ਪੰਜਾਬੀ ਮੀਡੀਆ ਵੱਲੋਂ ਦੋ ਮੂੰਹੇ ਇਨਸਾਨੀਅਤ ਵਿਰੋਧੀ ਆਗੂਆਂ ਦਾ ਮੁੰਕਮਲ ਬਾਈਕਾਟ, ਜਿਹੜੇ ਪ੍ਰੈੱਸ ਨੂੰ ਆਪਣੀ ਰਖੇਲ ਸਮਝਦੇ ਹਨ

ਇਟਾਲੀਅਨ ਪੰਜਾਬੀ ਪ੍ਰੈੱਸ ਵੱਲੋਂ ਪੰਜਾਬ ਵਿੱਚ ਪੱਤਰਕਾਰ ਸ਼ਿਵਰਾਜ ਸਿੰਘ ਨਾਲ ਹੋਈ ਬਦਸਲੂਕੀ ਦੀ ਨਿਖੇਧੀ

mediaਰੋਮ (ਇਟਲੀ) 16 ਅਪ੍ਰੈਲ (ਕੈਂਥ) – ਜਿਸ ਮੀਡੀਏ ਨੂੰ ਕਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਲੋਕਤੰਤਰ ਦਾ ਚੌਥਾ ਥੰਮ ਮੰਨਿਆ, ਅੱਜ ਉਸ ਥੰਮ ਨੂੰ ਭਾਰਤ ਦੇ ਹੀ ਅਖੌਤੀ ਆਗੂ ਢਾਉਣ ਲਈ ਜੋ-ਜੋ ਹੱਥਕੰਡੇ ਵਰਤ ਰਹੇ ਹਨ ਉਹ ਬਰਦਾਸ਼ਤ ਤੋਂ ਬਾਹਰ ਹੈ, ਪਰ ਅਜਿਹੀਆਂ ਘਟਨਾਵਾਂ ਨੂੰ ਭਾਰਤੀ ਮੀਡੀਏ ਦੀ ਬਦਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਮੀਡੀਏ ਨੇ ਜਿਸ ਵੀ ਸਿਆਸੀ ਪਾਰਟੀ ਦਾ ਅਸਲ ਚਿਹਰਾ ਭਾਰਤੀ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਲੋਕ ਉਜਾੜੂ ਸਿਆਸੀ ਪਾਰਟੀਆਂ ਲੋਕਾਂ ਦੀ ਸੱਤਾਧਾਰੀ ਬਣਨ ਤੇ ਲੁੱਟ ਨਾ ਕਰ ਸਕਣ ਤਾਂ ਉਹੀ ਲੋਕ ਮੀਡੀਏ ਦੇ ਨੁਮਾਇੰਦੇ ਪੱਤਰਕਾਰਾਂ ਨਾਲ ਅਖੌਤੀ ਆਗੂਆਂ ਵੱਲੋਂ ਕੀਤੀ ਜਾ ਰਹੀ ਚਿੱਟੇ ਦਿਨ ਗੁੰਡਾਗਰਦੀ ਵਿਰੁੱਧ ਸਾਥ ਤਾਂ ਕੀ ਦੇਣਾ ਹਾਂ ਦਾ ਨਾਅਰਾ ਮਾਰਨ ਤੋਂ ਵੀ ਕੰਨੀ ਕਤਰਾਉਂਦੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੀ ਰਾਜਧਾਨੀ ਰੋਮ ਵਿਖੇ ਇਟਾਲੀਅਨ ਪੰਜਾਬੀ ਪ੍ਰੈੱਸ ਇਟਲੀ ਵੱਲੋਂ ਕੱਲ੍ਹ ਪੰਜਾਬ (ਭਾਰਤ) ਦੇ ਸ਼ਹਿਰ ਬਠਿੰਡਾ ਵਿਖੇ ਪੱਤਰਕਾਰ ਸਾਥੀ ਸ਼ਿਵਰਾਜ ਸਿੰਘ ਰਾਜੂ ਨਾਲ ਹੋਈ ਬਦਸਲੂਕੀ ਸੰਬਧੀ ਬੁਲਾਈ ਹੰਗਾਮੀ ਮੀਟਿੰਗ ਵਿੱਚ ਸਾਥੀਆਂ ਨੇ ਕੀਤਾ।
ਇਟਾਲੀਅਨ ਪੰਜਾਬੀ ਪ੍ਰੈੱਸ ਇਟਲੀ ਦੇ ਆਗੂਆਂ ਨੇ ਕਿਹਾ ਕਿ, ਸਾਡੇ ਪੱਤਰਕਾਰ ਸਾਥੀ ਨਾਲ ਪੰਜਾਬ ਵਿੱਚ ਘਟੀ ਘਟਨਾ ਨਾ ਕੋਈ ਪਹਿਲੀ ਹੈ ਅਤੇ ਨਾ ਹੀ ਆਖ਼ਿਰੀ ਹੈ। ਇਸ ਤੋਂ ਪਹਿਲਾਂ ਵੀ ਭਾਰਤ ਵਿੱਚ ਕੁਝ ਸਿਆਸੀ ਦੰਗਲ ਦੇ ਘੜੰਮ ਚੌਧਰੀ ਪੱਤਰਕਾਰ ਸਾਥੀਆਂ ਨੂੰ ਜਿਊਂਦਾ ਵੀ ਜਲਾ ਚੁੱਕੇ ਹਨ ਅਤੇ ਕਈ ਸਾਥੀਆਂ ਨੂੰ ਅਖੌਤੀ ਆਗੂਆਂ ਵੱਲੋਂ ਹਰ ਰੋਜ ਧਮਕਾਇਆ ਜਾ ਰਿਹਾ ਹੈ ਕੀ ਮੀਡੀਆ ਉਹਨਾਂ ਖਿਲਾਫ਼ ਲਿਖਣਾ ਬੰਦ ਕਰ ਦੇਵੇ, ਪਰ ਕੀ ਅਜਿਹਾ ਕਰਨ ਨਾਲ ਸੱਚ ਦੀ ਅਵਾਜ਼ ਬੁਲੰਦ ਹੋਣੋ ਰੁੱਕ ਸਕੇਗੀ? ਪੱਤਰਕਾਰ ਸਾਥੀਆਂ ਨੂੰ ਅਪੀਲ ਹੈ ਕਿ ਜੇਕਰ ਅਸਲ ਵਿੱਚ ਸਮਾਜ ਬਦਲਣਾ ਹੈ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਇੱਕ ਝੰਡੇ ਹੇਠ ਲਾਮਬੰਦ ਹੋਵੋ ਨਹੀਂ ਸਭ ਦਾ ਹਸ਼ਰ ਅਜਿਹਾ ਹੋ ਸਕਦਾ ਹੈ। ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਇਟਲੀ ਇਸ ਅਤਿਨਿੰਦਣਯੋਗ ਘਟਨਾ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦੀ ਹੈ ਤੇ ਸਭ ਪੱਤਰਕਾਰ ਸਾਥੀਆਂ ਨੂੰ ਅਜਿਹੇ ਦੋ ਮੂੰਹੇ ਇਨਸਾਨੀਅਤ ਵਿਰੋਧੀ ਆਗੂਆਂ ਦਾ ਮੁੰਕਮਲ ਬਾਈਕਾਟ ਕਰਨ ਦਾ ਸੱਦਾ ਦਿੰਦੀ ਹੈ, ਜਿਹੜੇ ਪ੍ਰੈੱਸ ਨੂੰ ਆਪਣੀ ਰਖੇਲ ਸਮਝਦੇ ਹਨ। ਇਟਾਲੀਅਨ ਪੰਜਾਬੀ ਪ੍ਰੈੱਸ ਇਟਲੀ ਨੇ ਪੰਜਾਬ ਸਰਕਾਰ ਤੋਂ ਇਸ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਦੀ ਇਟਲੀ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਨਿਖੇਧੀ ਕੀਤੀ ਗਈ ਹੈ।