ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਵੱਲੋਂ ਕਮਿਸ਼ਨਰ ਤੋਂ ਜਿਲ੍ਹਿਆਂ ‘ਚ ਪੰਜਾਬੀ ਲਾਗੂ ਕਰਨ ਦੀ ਮੰਗ

mboliਬਠਿੰਡਾ, 4 ਜਨਵਰੀ – ਪੰਜਾਬੀ ਮਾਂ ਬੋਲੀ ਸਤਿਕਾਰ ਐਕਸਨ ਕਮੇਟੀ ਪੰਜਾਬ ਨੇ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਰਾਹੀ ਕਮਿਸ਼ਨਰ ਨੂੰ ਭੇਜੇ ਮੰਗ ਪੱਤਰ ਵਿੱਚ ਉਹਨਾਂ ਨਾਲ ਸਬੰਧਤ ਸਾਰੇ ਜਿਲ੍ਹਿਆਂ ਦੇ ਸਾਰੇ ਵਿਭਾਗਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣ ਦੀ ਮੰਗ ਕੀਤੀ। ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਆਏ ਵਫ਼ਦ ਨੇ ਡੀæ ਸੀæ ਬਠਿੰਡਾ ਨੂੰ ਸਾਫ਼ ਕਿਹਾ ਕਿ ਅਜੇ ਵੀ ਬਠਿੰਡਾ ਤੇ ਹੋਰ ਥਾਵਾਂ ‘ਤੇ ਪੰਜਾਬੀ ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।
ਪੰਜਾਬੀ ਮਾਂ ਬੋਲੀ ਸਤਿਕਾਰ ਐਕਸਨ ਕਮੇਟੀ ਵੱਲੋਂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਭਾਈ ਗੁਰਵਿੰਦਰ ਸਿੰਘ ਬਠਿੰਡਾ, ਬਲਜਿੰਦਰ ਸਿੰਘ ਕੋਟਭਾਰਾ, ਜਗਰੂਪ ਸਿੰਘ ਵਿਦਰੋਹੀ, ਰਾਜਵਿੰਦਰ ਸਿੰਘ ਰਾਏਖਾਨਾ ਆਦਿ ਨੇ ਕਮਿਸ਼ਨਰ ਨੂੰ ਡੀæ ਸੀæ ਬਠਿੰਡਾ ਰਾਹੀ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਕਿ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਵੱਖ ਵੱਖ ਜਥੇਬੰਦੀਆਂ ਅਧਾਰਤ ‘ਮਾਂ ਬੋਲੀ ਸਤਿਕਾਰ ਐਕਸਨ ਕਮੇਟੀ’ ਵੱਲੋਂ ਡਿਪਟੀ ਕਮਿਸ਼ਨਰ  ਬਠਿੰਡਾ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਇੱਕ ਪੱਤਰ ਭੇਜਿਆ ਗਿਆ ਸੀ ਪਰ ਸੂਬਾ ਹਕੂਮਤ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਣ ਮਗਰੋਂ ਕਮੇਟੀ ਵੱਲੋਂ ਗੈਰ-ਪੰਜਾਬੀ ਭਾਸ਼ਾਵਾਂ ਵਾਲੇ ਰਾਹ ਦਸੇਰਾ ਬੋਰਡਾਂ ‘ਤੇ ਪੋਚੇ ਮਾਰੂ ਮੁਹਿੰਮ ਸ਼ੁਰੂ ਕਰਨ ਮਗਰੋਂ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਇੱਕ ਲਹਿਰ ਪੈਦਾ ਹੋਈ ਤਾਂ ਪੰਜਾਬ ਹਕੂਮਤ ਵੱਲੋਂ ਪੰਜਾਬੀ ਨੂੰ ਸਹੀ ਦਰਜਾ ਦਵਾਉਣ ਲਈ ਬਣਾਏ ਮਹਿਕਮੇ ਭਾਸ਼ਾ ਵਿਭਾਗ ਪੰਜਾਬ ਵੱਲੋਂ 1 ਦਸੰਬਰ, 2017 ਨੂੰ ਸਹਾਇਕ ਡਾਇਰੈਕਟਰ (ਹਿੰæ ਪੰæ ਸੈੱਲ) ਚੰਡੀਗੜ੍ਹ ਵੱਲੋਂ ਨੰਬਰ ਪੰæ ਪ੍ਰਚਾæ (152-11) -2017/ ਪੰਜਾਬ ਦੇ ਸਰਕਾਰੀ ਅਦਾਰਿਆਂ, ਸੜਕਾਂ, ਮੁੱਖ ਸਥਾਨਾਂ, ਹਸਪਤਾਲਾਂ, ਸਕੂਲਾਂ ਅਤੇ ਹੋਰ ਸੰਸਥਾਵਾਂ ਦੇ ਨਾਮਾਂ ਦੇ ਬੋਰਡਾਂ ‘ਤੇ ਪੰਜਾਬੀ ਭਾਸ਼ਾ ਨੂੰ ਪਹਿਲਾ ਸਥਾਨ ਦੇਣ ਸਬੰਧੀ ਇੱਕ ਅਧਿਕਾਰਤ ਤੌਰ ‘ਤੇ ਚਿੱਠੀ ਜਾਰੀ ਕੀਤੀ ਗਈ ਹੈ।
ਕਮੇਟੀ ਨੇ ਕਿਹਾ ਕਿ ਇਸ ਚਿੱਠੀ ਅਧਾਰਤ ਕਮਿਸ਼ਨਰ ਆਪਣੇ ਪ੍ਰਸ਼ਾਸਨ ਤਹਿਤ ਆਉਦੇ ਜਿਲ੍ਹਿਆਂ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਬੋਰਡਾਂ ਅਤੇ ਦਫ਼ਤਰਾਂ ਵਿੱਚ ਅਤੇ ਟੋਲ ਪਲਾਜਿਆਂ ਆਦਿ ਸਭ ਥਾਵਾਂ ‘ਤੇ ਪੰਜਾਬ ਮਾਂ ਬੋਲੀ ਨੂੰ ਬਣਦਾ ਰੁਤਬਾ ਦਿੱਤਾ ਜਾਵੇ। ਇਸ ਮੌਕੇ ਵਫ਼ਦ ਵਿੱਚ ਹਰਮੰਦਰ ਸਿੰਘ ਹਮੀਦਾ ਤੇ ਸਿੱਖ ਯੂਥ ਆਫ਼ ਪੰਜਾਬ ਵੱਲੋਂ ਕਰਮਜੀਤ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਖ਼ਾਲਸਾ, ਜਗਤਾਰ ਸਿੰਘ ਖ਼ਾਲਸਾ, ਦੀਪਕ ਸਿੰਘ ਤੇ ਜਗਸੀਰ ਸਿੰਘ ਤੁੰਗਵਾਲੀ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪੰਜਾਬੀ ਮਾਂ ਬੋਲੀ ਐਕਸਨ ਕਮੇਟੀ ਨੇ ਕਿਹਾ ਕਿ ਜਿਹਨਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਹੈ ਉਹਨਾਂ ਦੀਆਂ ਸੂਚੀਆਂ ਅੰਗਰੇਜ਼ੀ ਵਿੱਚ ਆ ਰਹੀਆਂ ਹਨ ਤਾਂ ਡੀæ ਸੀæ ਬਠਿੰਡਾ ਨੇ ਹੈਂਕੜੀ ਭਰਿਆ ਜਵਾਬ ਦਿੱਤਾ ਕਿ ਉਹ ਕੀ ਕਰਨ ਜਿਹਨਾਂ ਨੂੰ ਪੰਜਾਬੀ ਵੀ ਨਹੀਂ ਆਉਦੀ ਤਾਂ ਕਮੇਟੀ ਨੇ ਨੋਟਿਸ ਲੈਦਿਆ ਕਿਹਾ ਕਿ ਅੰਗਰੇਜ਼ੀ ਨਾਲੋਂ ਤਾਂ ਕਿਸਾਨ ਪੰਜਾਬੀ ਵੱਧ ਜਾਣਦੇ ਹਨ ਤੇ ਇਹ ਤੁਹਾਡਾ ਜਵਾਬ ਤਸੱਲੀਬਖ਼ਸ ਨਹੀਂ ਹੈ। ਵਫ਼ਦ ਨੇ ਕਿਹਾ ਕਿ ਜੇ ਪੰਜਾਬੀ ਲਾਗੂ ਨਹੀਂ ਕਰਨੀ ਇਹ ਵੀ ਦੱਸ ਦਿਓ ਤੇ ਕਰਨੀ ਹੋਈ ਤਾਂ ਇਹ ਵੀ ਦੱਸ ਦਿਓ।
ਪੰਜਾਬੀ ਮਾਂ ਬੋਲੀ ਐਕਸਨ ਕਮੇਟੀ ਵੱਲੋਂ ਕਿਸਾਨਾਂ ਦੀਆਂ ਸੂਚੀਆਂ ਅੰਗਰੇਜ਼ੀ ਵਿੱਚ ਲਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆ ਇਹਨਾਂ ਨੂੰ ਤੁਰੰਤ ਪੰਜਾਬੀ ਵਿੱਚ ਕਰਨ ਦੀ ਮੰਗ ਕੀਤੀ ਹੈ।