਗਠਨ ਗੁੰਡਾਗਰਦੀ ਨੂੰ ਹਵਾ ਨਹੀਂ ਦੇ ਸਕਦੇ, ਪਰ ਜੇ ਪੰਜਾਬ ਵਿਚ ਵਿੱਕੀ ਗੌਂਡਰ ਵਰਗੇ ਧੜਿਆਂ ਦੀ ਸਿੱਖ ਫਾੱਰ ਜਸਟਿਸ ਵੱਲੋਂ ਹਮਾਇਤ ਹੋਣ ਲੱਗੀ ਤਾਂ ਸ਼ਾਇਦ ਇਹ ਅਗਲੇ ਕਾਲੇ ਦਿਨਾਂ ਦੀ ਤਿਆਰੀ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਲੋਕਾਂ ਦੀ ਰਾਖੀ ਲਈ ਗੁੰਡਾਗਰਦੀ ਕਰਨ ਵਾਲੇ ਧੜਿਆਂ ਨੂੰ ਨਕੇਲ ਪਾਉਣ ਦੀਆਂ ਕਾਰਵਾਈਆਂ ਨੂੰ ਵਿਦੇਸ਼ੀ ਧਰਤੀ ਤੋਂ ਸਿੱਖਾਂ ‘ਤੇ ਹੋ ਰਹੇ ਜੁਲਮਾਂ ਦਾ ਨਾਂਅ ਦਿੱਤਾ ਗਿਆ। ਅਜਿਹੀਆਂ ਕਾਰਵਾਈਆਂ ਨੂੰ ਕਿਸੇ ਧਰਮ ਨਾਲ ਨਜਾਇਜ ਜੋੜਨਾ ਹੱਕਾਂ ਦੀ ਰਾਖੀ ਨਹੀਂ ਹੋ ਸਕਦਾ। ਇੱਥੋਂ ਤੱਕ ਕਿ ਸਿੱਖ ਫਾੱਰ ਜਸਟਿਸ ਵੱਲੋਂ ਅਮਰੀਕਾ ਦੇ ਸਕੱਤਰ ਅਤੇ ਡਿਪਾਰਟਮੈਂਟ ਆੱਫ ਹੋਮਲੈਂਡ ਸਕਿਓਰਿਟੀ ਨੂੰ ਸੈਕਸ਼ਨ 212ਏ3ਈ3 ਆਈ ਐਨ ਏ ਤਹਿਤ ਕੈਪਟਨ ਅਮਰਿੰਦਰ ਖਿਲਾਫ ਤਸ਼ੱਦਦ ਅਤੇ ਗੈਰਕਾਨੂੰਨੀ ਕਤਲ ਦੇ ਇਲਜਾਮ ਤਹਿਤ ਵੀਜਾ ਅਤੇ ਅਮਰੀਕਾ ਦੇ ਦਾਖਲੇ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਕਿ ਮੁੱਖ ਮੰਤਰੀ ਵੱਲੋਂ ਕੀਤੀ ਗਈ ਇਹ ਕਾਰਵਾਈ ਪੰਜਾਬ ਨੂੰ ਅਮਨ ਸ਼ਾਂਤੀ ਵੱਲ ਲਿਜਾਣ ਦੀ ਇਕ ਵੱਡੀ ਪਹਿਲਕਦਮੀ ਹੈ। ਸਾਬਕਾ ਐਸ ਐਸ ਪੀ ਸੁਖਦੇਵ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ, ਕੱਟੜਪੰਥੀ ਧੜੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਿਚ ਲੱਗੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਧੜੇ ਪੰਜਾਬ ਵਿਚ ਲਗਾਤਾਰ ਜੁਰਮ ਅਤੇ ਸਹਿਕਦੇ ਹੋਏ ਮਾਹੌਲ ਨੂੰ ਹਵਾ ਦੇਣਾ ਚਾਹੁੰਦੇ ਹਨ। ਅਮਰਿੰਦਰ ਸਿੰਘ ਦੇ ਟਵੀਟ ਕੀਤੇ ਬਿਆਨ ਨੂੰ ਅਧਾਰ ਬਣਾ ਸਿੱਖਸ ਫਾੱਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਯੂ ਐੱਸ ਡਾੱਸ ਨੂੰ ਭੇਜੀ ਇਕ ਸ਼ਿਕਾਇਤ ਵਿਚ ਉਨ੍ਹਾਂ ਸਪਸ਼ਟ ਰੂਪ ਵਿਚ ਕੈਪਟਨ ਅਤੇ ਪੰਜਾਬ ਪੁਲਿਸ ‘ਤੇ ਇਲਜਾਮ ਲਗਾਉਂਦਿਆਂ ਗੈਂਗਸਟਰਾਂ ਦੇ ਐਨਕਾਊਂਟਰ ਨੂੰ ਨਿਆਂਇਕ ਹੱਤਿਆ ਦਾ ਨਾਮ ਦਿੱਤਾ, ਜਦੋਂਕਿ ਮਾਰੇ ਗਏ ਦੋਵੇਂ ਗੈਂਗਸਟਰ ਗੌਂਡਰ ਅਤੇ ਪ੍ਰੇਮਾ ਕਈ ਦਰਜਨ ਹੱਤਿਆ, ਫਿਰੌਤੀ ਆਦਿ ਦੇ ਕੇਸਾਂ ਵਿਚ ਨਾਮਜਦ ਸਨ। ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਸਰਬਜੀਤ ਸਿੰਘ ਟਿੱਪਣੀ ਕਰਦੇ ਕਹਿੰਦੇ ਹਨ ਕਿ ਖਾਲਿਸਤਾਨ ਅਤੇ ਖਾਲਸੇ ਦੀ ਗੱਲ ਕਰਨ ਵਾਲੇ ਗੈਂਗਸਟਰਾਂ ਦੇ ਸਮਰਥਕ ਕਿਵੇਂ ਹੋ ਸਕਦੇ ਹਨ। ਜੇ ਅਜਿਹੀਆਂ ਹਮਾਇਤਾਂ ਨੂੰ ਸਿਆਸੀ ਦ੍ਰਿਸ਼ਟੀਕੋਣ ਨਾਲ ਘੋਖਿਆ ਜਾਵੇ ਤਾਂ ਸਹਿਜੇ ਸਮਝ ਲੱਗਦੀ ਹੈ ਕਿ ਇਹ ਕਾਰਵਾਈਆਂ ਹੱਕਾਂ ਦੇ ਅਧਿਕਾਰ ਦੀ ਗੱਲ ਕਰਨ ਵਾਲੀਆਂ ਨਹੀਂ ਸਗੋਂ ਮਾਹੌਲ ਨੂੰ ਖਰਾਬ ਕਰਨ ਵਾਲੀਆਂ ਹਨ। ਇਸ ਲਈ ਇਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣਾ ਲਾਜ਼ਮੀ ਹੈ।