ਨਾਇਕ ਕੌਣ? ਸ਼ਹਾਦਤਾਂ ਦੇਣ ਵਾਲੇ ਜਾਂ ਮੁੱਲ ਵੱਟਣ ਵਾਲੇ

ਸਿੱਖ ਕੌਮ ਦੀ ਬਦਕਿਸਮਤੀ ਦਾ ਇਸ ਤੋਂ ਵੱਡਾ ਵੀ ਕੋਈ ਸਬੂਤ ਹੋ ਸਕਦਾ ਹੈ ਕਿ ਹਰ ਸਾਲ ਤਕਰੀਬਨ 40-50 ਲੱਖ ਮਨੁੱਖਾਂ ਦੇ ਇਕੱਠਾਂ ਤੋਂ ਬਾਅਦ ਵੀ ਕੌਮ ਦੀ ਡੋਲੇ ਖਾਂਦੀ ਤਕਦੀਰ ਨੂੰ ਸਵਾਰਨ ਵਾਸਤੇ ਕਦੇ ਕੋਈ ਰਣਨੀਤੀ ਹੀ ਸਾਹਮਣੇ ਨਾ ਆਈ ਹੋਵੇ? ਸਿੱਖੀ ਦੀ ਮੂਲ ਵਿਚਾਰਧਾਰਾ ਤੋਂ ਅਨਜਾਣ ਸ਼ਰਧਾਵਸ ਲੋਕਾਂ ਦੀ ਭੀੜ ਕਿਸੇ ਹੱਦ ਤੱਕ ਕਬੂਲੀ ਜਾਂ ਸਾਲਾਹੀ ਜਾ ਸਕਦੀ ਹੈ ਪਰ ਕੌਮ ਦੇ ਅਖਵਾਉਣ ਵਾਲੇ ਆਗੂਆਂ, ਧਾਰਮਿਕ ਚੌਧਰੀਆਂ ਅਤੇ ਬੁੱਧੀਜੀਵੀ ਵਰਗ ਦੀ ਧਰਮ ਦੇ ਪੱਖ ਤੋਂ ਜਿੰਮੇਵਾਰੀ ਦੀ ਮੌਜੂਦਾ ਕਾਰਗੁਜਾਰੀ ਕਿਸੇ ਤਰ੍ਹਾਂ ਵੀ ਹਜ਼ਮ ਨਹੀਂ ਹੁੰਦੀ। ਵਪਾਰਕ ਕੰਪਨੀਆਂ ਦੀਆਂ ਪ੍ਰਦਰਸ਼ਨੀਆਂ, ਖਿਡੌਣਿਆਂ ਅਤੇ ਔਰਤਾਂ ਦੇ ਹਾਰ ਸ਼ਿੰਗਾਰ ਦੇ ਹਜ਼ਾਰਾਂ ਸਟਾਲ, ਜਗ੍ਹਾ ਜਗ੍ਹਾ ਲੱਗੇ ਲੰਗਰਾਂ ਵਿੱਚੋਂ ਵੰਨ-ਸੁਵੰਨੇ ਪਕਵਾਨਾਂ ਦੀਆਂ ਮੁਕਾਬਲੇਬਾਜ਼ੀ ਦੀਆਂ ਅਨਾਉਸਮੈਂਟਾਂ ਧਾਰਮਿਕ ਜੋੜ ਮੇਲਿਆਂ ਦੇ ਨਾਂ ‘ਤੇ ਹੀ ਸੁਆਲੀਆ ਚਿੰਨ੍ਹ ਲਗਾਉਂਦੀਆਂ ਹਨ। ਸਰਕਾਰਾਂ ਤਾਂ ਸਦਾ ਹੀ ਭੀੜਾਂ ਨੂੰ ਕੁਰਾਹੇ ਪਾ ਕੇ ਗੁੰਮਰਾਹ ਕਰਦੀਆਂ ਰਹੀਆਂ ਹਨ, ਪਰ ਸਮਝ ਅਤੇ ਦਰਦ ਰੱਖਣ ਵਾਲਿਆਂ ਦਾ ਕੰਮ ਹੁੰਦਾ ਹੈ ਡੁੱਬਦੀ ਬੇੜੀ ਨੂੰ ਬਚਾਉਣ ਦਾ ਵਕਤ ਸਿਰ ਉਪਰਾਲਾ ਕਰਨਾ। ਇਸ ਤਰ੍ਹਾਂ ਦਾ ਉੱਦਮ ਤਾਂ ਅੱਜ ਬਿਲਕੁਲ ਨਾਂਹ ਦੇ ਬਰਾਬਰ ਹੀ ਹੈ। ਇੰਝ ਲੱਗਦਾ ਹੈ ਕਿ ਧਰਮ ਦੇ ਅਰਥ ਕੇਵਲ ਰੋਟੀ ਦੀ ਪਰਕਰਮਾ ਤੱਕ ਹੀ ਸੀਮਤ ਕਰ ਦਿੱਤੇ ਗਏ ਹਨ ਜਿਸ ਨਾਲ ਮਨੁੱਖਤਾ ਨੂੰ ਮਿਲੀ ਬੇਮਿਸਾਲ ਦੇਣ ਤੋਂ ਵੀ ਅਸੀਂ ਅਗਵਾਈ ਲੈਣ ਵਿੱਚ ਬਿਲਕੁੱਲ ਅਸਮਰੱਥ ਰਹੇ ਹਾਂ। ਫਤਹਿਗੜ੍ਹ ਸਾਹਿਬ ਦੀ ਧਰਤੀ ‘ਤੇ ਲਾਸਾਨੀ ਸ਼ਹਾਦਤ ਦੇ ਸਬੰਧ ਵਿੱਚ ਹਾਜ਼ਰੀ ਭਰ ਰਹੀ ਸੰਗਤ ਦੇ ਚਰਨਾਂ ਵਿੱਚ ਸਿਰ ਰੱਖ ਕੇ ਬੇਨਤੀ ਹੈ ਕਿ ਇਸ ਮਹਾਨ ਜੋੜ ਮੇਲੇ ਨੂੰ ਇੱਕ ਆਮ ਇਕੱਠ ਸਮਝ ਕੇ, ਰਸਮੀ ਮੱਥਾ ਟੇਕ ਕੇ ਅਤੇ ਲੰਗਰ ਛੱਕ ਕੇ ਹੀ ਨਾ ਚਲੇ ਜਾਣਾ। ਜਿਨ੍ਹਾਂ ਦੀ ਯਾਦ ਵਿੱਚ ਇਕੱਠੇ ਹੋ ਰਹੇ ਹੋ, ਉਨ੍ਹਾਂ ਦੋ ਮਾਸੂਮ ਰੂਹਾਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਨੇ ਇੱਕ ਸੁਤੰਤਰ ਜੀਵਨ ਦੇ ਹੱਕ ਵਿੱਚ ਉਸ ਵਕਤ ਦੀ ਮਜ਼ਬੂਤ ਅਤੇ ਜ਼ਾਲਮ ਸਰਕਾਰ ਦੀ ਕਚਹਿਰੀ ਵਿੱਚ ਹਰ ਤਰ੍ਹਾਂ ਦੇ ਲਾਲਚ ਅਤੇ ਡਰ ਨੂੰ ਨਕਾਰਦੇ ਹੋਏ ਜਿਸ ਪੁਖਤਾ ਸੂਝ, ਬੇਮਿਸਾਲ ਦਲੇਰੀ ਅਤੇ ਸਬਰ ਸਿਦਕ ਦੀ ਸਿਖਰ ਕਰਦਿਆਂ ਇਹ ਸ਼ਹਾਦਤ ਦਿੱਤੀ ਸੀ, ਉਸਦੀ ਮਿਸਾਲ ਰੂਹੇ ਜ਼ਮੀਨ ‘ਤੇ ਅਜੇ ਤੱਕ ਵੇਖਣ ਸੁਣਨ ਨੂੰ ਕਿਤੇ ਨਹੀਂ ਮਿਲਦੀ, ਪਰ ਜਿਸ ਢੰਗ ਨਾਲ ਸਿੱਖ ਜਗਤ ਦੀ ਬਹੁ-ਗਿਣਤੀ ਖਾਸ ਕਰਕੇ ਅਜੋਕੀ ਸਵਾਰਥੀ ਲੀਡਰਸ਼ਿਪ ਅਤੇ ਅਖੌਤੀ ਧਾਰਮਿਕ ਮੁੱਖੀਆਂ ਨੇ ਕੌਮੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਕੇ ਕੌਮ ਦੇ ਲੱਖਾਂ ਸ਼ਹੀਦਾਂ ਦੀ ਕਮਾਈ ਨੂੰ ਮਿੱਟੀ ਵਿੱਚ ਰੋਲਣ ਦਾ ਘੋਰ ਅਪਰਾਧ ਕੀਤਾ ਹੈ ਉਹ ਅਹਸਾਨ-ਫਰਾਮੋਸ਼ੀ ਵੀ ਬੇਮਿਸਾਲ ਹੀ ਹੈ।
ਅੱਜ ਅਗਰ ਸਿੱਖ ਇਤਿਹਾਸ ਗੁਰਮਤਿ ਸਿਧਾਂਤ ਅਤੇ ਅਜੋਕੀ ਸਿੱਖ ਜੀਵਨ ਜਾਂਚ ਨੂੰ ਸਾਹਮਣੇ ਰੱਖ ਕੇ ਓਪਰੀ ਨਜ਼ਰੇ ਵੀ ਤੱਕੀਏ ਤਾਂ ਲੱਖਾਂ ਸਿਰਾਂ ਦੀਆਂ ਕੁਰਬਾਨੀਆਂ ਨਾਲ ਸਿਰਜੇ ਇਸ ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਧਾਰਾ ਨਾਲ ਸ਼ਰਮਨਾਕ ਮਜ਼ਾਕ ਤੋਂ ਸਿਵਾਏ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ। ਜਿਸਦਾ ਮੁੱਖ ਰੂਪ ਵਿੱਚ ਬੇਕਾਬੂ ਹੋਇਆ ਨਸ਼ਿਆਂ ਦਾ ਹੜ੍ਹ, ਕੇਸ ਕਤਲ ਕਰਨ ਦੀ ਬੇਰਹਿਮ ਲਹਿਰ, ਸੱਭਿਆਚਾਰ ਦੇ ਨਾਂ ਤੇ ਲੱਚਰਪੁਣਾ ਜਿਉਂਦੇ ਜਾਗਦੇ ਸਬੂਤ ਹਨ।
ਸਰਹੰਦ ਦਾ ਇਹ ਖ਼ੂਨੀ ਸਾਕਾ ਅਕਾਲ ਪੁਰਖ ਨੇ ਬਖਸ਼ਿਸ਼ ਕਰਕੇ ਆਪ ਪ੍ਰਵਾਨ ਚੜਾਇਆ ਸੀ ਜਿਸ ਵਿੱਚ ਗੁਰਮਤਿ ਮਾਰਗ ਤੇ ਚੱਲਦਿਆਂ ਸੰਸਾਰ ਦੇ ਕੂੜ ਅਤੇ ਜ਼ੁਲਮ ਉਤੇ ਧਰਮ ਦੀ ਮੁਕੰਮਲ ਜਿੱਤ ਸੀ। ਦੋਹਾਂ ਹੀ ਰੂਹਾਂ ਨੇ ਕੁਰਬਾਨੀ ਵਾਸਤੇ ਉਮਰਾਂ ਦੇ ਤਕਾਜ਼ਿਆਂ ਨੂੰ ਗਲਤ ਸਾਬਤ ਕਰਦਿਆਂ ਸਿਰਜਣਹਾਰ ਦੇ ਹੁਕਮ ਮੁਤਾਬਿਕ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਚੰਡ ਕੀਤੇ ਸਤਿਯੁੱਗ ਦੇ ਮਿਸ਼ਨ ਦੀ ਪੂਰਤੀ ਵਾਸਤੇ ਆਪਣੇ ਸਰੀਰ ਦੀ ਮਸ਼ਾਲ ਵਿੱਚ ਆਪਣਾ ਖੂਨ ਜਲਾ ਕੇ ਅਤਿ ਬਿਖ਼ਮ ਅਤੇ ਅੰਧੇਰ ਮਾਰਗ ਨੂੰ ਰੌਸ਼ਨ ਕੀਤਾ। ਆਪਣੇ ਜੀਵਨ ਦੀ ਅਹੂਤੀ ਨਾਲ ਮਨੁੱਖੀ ਜੀਵਨ ਦੀ ਸਦੀਵੀ ਆਜ਼ਾਦੀ ਦੀ ਜ਼ਾਮਨੀ ਭਰ ਕੇ ਸੰਸਾਰ ਦੇ ਇਤਿਹਾਸ ਵਿੱਚ ਆਪਣੀ ਕਿਸਮ ਦਾ ਪਹਿਲਾ ਮੀਲ ਪੱਥਰ ਸਥਾਪਿਤ ਕੀਤਾ। ਸਿੱਖਾਂ ਦੀ ਆਬਾਦੀ ਭਾਰਤ ਦੀ ਸਮੁੱਚੀ ਆਬਾਦੀ ਦਾ ਡੇਢ ਫੀਸਦੀ ਹੋਣ ਦੇ ਬਾਵਜੂਦ ਵੀ ਹਿੰਦੋਸਤਾਨ ਦੀ ਆਜ਼ਾਦੀ ਵਾਸਤੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਉਨਾਨਵੇਂ ਫੀਸਦੀ ਹੋਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਇਸ ਆਜ਼ਾਦੀ ਦਾ ਅਸਲ ਆਧਾਰ ਗੁਰੂ ਪੰਥ ਵੱਲੋਂ ਬਖਸ਼ੀਆਂ ਲੱਖਾਂ ਸ਼ਹਾਦਤਾਂ ਦੇ ਨਾਲ ਇਹ ਲਾਸਾਨੀ ਸ਼ਹਾਦਤ ਹੀ ਸੀ ਜਿਸ ਦੇ ਨਤੀਜੇ ਮੁਗਲ ਰਾਜ ਅਤੇ ਹੋਰ ਜ਼ਾਲਮ ਹਕੂਮਤਾਂ ਦੀਆਂ ਜੜ੍ਹਾਂ ਕੱਟਣ ਵਿੱਚ ਨਿਕਲੇ, ਪਰ ਅਫਸੋਸ ਹੈ ਕਿ ਇੱਕ ਪਾਸੇ ਇਸ ਆਜ਼ਾਦੀ ਰਾਹੀਂ ਮਿਲੀ ਇੱਜ਼ਤ ਅਤੇ ਸ਼ਾਨ ਦੀ ਜ਼ਿੰਦਗੀ ਨੂੰ ਐਸ਼ੋ-ਆਰਾਮ ਵਿੱਚ ਗਲਤਾਨ ਕਰਕੇ ਆਪਣੇ ਪੁਰਖਿਆਂ ਦੀਆਂ ਕੀਤੀਆਂ ਕੁਰਬਾਨੀਆਂ ਨਾਲ ਰੱਜ ਕੇ ਬੇ-ਇਨਸਾਫੀ ਕਰ ਰਹੇ ਹਾਂ ਦੂਸਰਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਪਣੇ ਹੱਥੀਂ ਮੁਸੀਬਤਾਂ ਭਰਿਆ ਅੰਨ੍ਹਾ ਭਵਿੱਖ ਵੀ ਤਿਆਰ ਕਰ ਰਹੇ ਹਾਂ। ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤ ਨੂੰ ਸਾਹਮਣੇ ਰੱਖਦਿਆਂ ਅਜੋਕੀ ਜੀਵਨ-ਜਾਚ ਦੀ ਪੜਚੋਲ ਕਰਦੇ ਹੋਏ ਘੱਟੋ-ਘੱਟ ਗੁਰਮਤਿ ਮਾਰਗ ਦੇ ਪਾਂਧੀਆਂ ਵੱਲੋਂ ਡੂੰਘੀ ਵਿਚਾਰ ਕਰਨੀ ਲਾਜ਼ਮੀ ਬਣਦੀ ਹੈ। ਸਰਬ-ਸਾਂਝੀਵਾਲਤਾ, ਨਿਰਵੈਰਤਾ, ਨਿਰਭੈਤਾ, ਕਿਰਤ ਕਰਨ, ਵੰਡ-ਛੱਕਣ, ਦਸਵੰਧ ਕੱਢਣ ਦਾ ਉਪਦੇਸ਼ ਦੇਂਦਾ; ਜਾਤ-ਪਾਤ, ਛੂਆਛਾਤ, ਕਰਮ-ਕਾਂਡ ਅਤੇ ਮਨੁੱਖਾਂ ਦੀ ਮਨੁੱਖਾਂ ਰਾਹੀਂ ਗੁਲਾਮੀ ਦਾ ਵਿਰੋਧ ਕਰਦਾ; ਸ਼ਬਦ ਗੁਰੂ ਦੇ ਲੜ ਲਗਾ ਕੇ ਭੇਖੀ ਠੱਗਾਂ ਤੋਂ ਮੁਕਤ ਕਰਦਾ; ਸਦੀਆਂ ਤੋਂ ਕੁਚਲੀ ਜਾ ਰਹੀ ਨਾਰੀ ਜਾਤੀ ਨੂੰ ਵਿਸ਼ੇਸ਼ ਸਨਮਾਨ ਦੇ ਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਪੂਰਤੀ ਕਰਦਾ; ਬਾਣੀ ਦੇ ਅਥਾਹ ਸਾਗਰ ਰਾਹੀਂ ਜੀਵਨ ਦੇ ਹਰ ਪੱਖ ਦੀ ਸੋਝੀ ਬਖਸ਼ਦਾ; ਜੀਵਨ ਦੇ ਹਰ ਮੁਕਾਮ ਤੇ ‘ਨਾਨਕ ਨਾਮ ਚੜ੍ਹਦੀ ਕਲਾ ਤੇਰੈ ਭਾਣੈ ਸਰਬੱਤ ਦਾ ਭਲਾ’ ਦੇ ਮਹਾਨ ਬੋਲਾਂ ਰਾਹੀਂ ਸਾਰੇ ਸੰਸਾਰ ਦੀ ਸੁੱਖ-ਸ਼ਾਂਤੀ ਦੀ ਜਾਮਨੀ ਭਰਦਾ ਇਹ ਗੁਰਮਤਿ ਮਾਰਗ ਸੰਸਾਰ ਦੀਆਂ ਸਿਰਮੌਰ ਸੱਭਿਅਤਾਵਾਂ ਦਾ ਤੱਤ ਸਾਰ ਹੈ।
ਮੁਆਫ ਕਰਨਾ! ਬਾਣੀ ਦੇ ਭੈਅ ਅਦਬ ਤੋਂ ਦੂਰ ਜਾ ਰਹੇ ਵੀਰੋ ਅਤੇ ਭੈਣੋ ਕੇਸ ਕਤਲ ਕਰ ਚਿਹਰੇ ਨੂੰ ਕਰੂਪ ਕਰਕੇ, ਆਪ ਨਸ਼ਿਆਂ ਦੀ ਭੇਂਟ ਚੜ੍ਹਕੇ ਬਾਕੀ ਪਰਿਵਾਰਾਂ ਨੂੰ ਨਰਕ ਦਾ ਜੀਵਣ ਜਿਊਣ ਲਈ ਮਜ਼ਬੂਰ ਕਰਕੇ ਅਤੇ ਸੈਂਕੜੇ ਸਾਲਾਂ ਦੀ ਅਤਿ ਕਠਿਨ ਘਾਲਣਾ ਤੋਂ ਬਾਅਦ ਹੌਂਦ ਵਿੱਚ ਆਏ ਸਿੱਖ-ਸੱਭਿਆਚਾਰ ਨੂੰ ਹਰ ਪੱਖ ਤੋਂ ਦਾਗਦਾਰ ਕਰਕੇ ਕਿਹੜੀ ਸੱਭਿਅਤਾ ਨੂੰ ਰੌਸ਼ਨ ਕਰਨ ਜਾ ਰਹੇ ਹਾਂ? ਅੱਜ ਸਾਨੂੰ ਕੌਮ ਦੀ ਅਧੋਗਤੀ ਦਾ ਕੋਈ ਅਫਸੋਸ ਨਹੀਂ ਹੈ। ਇਸ ਕਰਕੇ ਹੀ ਭਵਿੱਖ ਵਿੱਚ ਕਿਸੇ ਕੌਮੀ ਨੀਤੀ ਦਾ ਖਿਆਲ ਤੱਕ ਨਹੀਂ ਹੈ, ਪਰ ਆਪਣੇ ਫਰਜ਼ ਦੀ ਪੂਰਤੀ ਕਰਦੇ ਹੋਏ ਆਪ ਜੀ ਨੂੰ ਫਿਰ ਵੀ ਸੁਚੇਤ ਕਰ ਰਹੇ ਹਾਂ ਕਿ ਕੌਮ ਦੀ ਅੱਤ ਮਾੜੀ ਦਸ਼ਾ ‘ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ’ ਵਾਲੀ ਹਾਲਤ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ।
ਤਿੰਨ ਸਦੀਆਂ ਪਹਿਲਾਂ ਜ਼ੁਲਮ ਨੂੰ ਰੋਕਣ ਲਈ ਇਹ ਲਾਸਾਨੀ ਸ਼ਹਾਦਤਾਂ ਦੇਣ ਵਾਸਤੇ ਜੋ ਸਾਧਨ ਪ੍ਰੇਰਨਾ ਸ੍ਰੋਤ ਬਣੇ ਸਨ ਅੱਜ ਵੀ ਉਹਨਾਂ ਸਾਧਨਾਂ ਦਾ ਹੀ ਆਸਰਾ ਲੈਣਾ ਪਵੇਗਾ। ਛੇ ਅਤੇ ਅੱਠ ਸਾਲ ਦੇ ਮਾਸੂਮਾਂ ਦੀ ਸ਼ਹਾਦਤ ਦੇ ਪਿੱਛੇ ਸਾਰੀ ਕਲਾ ਅਕਾਲ ਪੁਰਖ ਦੇ ਪ੍ਰਗਟ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹੀ ਵਰਤੀ ਸੀ। ਇਸ ਅਦੁੱਤੀ ਕਲਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਤੁੱਛ ਬੁੱਧੀ ਅਨੁਸਾਰ ਬੇਨਤੀ ਹੈ ਕਿ ਨਿਰੰਤਰ ਬਾਣੀ ਪੜ੍ਹਦਿਆਂ ਸੁਣਦਿਆਂ ਅਤੇ ਵਿਚਾਰਦਿਆਂ ਪ੍ਰਮਾਤਮਾ ਦੇ ਅਨੰਤ ਗੁਣਾਂ ਰਾਹੀਂ ਮਨੁੱਖ ਦੇ ਹਿਰਦੇ ਅੰਦਰ ਇੱਕ ਐਸਾ ਵਾਤਾਵਰਣ ਪੈਦਾ ਹੋ ਜਾਂਦਾ ਹੈ ਕਿ ਪ੍ਰਭੂ ਰਸ ਦੀ ਖਿੱਚ ਹੋਣ ਕਰਕੇ ਮਨ ਵਿਕਾਰਾਂ ਵੱਲ ਰੁਖ ਹੀ ਨਹੀਂ ਕਰਦਾ। ਸਰਬ ਸ਼ਕਤੀਮਾਨ ਦੇ ਧਿਆਨ ਅਤੇ ਰਸ ਵਿੱਚ ਪੈਦਾ ਹੋਏ ਟਿਕਾਓ ਵਿੱਚ ਮਨੁੱਖ ਮੌਤ ਦੇ ਭੈਅ ਤੋਂ ਉੱਪਰ ਉੱਠ ਕੇ ਪਰਉਪਕਾਰ ਦੇ ਝਰਨੇ ਦੀ ਤਰ੍ਹਾਂ ਵਹਿ ਤੁਰਦਾ ਹੈ। ਗੁਰਬਾਣੀ ਨਾਲੋ ਨਾਲ ਹਰ ਪਲ ਪਰਮਾਤਮਾ ਦੀ ਮਹਿਮਾ ਦੇ ਗੀਤ ਅਲਾਪਦੀ ਮਨੁੱਖੀ ਮਨ ਨੂੰ ਅਡੋਲਤਾ ਬਖਸ਼ਦੀ ਦਾਤਾਰ ਦੇ ਦਰ ਤੱਕ ਪਹੁੰਚਣ ਦਾ ਮਾਰਗ ਦਰਸ਼ਨ ਕਰਦੀ ਜਾਂਦੀ ਹੈ। ਦਰ ‘ਤੇ ਪਹੁੰਚ ਕੇ ਮਨੁੱਖੀ ਬੂੰਦ ਆਪਣੇ ਮੂਲ ਸਾਗਰ ਵਿੱਚ ਲੀਨ ਹੋਕੇ ਉਸਦਾ ਰੂਪ ਹੀ ਹੋ ਨਿਬੜਦੀ ਹੈ। ਫਿਰ ‘ਹਰਿ ਕਾ ਭਗਤ ਸੁ ਹਰਿ ਹੀ ਜੇਹਾ’ ਵਾਲੀ ਬਿਰਤੀ ਨੂੰ ਨਾ ਕੋਈ ਬਾਬਰ ਦੀ ਜੇਲ੍ਹ, ਨਾ ਕੋਈ ਤੱਤੀ ਤਵੀ, ਨਾ ਚਾਂਦਨੀ ਚੌਂਕ ਦੀ ਹਕੂਮਤ, ਨਾ ਉਬਲਦੀ ਦੇਗ, ਨਾ ਬੰਦ-ਬੰਦ ਕੱਟਣ ਦਾ ਹੁਕਮ, ਨਾ ਚਮਕੌਰ ਦੀ ਗੜ੍ਹੀ ਦੁਆਲੇ ਦੀ ਦਸ ਲੱਖ ਫੌਜ ਅਤੇ ਨਾ ਹੀ ਕੋਈ ਸਰਹੰਦ ਦੀ ਦੀਵਾਰ ਡੋਲਣ ਵਾਸਤੇ ਮਜ਼ਬੂਰ ਕਰ ਸਕਦੀ ਹੈ।
ਇਨਸਾਨੀਅਤ ਦੇ ਦਰਦਮੰਦੋ, ਉਮਰਾਂ ਦੇ ਤਕਾਜ਼ਿਆਂ ਤੋਂ ਦੂਰ ਪਰ੍ਹੇ ਮਨੁੱਖੀ ਸਬਰ ਸਿਦਕ ਦੀ ਆਖਰੀ ਹੱਦ ਨੂੰ ਪਾਰ ਕਰਦੀ; ਇੱਕ ਮਜ਼ਬੂਤ ਬਾਦਸ਼ਾਹੀ ਦਾ ਸਿਰ ਨਿਵਾਉਂਦੀ ਅਤੇ ਧਰਮ ਦੀ ਆੜ ਵਿੱਚ ਪਾਖੰਡੀਆਂ ਵੱਲੋਂ ਫੋਕੇ ਫਤਵਿਆਂ ਨੂੰ ਠੀਕਰੀਆਂ ਕਰਦੀ ਇਸ ਬੇਮਿਸਾਲ ਸ਼ਹਾਦਤ ‘ਤੇ ਮਾਣ ਕਰਦਿਆਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਕੇਵਲ ਇੱਕੋ ਅਕਾਲ ਪੁਰਖ ਦਾ ਓਟ ਆਸਰਾ ਮੰਨਕੇ, ਹਰ ਮੁਕਾਮ ਤੇ ਗੁਰਬਾਣੀ ਤੋਂ ਅਗਵਾਈ ਲੈ ਕੇ, ਆਪਣੇ ਨਿਵੇਕਲੇ ਸਿੱਖੀ ਸਰੂਪ ਨੂੰ ਕਾਇਮ ਰੱਖਦੇ ਹੋਏ ਮਾਇਆ ਦੇ ਬੇ-ਲੋੜੇ ਪ੍ਰਭਾਵ ਅਤੇ ਸੰਸਾਰ ਦੇ ਵਕਤੀ ਨਸ਼ਿਆਂ ਤੋਂ ਆਪ ਬਚ ਕੇ ਆਪਣੇ ਆਲੇ-ਦੁਆਲੇ ਨੂੰ ਬਚਾਉਣ ਦਾ ਵੀ ਨਿੱਗਰ ਯਤਨ ਕਰੋ। ਵੱਖੋ-ਵੱਖਰੀਆਂ ਸੰਸਥਾਵਾਂ ਵਿੱਚ ਵਿਚਰਦੇ ਹੋਏ ਵੀ ਆਪਸੀ ਤਾਲਮੇਲ ਰਾਹੀਂ ਕੌਮੀ ਸੋਚ ਅਤੇ ਕੌਮੀ ਸਾਂਝ ਨੂੰ ਕਾਇਮ ਰੱਖਕੇ ਆਪਣੇ ਅਮੀਰ ਇਤਿਹਾਸ ਨਾਲ ਰੂ-ਬ-ਰੂ ਹੁੰਦੇ ਗੁਰਮਤਿ ਸਿਧਾਂਤ ਨੂੰ ਆਪ ਦ੍ਰਿੜ ਕਰਕੇ ਇਸ ਦੇ ਪ੍ਰਚਾਰ ਅਤੇ ਪਸਾਰ ਵਾਸਤੇ ਆਪਣੇ ਜੀਵਨ ਵਿੱਚੋਂ ਆਪਣੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਸਮਾਂ ਜ਼ਰੂਰ ਕੱਢੋ।
ਆਓ! ਗੁਰੂ ਪਾਤਸ਼ਾਹ ਦੇ ਬਚਨਾਂ ਦਾ ਓਟ ਆਸਰਾ ਲੈ ਕੇ ਸੰਸਾਰ ਵਿੱਚ ਪਈ ਵਿਕਾਰਾਂ ਦੀ ਅੱਗ ਨਾਲ ਲੋਹਾ ਲੈਂਦੇ ਕੁੱਲ ਜਗਤ ਵਿੱਚ ਸਦੀਵੀ ਸ਼ਾਂਤੀ ਅਤੇ ਆਜ਼ਾਦੀ ਦੇ ਗੁਰੂ ਕਾਜ ਨੂੰ ਅੱਗੇ ਤੋਰਨ ਲਈ ਯੋਗਦਾਨ ਪਾ ਕੇ ਇਸ ਲਾਸਾਨੀ ਸ਼ਹਾਦਤ ਦਾ ਅਸਲ ਮਨੋਰਥ ਹਾਸਲ ਕਰਦੇ ਹੋਏ ਸੱਚ ਅਤੇ ਇਨਸਾਫ ਦੇ ਮੁਦਈ ਹੋਣ ਦਾ ਮਾਣ ਹਾਸਿਲ ਕਰੀਏ।

ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
– ਸੰਤੋਖ ਸਿੰਘ (ਮਾਸਟਰ), ਸਿੱਖ ਤਾਲਮੇਲ ਮਿਸ਼ਨ ਲੁਧਿਆਣਾ।