ਪੰਜਾਬੀਆਂ ਨੇ ਸਮਾਜਿਕ ਅਰਾਜਕਤਾ ਫੈਲਾਉਣ ਵਾਲਿਆਂ ਨੂੰ ਹਮੇਸ਼ਾਂ ਮੂੰਹਤੋੜ ਜੁਆਬ ਦਿੱਤਾ ਹੈ – ਸਚਦੇਵਾ

punjabਪੰਜਾਬ ਨੂੰ ਮੁਸ਼ਕਿਲ ਦਿਨਾਂ ਵਿਚ ਆਪਣੇ ਹਾਲਾਤ ‘ਤੇ ਛੱਡ ਕੇ ਜਾਣ ਵਾਲੇ, ਹੁਣ ਪੰਜਾਬ ਦੀ ਇੰਨੀ ਚਿੰਤਾ ਕਿਉਂ ਕਰ ਰਹੇ ਹਨ, ਕਿਉਂਕਿ ਅੱਤਵਾਦ ਦੇ ਮੁਸ਼ਕਿਲ ਸਮੇਂ ਵਿਚ ਕੱਟੜਪੰਥੀ ਸਿੱਖ ਜਥੇਬੰਦੀਆਂ ਨਾਲ ਸਬੰਧਿਤ ਲੋਕ ਪੰਜਾਬ ਨੂੰ ਛੱਡ ਵਿਦੇਸ਼ਾਂ ਵਿਚ ਚਲੇ ਗਏ ਸਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਜਗਦੀਸ਼ ਸਚਦੇਵਾ ਨੇ ਕੀਤਾ। ਨਾਟਕਕਾਰ ਜਗਦੀਸ਼ ਸਚਦੇਵਾ ਨੇ ਕਿਹਾ ਕਿ, ਉਹ ਪੰਜਾਬ ਵਿਚ ਉਨਾਂ ਸਮਿਆਂ ਦੌਰਾਨ ਵੀ ਨਾਟਕ ਲਿਖਦੇ ਸਨ ਅਤੇ ਕਲ੍ਹਾ ਦਾ ਪ੍ਰਦਰਸ਼ਨ ਕਰਦੇ ਸਨ, ਪਰ ਉਨ੍ਹਾਂ ਕਦੇ ਪੰਜਾਬ ਨੂੰ ਛੱਡ ਕੇ ਜਾਣ ਦੀ ਗੱਲ ਨਹੀਂ ਸੋਚੀ। ਪੰਜਾਬ ਬਹੁਤ ਸਾਰੇ ਪੜ੍ਹਾਵਾਂ ਵਿਚੋਂ ਲੰਘਿਆ ਹੈ, ਜਿਸ ਵਿਚ ਪੰਜਾਬ ਦੀ ਤਰੱਕੀ ਅਤੇ ਪ੍ਰਬੰਧਕੀ ਢਾਂਚੇ ਵਿਚ ਵੱਡਾ ਬਦਲਾਅ ਆਇਆ ਹੈ। ਖੂਬਸੂਰਤ ਇਮਾਰਤਾਂ ਤੋਂ ਇਲਾਵਾ ਸੜਕੀ ਆਵਾਜਾਈ ਬਿਹਤਰ ਬਣੀ ਹੈ। ਇਸ ਤੋਂ ਇਲਾਵਾ ਜੇ ਸਮੱਸਿਆਵਾਂ ਨੂੰ ਦੇਖੀਏ ਤਾਂ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਹਰ ਕਿਤੇ ਹਨ, ਜਿਨਾਂ ਤੋਂ ਪੰਜਾਬ ਵੀ ਵਾਂਝਾ ਨਹੀਂ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਛੋਟੇ ਮੋਟੇ ਹਾਲਾਤਾਂ ਨਾਲ ਝੂਝਣਾ ਆਉਂਦਾ ਹੈ। ਪੰਜਾਬ ਦੇ ਲੋਕ ਹਮੇਸ਼ਾਂ ਸਮਾਜਿਕ ਲੜਾਈ ਤੋਂ ਦੂਰ ਰਹੇ ਹਨ ਅਤੇ ਲੋੜ ਪੈਣ ‘ਤੇ ਸਮਾਜਿਕ ਅਰਾਜਕਤਾ ਫੈਲਾਉਣ ਵਾਲਿਆਂ ਨੂੰ ਮੂੰਹਤੋੜ ਜੁਆਬ ਦਿੱਤਾ ਹੈ। ਉਨ੍ਹਾਂ ਕਿਹਾ ਕਿ, ਪੰਜਾਬ ਵਿਚ ਲੰਬੇ ਸਮੇਂ ਤੱਕ ਚੱਲੇ ਅੱਤਵਾਦ ਦੇ ਬਾਵਜੂਦ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਭਾਈਚਾਰਾ ਆਪਸ ਵਿਚ ਇਕਜੁੱਟ ਹੋ ਕੇ ਸ਼ਾਂਤੀ ਨਾਲ ਆਪਣਾ ਜੀਵਨ ਬਸਰ ਕਰ ਰਿਹਾ ਹੈ, ਜੋ ਕਿ ਇਕ ਭਾਈਚਾਰਕ ਮਿਸਾਲ ਹੈ। ਪੰਜਾਬ ਨੂੰ ਵੰਡਣ ਲਈ ਬਾਹਰੀ ਤਾਕਤਾਂ ਤਰਲੋ ਮੱਛੀ ਹਨ, ਪਰ ਪੰਜਾਬੀ ਅਜਿਹੀ ਕਿਸੇ ਵੀ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਪੰਜਾਬ ਖਿਲਾਫ ਜਹਿਰ ਉਗਲਣ ਵਾਲੀਆਂ ਕਿਸੇ ਵੀ ਸੰਸਥਾਵਾਂ ਦਾ ਨਾਮ ਲਏ ਬਿਨਾਂ ਖੁਲਾਸਾ ਕੀਤਾ ਕਿ, ਅਜਿਹੇ ਲੋਕ ਚੰਗੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ, ਪਰ ਉਹ ਆਪਣੇ ਕਿਸੇ ਵੀ ਮਨਸੂਬੇ ਵਿਚ ਕਾਮਯਾਬ ਨਹੀਂ ਹੋ ਸਕਦੇ, ਕਿਉਂਕਿ ਪੰਜਾਬ ਦੇ ਲੋਕ ਇਕਜੁੱਟ ਹਨ ਅਤੇ ਅਜਿਹੀਆਂ ਫਿਰਕੂ ਗੱਲਾਂ ਵਿਚ ਆਪਣਾ ਧਿਆਨ ਨਹੀਂ ਲਗਾਉਂਦੇ। ਸਚਦੇਵਾ ਨੇ ਖੁਲਾਸਾ ਕੀਤਾ ਕਿ, ਕੱਟੜਪੰਥੀ ਦਾ ਪ੍ਰਚਾਰ ਕਰਨ ਵਾਲੀਆਂ ਸਿੱਖ ਸੰਸਥਾਵਾਂ ਅਤੇ ਉਨ੍ਹਾਂ ਦੇ ਲੀਡਰ ਫੁੱਲਾਂ ਦੀ ਕਿਆਰੀ ਵਿਚ ਸੱਪ ਵਾਂਗ ਹਨ, ਜਿਨ੍ਹਾਂ ਦੀ ਆਪਣੀ ਕੋਈ ਪਹਿਚਾਣ ਨਹੀਂ ਅਤੇ ਇਹ ਪੰਜਾਬ ਦਾ ਕੁਝ ਨਹੀਂ ਵਿਗਾੜ ਸਕਦੇ। ਵਿਦੇਸ਼ਾਂ ਵਿਚ ਬੈਠ ਕੇ ਪੰਜਾਬ ਦੇ ਹਾਲਾਤ ਦਾ ਬਖਾਨ ਕਰਨਾ ਅਤੇ ਝੂਠਾ ਭੰਡੀ ਪ੍ਰਚਾਰ ਕਰਨਾ ਸਹੀ ਨਹੀਂ। ਜੇ ਕੋਈ ਮੱਤਭੇਦ ਸਮਝ ਆਉਂਦਾ ਹੈ ਤਾਂ ਉਸ ਪ੍ਰਤੀ ਸਪਸ਼ਟੀਕਰਨ ਲਈ ਗੱਲਬਾਤ ਦਾ ਆਪਸੀ ਤਰੀਕਾ ਵੀ ਲੱਭਿਆ ਜਾ ਸਕਦਾ ਹੈ।