ਪੰਜਾਬ ਅੱਜ ਅੱਧੀ ਰਾਤ ਨੂੰ ਵੀ ਟਿਮਟਿਮਾਉਂਦੇ ਤਾਰਿਆਂ ਵਾਂਗ ਜਾਗਦਾ ਹੈ!

pjbਸਮਾਜ ਸੇਵੀ ਜਸਪ੍ਰੀਤ ਸਿੰਘ ਪੰਜਾਬ ਦੇ ਉਨ੍ਹਾਂ ਕਾਲੇ ਦਿਨਾਂ ਦੀ ਗਵਾਹੀ ਭਰਦੇ ਲੂਕੰਡੇ ਖੜੇ ਕਰ ਦਿੰਦੇ ਹਨ, ਜਦੋਂ ਉਨ੍ਹਾਂ ਪੰਜਾਬ ਵਿਚ ਸ਼ਰੇਆਮ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਛਲਣੀ ਹੁੰਦਿਆਂ ਵੇਖਿਆ। ਸ਼ਾਮ ਦੇ 6 ਵਜੇ ਤੱਕ ਪੰਜਾਬ ਵਿਚ ਸੁੰਨਸਰਾਂ ਫੈਲ ਜਾਂਦੀ ਸੀ, ਲੋਕੀ ਘਰਾਂ ਨੂੰ ਅੰਦਰੋਂ ਜਿੰਦਰੇ ਮਾਰ ਲੈਂਦੇ ਸਨ। ਬੁਰੇ ਤੋਂ ਬੁਰੇ ਹਾਲਾਤ ਵਿਚ ਵੀ ਪੰਜਾਬੀ ਘਰੋਂ ਬਾਹਰ ਨਿਕਲਣੋਂ ਗੁਰੇਜ ਕਰਦੇ ਸਨ, ਕਿਉਂਕਿ ਘਰ ਦੇ ਅੰਦਰ ਦੇ ਹਰ ਬੁਰੇ ਹਾਲਾਤ ਤੋਂ ਬਦਤਰ ਹਾਲਾਤ ਦਾ ਸਾਹਮਣਾ ਘਰ ਦੀ ਦਹਿਲੀਜ ਟੱਪ ਕੇ ਕਰਨਾ ਪੈ ਸਕਦਾ ਸੀ, ਪਰ ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਕਹਿੰਦੇ ਹਨ। ਸੂਰਜ ਖੜ੍ਹੇ ਸਹਿਮਿਆ ਹੋਇਆ ਪੰਜਾਬ ਅੱਜ ਅੱਧੀ ਰਾਤ ਨੂੰ ਵੀ ਟਿਮਟਿਮਾਉਂਦੇ ਤਾਰਿਆਂ ਵਾਂਗ ਜਾਗਦਾ ਹੈ। ਇੱਥੋਂ ਤੱਕ ਕਿ ਉਨਾਂ ਦਿਨਾਂ ਵਿਚ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਸੈਂਕੜਿਆਂ ਵਿਚ ਰਹਿ ਗਈ ਸੀ, ਪਰ ਹੁਣ ਸਾਰੀ ਰਾਤ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਜਿਕਰਯੋਗ ਹੈ ਕਿ ਕੁਝ ਘੰਟਿਆਂ ਖੁਲ੍ਹਣ ਵਾਲਾ ਸ਼ਹਿਰ ਅੰਮ੍ਰਿਤਸਰ ਹੁਣ 24 ਘੰਟੇ ਜਾਗਣ ਵਾਲਾ ਸ਼ਹਿਰ ਬਣ ਚੁੱਕਾ ਹੈ। ਆਪਸੀ ਭਾਈਚਾਰਾ ਪੰਜਾਬ ਵਿਚ ਸਿਖਰਾਂ ‘ਤੇ ਹੈ। ਜਿਸਦੀ ਮਿਸਾਲ ਪੰਜਾਬ ਦੇ ਧਾਰਮਿਕ ਸਥਾਨਾਂ ‘ਤੇ ਦੇਖੀ ਜਾ ਸਕਦੀ ਹੈ, ਜਿੱਥੇ ਦਰਬਾਰ ਸਾਹਿਬ ਵਿਚ ਨਤਮਸਤਕ ਹੋਣ ਵਾਲੇ ਹਿੰਦੂਆਂ ਦੀ ਗਿਣਤੀ ਅਣਗਿਣਤ ਹੈ, ਉੱਥੁ ਦੁਰਗਿਆਨਾ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਭਾਈਚਾਰੇ ਦਾ ਤਾਂਤਾ ਲੱਗਿਆ ਰਹਿੰਦਾ ਹੈ। ਪੰਜਾਬ ਦਾ ਇਹ ਮਾਹੌਲ ਜਿੱਥੇ ਆਪਸੀ ਸਾਂਝ ਦਰਸਾਉਂਦਾ ਹੈ, ਉੱਥੇ ਧਾਰਮਿਕ ਭਾਵਨਾਵਾਂ ਦਾ ਮੇਲਜੋਲ ਵਿਸ਼ਵ ਪੱਧਰੀ ਧਾਰਮਿਕ ਏਕਤਾ ਦੀ ਕਸੌਟੀ ‘ਤੇ ਆਪਣੀ ਛਾਪ ਛੱਡਦਾ ਹੈ। ਇਨਾਂ ਪੈੜ੍ਹਾਂ ਤੱਕ ਪਹੁੰਚਣ ਲਈ ਪੰਜਾਬ ਵੱਲੋਂ ਵੱਡੀਆਂ ਘਾਲਣਾ ਘਾਲੀਆਂ ਗਈਆਂ। ਕਾਲੇ ਦਿਨਾਂ ਨੂੰ ਲੰਘ ਕੇ ਭਵਿੱਖ ਦੇ ਚਾਨਣ ਵਿਚ ਨੌਜਵਾਨ ਪੀੜ੍ਹੀ ਵੱਡੀਆਂ ਉਮੀਦਾਂ ਨਾਲ ਅੱਗੇ ਵਧ ਰਹੀ ਹੈ। ਬੇਸ਼ੱਕ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਵਿਦੇਸ਼ੀ ਤਾਕਤਾਂ ਤਰਲੋ ਮੱਛੀ ਹਨ, ਪਰ ਪੰਜਾਬ ਦੇ ਲੋਕ ਜਾਗਰੂਕ ਅਤੇ ਅਤਿ ਸੂਝਵਾਨ ਹੋ ਚੁੱਕੇ ਹਨ। ਹੁਣ ਉਹ ਕਿਸੇ ਵੀ ਆਪਸੀ ਮੱਤਭੇਦ ਦੇ ਪ੍ਰਾਪੋਗੰਡੇ ਨੂੰ ਆਪਣੇ ‘ਤੇ ਹਾਵੀ ਨਹੀਂ ਹੋਣ ਦੇਣਗੇ ਅਤੇ ਸਹਿਣਸ਼ੀਲਤਾ ਨਾਲ ਹਰ ਉਸ ਮਾਹੌਲ ਦਾ ਸਾਮਣਾ ਕਰਨ ਲਈ ਤਤਪਰ ਹਨ, ਜੋ ਪੰਜਾਬ ਦੀ ਆਬੋ ਹਵਾ ਵਿਚ ਵੱਖਵਾਦ ਦਾ ਜਹਿਰ ਘੋਲਣ ਦੀ ਕੋਸ਼ਿਸ਼ ਕਰਨਗੇ।