ਪੰਜਾਬੀ ਭਾਰਤ ਖਿਲਾਫ ਪ੍ਰਾਪੋਗੰਡੇ ਤੋਂ ਦੂਰ ਰਹਿਣ – ਗੋਗੀ

ਵਿਦੇਸ਼ਾਂ ਵਿਚ ਬੈਠੇ ਭਾਰਤ ਵਿਰੋਧੀ ਸਿੱਖਾਂ ਨੂੰ ਆਪਸ ਵਿਚ ਪਾੜ੍ਹਨਾ ਚਾਹੁੰਦੇ ਹਨ 

ppeopleਮੀਡੀਆ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਅਤੇ ਫੋਕੀ ਵਾਹਵਾਹੀ ਖੱਟਣ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੀਚਾ ਦਿਖਾਉਣ ਲਈ ਯੂ ਐਸ ਵਿਚ ਸਥਾਪਿਤ ਹੋਈ ਸਿੱਖ ਫਾੱਰ ਜਸਟਿਸ ਵੱਲੋਂ ਪਿਛਲੇ ਦਿਨੀਂ ਘੋਸ਼ਣਾ ਕੀਤੀ ਗਈ ਕਿ ਕੈਨੇਡੀਅਨ ਕੋਰਟ ਵੱਲੋਂ ਜਾਰੀ ਕੀਤੇ ਸੰਮਣ ਮੁੱਖ ਮੰਤਰੀ ਅਮਰਿੰਦਰ ਸਿੰਘ ਤੱਕ ਪਹੁੰਚਾਉਣ ਵਾਲੇ ਨੂੰ 10 ਹਜਾਰ ਡਾਲਰ ਇਨਾਮ ਦਿੱਤਾ ਜਾਵੇਗਾ। ਅਸਲ ਵਿਚ ਇਸ ਧੜੇ ਵੱਲੋਂ ਡੀਫਾਮੇਸ਼ਨ ਲਾਅਸੂਟ ਤਹਿਤ ਕੈਪਟਨ ‘ਤੇ ਕੇਸ ਫਾਈਲ ਕੀਤਾ ਗਿਆ, ਕਿਉਂਕਿ ਕੈਪਟਨ ਵੱਲੋਂ ਕੁਝ ਸਿੱਖ ਜਥੇਬੰਦੀਆਂ ਦਾ ਸਬੰਧ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਨਾਲ ਹੋਣ ਦਾ ਖੁਲਾਸਾ ਕੀਤਾ ਗਿਆ ਸੀ। ਵਿਦੇਸ਼ਾਂ ਵਿਚ ਬੈਠੇ ਭਾਰਤ ਵਿਰੋਧੀ ਲੋਕ ਜੋ ਸਿੱਖਾਂ ਨੂੰ ਆਪਸ ਵਿਚ ਪਾੜ੍ਹਨਾ ਚਾਹੁੰਦੇ ਹਨ, ਉਨ੍ਹਾ ਦੀ ਵਰਤੋਂ ਆਈ ਐਸ ਆਈ ਭਾਰਤ ਵਿਰੁੱਧ ਆਪਣੇ ਮਨਸੂਬੇ ਪੂਰੇ ਕਰਨ ਲਈ ਕਰਦਾ ਹੈ। ਲੁਧਿਆਣਾ ਤੋਂ ਆਈ ਐਨ ਸੀ ਦੇ ਪ੍ਰਧਾਨ ਗੁਰਪ੍ਰੀਤ ਗੋਗੀ ਨੇ ਕਿਹਾ ਕਿ, ਇਨਾਂ ਸੰਸਥਾਵਾਂ ਨੂੰ ਕਾਗਜੀ ਸ਼ੇਰਾਂ ਵਾਂਗ ਵਰਤਿਆ ਜਾਂਦਾ ਹੈ, ਜੋ ਸਿਰਫ ਕਾਨੂੰਨ ਦੀ ਉਲੰਘਣਾ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ, ਕੈਪਟਨ ਇਕ ਜਿੰਮੇਵਾਰ ਵਿਅਕਤੀ ਹਨ ਅਤੇ ਅਜਿਹੀ ਹਰ ਮੁਸੀਬਤ ਦਾ ਸਾਹਮਣਾ ਡਟ ਕੇ ਕਰਨ ਵਿਚ ਮਾਹਿਰ ਹਨ। ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ, ਉਹ ਅਜਿਹੇ ਪ੍ਰਾਪੋਗੰਡੇ ਤੋਂ ਦੂਰ ਰਹਿਣ, ਜਿਹੜਾ ਆਪਸੀ ਫਸਾਦ ਪਾਉਂਦਾ ਹੋਵੇ ਜਾਂ ਭਾਰਤ ਦੇ ਖਿਲਾਫ ਹੋਵੇ। ਉਨ੍ਹਾਂ ਕਿਹਾ ਕਿ, ਅਜਿਹੀਆਂ ਧਮਕੀਆਂ ਅਤੇ ਅਦਾਲਤ ਦੇ ਨੋਟਿਸ ਸਿਰਫ ਮੀਡੀਆ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਜਰੀਆ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ, ਐਸ ਐਫ ਜੀ, ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸੰਮਲਿਤ ਹੈ ਅਤੇ ਭਾਰਤ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੀ ਹੈ। ਉਨ੍ਹਾਂ ਇਸ਼ਾਰਾ ਕੀਤਾ ਸੀ ਕਿ, ਇਨ੍ਹਾਂ ਤਾਕਤਾਂ ਵਿਚ ਪ੍ਰਮੁੱਖ ਤੌਰ ‘ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਵੀ ਸ਼ਾਮਿਲ ਹੈ, ਜੋ ਐਸ ਐਫ ਜੀ ਨੂੰ ਆਪਣੇ ਇਸ਼ਾਰਿਆਂ ‘ਤੇ ਨਚਾ ਰਹੀ ਹੈ।
ਗੋਗੀ ਨੇ ਕਿਹਾ ਕਿ, ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਕੱਟਰਪੰਥੀ ਸਿੱਖ ਜਥੇਬੰਦੀਆਂ ਆਪਣੇ ਮਨਸੂਬੇ ਪੂਰੇ ਕਰਨ ਲਈ ਦੇਸ਼ ਵਿਰੋਧੀ ਤਾਕਤਾਂ ਜਿਵੇਂ ਕਿ ਆਈ ਐਸ ਆਈ ਦੀ ਮਦਦ ਲੈਂਦੀਆ ਹਨ। ਜਿਸਦੇ ਸਹਾਰੇ ਸਿੱਖ ਨੌਜਵਾਨਾਂ ਨੂੰ ਅੱਤਵਾਦ ਦੇ ਰਸਤੇ ਤੋਰਿਆ ਜਾ ਸਕੇ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਵੱਖਵਾਦ ਫੈਲਾਉਣ ਵਾਲੀਆਂ ਧਾਰਮਿਕ-ਗੈਰਧਾਰਮਿਕ ਜਥੇਬੰਦੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਡਿਪਲੋਮੈਟਿਕ ਚੈਨਲ ਜਰੀਏ ਇਨ੍ਹਾਂ ਦਾ ਖੁਲਾਸਾ ਕੀਤਾ ਜਾਵੇ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ