ਪੀਐਸਜੀਪੀਸੀ, ਈਟੀਪੀਬੀ ਦੇ ਇਸ਼ਾਰਿਆਂ ‘ਤੇ ਚੱਲ ਰਹੀ ਹੈ – ਐਡਵੋਕੇਟ ਹੀਰਾ ਸਿੰਘ

ਐਡਵੋਕੇਟ ਹੀਰਾ ਸਿੰਘ

ਐਡਵੋਕੇਟ ਹੀਰਾ ਸਿੰਘ

ਪਾਕਿਸਤਾਨੀ ਸਿੱਖਾਂ ਵੱਲੋਂ ਪਾਕਿਸਤਾਨ ਦੇ ਵਖਬ ਬੋਰਡ ਦਾ ਪੁਰਜੋਰ ਵਿਰੋਧ ਕੀਤਾ ਗਿਆ, ਜਦੋਂ ਈ ਟੀ ਪੀ ਬੀ ਸਿੱਖਾਂ ਨਾਲ ਕੀਤੇ ਆਪਣੇ ਵਾਅਦੇ ਤੋਂ ਮੁੱਕਰ ਗਿਆ। ਅਸਲ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਈ ਟੀ ਪੀ ਬੀ ਨੇ ਗੁਰਦੁਆਰਾ ਕਰਤਾਰ ਸਾਹਿਬ ਵਿਖੇ 100 ਕਮਰਿਆਂ ਦਾ ਸਰਾਂ ਘਰ ਬਨਾਉਣ ਦੀ ਗੱਲ ਕੀਤੀ ਸੀ, ਪਰ ਸਰਕਾਰ ਵੱਲੋਂ ਮਿਲੀ ਗਰਾਂਟ ਨੂੰ ਗੁਰਦੁਆਰਾ ਸਾਹਿਬ ਦੀ ਉਸਾਰੀ ‘ਤੇ ਲਗਾਉਣ ਦੀ ਬਜਾਇ ਈ ਟੀ ਪੀ ਬੀ ਇਸਦੀ ਵਰਤੋਂ ਹੋਰ ਕੰਮਾਂ ਵਿਚ ਲਾ ਰਿਹਾ ਹੈ। ਈ ਟੀ ਪੀ ਬੀ ਦੇ ਚੇਅਰਮੈਨ ਫਾਰੁੱਖ ਉਲ ਸਾਦਿਕ ਵੱਲੋਂ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਝਾਅ ਦਿੱਤਾ ਗਿਆ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਉਸਾਰੀ ਦੇ ਕਾਰਜ ਅਤੇ ਨਵਨਿਰਮਾਣ ਲਈ ਯੂ ਐਸ ਏ ਅਤੇ ਕੈਨੇਡਾ ਦੀਆਂ ਸੰਗਤਾਂ ਤੋਂ ਚੰਦਾ ਇਕੱਠਾ ਕਰਨ। ਸਿੱਖ ਲੀਡਰ ਅਤੇ ਖਾਲਸਾ ਪੀਸ ਐਂਡ ਜਸਟਿਸ ਫਾਉਂਡੇਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਪੇਸ਼ਾਵਰ ਨੇ ਈ ਟੀ ਪੀ ਬੀ ਦੀ ਇਸ ਕੋਝੀ ਹਰਕਤ ਦੀ ਨਿੰਦਾ ਕਰਦਿਆਂ ਕਿਹਾ ਕਿ, ਫਾਰੁੱਖ ਨੂੰ ਸਿੱਖਾਂ ਦੇ ਅੰਦਰੂਨੀ ਮਸਲਿਆਂ ਬਾਰੇ ਸਲਾਹ ਦੇਣ ਦੀ ਲੋੜ ਨਹੀਂ। ਜਿਕਰਯੋਗ ਹੈ ਕਿ ਫਾਰੁੱਖ ਸਮੇਤ ਤਾਰਿਕ ਖਾਨ, ਪਾਕਿਸਤਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅਤੇ ਪੰਜਾਬ ਤੋਂ ਪਾਰਲੀਮੈਂਟ ਮੈਂਬਰ ਰਮੇਸ਼ ਸਿੰਘ ਅਰੋੜਾ, ਗੁਰਦੁਆਰਾ ਕਰਤਾਰ ਸਾਹਿਬ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਖੁਲਾਸਾ ਕੀਤਾ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਅਤੇ ਸੇਵਾ ਲਈ ਵਿਸ਼ਵ ਦੇ ਸਮੂਹ ਸਿੱਖ ਭਾਈਚਾਰੇ ਨੂੰ ਸੱਦਾ ਦਿੱਤਾ ਜਾਵੇਗਾ। ਇਕ ਵੀਡੀਓ ਸੁਨੇਹੇ ਵਿਚ ਫਾਰੁੱਖ ਵੱਲੋਂ ਇਹ ਵੀ ਕਿਹਾ ਗਿਆ ਕਿ, ਜੇ ਕੋਈ ਗੁਰਦੁਆਰਾ ਸਾਹਿਬ ਵਿਖੇ ਕਾਰ ਸੇਵਾ ਕਰਨਾ ਚਾਹੁੰਦਾ ਹੈ, ਤਾਂ ਉਹ ਜੀ ਸਦਕੇ ਅੱਗੇ ਆਵੇ। ਆਪਣੇ ਹੱਥੀਂ ਆਪਣੀ ਮਰਜੀ ਨਾਲ ਡੋਨੇਸ਼ਨ ਦੇ ਸਕਦਾ ਹੈ। ਅਸੀਂ ਲੌੜੀਂਦੀ ਮਸ਼ੀਨਰੀ ਅਤੇ ਹੋਰ ਸਾਜੋ ਸਮਾਨ ਮੁਹੱਈਆ ਕਰਵਾਵਾਂਗੇ। ਜਿਕਰਯੋਗ ਹੈ ਕਿ ਈਟੀਪੀਬੀ ਅਤੇ ਪੀਐਸਜੀਪੀਸੀ ਦੋਵੇਂ ਵੱਖਰੇ ਵੱਖਰੇ ਅਦਾਰੇ ਹਨ। ਸਿਧਾਂਤਕ ਤੌਰ ‘ਤੇ ਈਟੀਪੀਬੀ ਨੂੰ ਧਾਰਮਿਕ ਸੰਸਥਾ ਪੀਐਸਜੀਪੀਸੀ ਦੇ ਅੰਦਰੂਨੀ ਮਸਲਿਆਂ ਵਿਚ ਦਖਲਅੰਦਾਜੀ ਕਰਨ ਦੀ ਛੂਟ ਨਹੀਂ ਹੋਣੀ ਚਾਹੀਦੀ। ਇਹ ਵਿਚਾਰ ਸ੍ਰੀ ਗੁਰੂ ਨਾਨਕ ਸਤਸੰਗ ਸਭਾ ਦੇ ਪ੍ਰਧਾਨ ਐਡਵੋਕੇਟ ਹੀਰਾ ਸਿੰਘ ਕਰਾਚੀ ਨੇ ਪੇਸ਼ ਕੀਤੇ। ਉਨ੍ਹਾਂ ਅੱਗੇ ਕਿਹਾ ਕਿ, ਅਸਲ ਵਿਚ ਪੀਐਸਜੀਪੀਸੀ, ਈਟੀਪੀਬੀ ਦੇ ਇਸ਼ਾਰਿਆਂ ‘ਤੇ ਚੱਲ ਰਹੀ ਹੈ, ਜਿਸ ਵਿਚ ਉਨ੍ਹਾਂ ਦਾ ਨਿੱਜੀ ਸਵਾਰਥ ਝਲਕਦਾ ਹੈ। ਹੀਰਾ ਸਿੰਘ ਨੇ ਯੂ ਐਸ ਏ ਅਤੇ ਕੈਨੇਡਾ ਦੇ ਸਿੱਖਾਂ ਨੂੰ ਸਪਸ਼ਟ ਕੀਤਾ ਕਿ ਈਟੀਪੀਬੀ ਦੇ ਕਾਰਜਸ਼ੈਲੀ ਵਿਚ ਪਾਰਦਰਸ਼ਤਾ ਨਹੀਂ ਹੈ। ਪੇਸ਼ਾਵਰ ਤੋਂ ਸਿੱਖ ਲੀਡਰ ਰਾਦੇਸ਼ ਸਿੰਘ ਵੱਲੋਂ ਫਾਰੁੱਖ ਦੇ ਅਸਤੀਫੇ ਦੀ ਮੰਗ ਕੀਤੀ ਜਾ ਚੁੱਕੀ ਹੈ, ਕਿਉਂਕਿ ਉਨ੍ਹਾਂ ਅਨੁਸਾਰ ਫਾਰੁੱਖ ਘੱਟ ਗਿਣਤੀਆਂ ਨਾਲ ਨਿਆਂ ਨਹੀਂ ਕਰ ਸਕਿਆ।