ਪੰਜਾਬ ਡਰ ਨਹੀਂ ਸਗੋਂ ਖੁਸ਼ਹਾਲੀ ਅਤੇ ਅਮਨ ਸ਼ਾਂਤੀ ਦਾ ਸੁਨੇਹਾ

punjabਅਜਨਾਲਾ ਦੇ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ, ਉਨ੍ਹਾਂ ਲਈ 1984 ਦੇ ਦੌਰ ਨੂੰ ਯਾਦ ਕਰਦਿਆਂ ਰੂਹ ਤੱਕ ਕੰਬ ਜਾਂਦੀ ਹੈ। ਉਹ ਸਮਾਂ ਬਹੁਤ ਹੀ ਭਆਨਕ ਸੀ ਜਦੋਂ ਆਮ ਨਾਗਰਿਕ ਦਾ ਘਰੋਂ ਨਿਕਲਣਾ ਮੁਹਾਲ ਹੋ ਚੁੱਕਾ ਸੀ ਅਤੇ ਸੜਕਾਂ – ਗਲੀਆਂ ਦਿਨ ਛਿਪਣ ਤੋਂ ਪਹਿਲਾਂ ਹੀ ਸੁੰਨਸਾਨ ਹੋ ਜਾਂਦੀਆਂ ਸਨ, ਪਰ ਅਜੋਕਾ ਪੰਜਾਬ ਬਹੁਤ ਬਦਲ ਚੁੱਕਿਆ ਹੈ। ਹੁਣ ਆਬੋ-ਹਵਾ ਵਿੱਚ ਸਹਿਮ ਨਹੀਂ, ਡਰ ਨਹੀਂ ਸਗੋਂ ਖੁਸ਼ਹਾਲੀ ਅਤੇ ਅਮਨ ਸ਼ਾਂਤੀ ਦਾ ਸੁਨੇਹਾ ਹੈ। ਪੰਜਾਬ ਦੀ ਅਵਾਮ ਖੁਸ਼ਹਾਲੀ ਦਾ ਜੀਵਨ ਬਤੀਤ ਕਰਦੀ ਹੈ। ਸ਼ਾਂਤਮਈ ਢੰਗ ਨਾਲ ਹਰ ਪੰਜਾਬੀ ਅਪਣਾ ਜੀਵਨ ਬਸਰ ਕਰ ਰਿਹਾ ਹੈ। ਵਿਦੇਸ਼ਾਂ ਵਿਚ ਵੱਸੇ ਲੱਖਾਂ ਪੰਜਾਬੀ ਚਾਈਂ – ਚਾਈਂ ਅਪਣੇ ਘਰਾਂ ਨੂੰ ਪਰਤਦੇ ਹਨ ਅਤੇ ਆਪਣੇ ਮਿੱਤਰ ਪਿਆਰਿਆਂ ਨਾਲ ਖੁਸ਼ਹਾਲ ਸਮਾਂ ਬਤੀਤ ਕਰ ਮੁੜ ਵਿਦੇਸ਼ਾਂ ਨੂੰ ਮਿਹਨਤ ਮੁਸ਼ੱਕਤ ਕਰਨ ਲਈ ਪਰਤ ਜਾਂਦੇ ਹਨ।
ਇਸ ਸਭ ਦੇ ਬਾਵਜੂਦ ਪਤਾ ਨਹੀਂ ਕਿਉਂ ਪੰਜਾਬ ਵਿਚ ਹਿੰਦੂ ਸਿੱਖ ਪ੍ਰਾਪੋਗੰਡਾ ਦੀ ਇਕ ਲਹਿਰ ਜਿਹੀ ਵਗ ਤੁਰੀ ਹੈ। ਜਿਸਦਾ ਕੋਈ ਧੁਰਾ ਜੇ ਨਜ਼ਰ ਆਉਂਦਾ ਹੈ, ਤਾਂ ਉਹ ਵੀ ਅਜਿਹੇ ਲੋਕਾਂ ਦੇ ਹੱਥਾਂ ਵਿਚ, ਜਿਨ੍ਹਾਂ ਦੇ ਹੱਥ ਕਈ ਜੁਰਮਾਂ ਨਾਲ ਰੰਗੇ ਹੋਏ ਹਨ। ਪੰਜਾਬ ਵਿਚ ਜਦੋਂ ਵੀ ਕਦੇ ਹਾਲਾਤ ਮਾੜੇ ਚੰਗੇ ਹੋਏ ਹਨ, ਹਰ ਵਾਰ ਹਿੰਦੂ ਸਿੱਖ ਭਾਈਚਾਰਾ ਇਨਾਂ ਹਵਾਵਾਂ ਨੂੰ ਝੱਲਣ ਲਈ ਇਕਮੁੱਠ ਰਿਹਾ ਹੈ। ਭੜਕਾਊ ਭਾਸ਼ਣ ਨੂੰ ਧਰਮ ਨਾਲ ਜੋੜ ਕੇ ਸਿਰਫ ਅਨਪੜ੍ਹ ਵਰਗ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ, ਪਰ ਪੜ੍ਹਿਆ ਲਿਖਿਆ ਵਰਗ ਬੀਤੇ ਪੰਜਾਬ ਦੇ ਹਾਲਾਤ ਅਤੇ ਅਜੋਕੇ ਪੰਜਾਬ ਦੀ ਆਬੋ ਹਵਾ ਨੂੰ ਭਲੀਭਾਂਤੀ ਸਮਝਦਾ ਹੈ। ਸਤਨਾਮ ਸਿੰਘ ਕਈ ਵਰ੍ਹੇ ਪਹਿਲਾਂ ਫਿਰੋਜਪੁਰ ਤੋਂ ਅਜਨਾਲਾ ਰਹਿਣ ਲਈ ਆਇਆ ਸੀ ਅਤੇ ਸਦਾ ਲਈ ਇੱਥੇ ਹੀ ਵੱਸ ਗਿਆ। ਸਤਨਾਮ ਸਿੰਘ ਅਨੁਸਾਰ ਸਰਹੱਦੀ ਇਲਾਕਾ ਹੋਣ ਦੇ ਬਾਵਜੂਦ ਵੀ ਉਹ ਸੁਰੱਖਿਅਤ ਮਹਿਸੂਸ ਕਰਦਾ ਹੈ, ਕਿਉਂਕਿ ਉਸ ਨੂੰ ਭਰੋਸਾ ਹੈ ਕਿ ਪੰਜਾਬ ਦੇ ਲੋਕ ਵੱਖਵਾਦ ਦੀ ਲਹਿਰ ਨੂੰ ਹੁੰਗਾਰਾ ਨਹੀਂ ਦੇਣਗੇ। ਜਿਸ ਪੰਜਾਬ ਅੰਦਰ ਕੱਚੀਆਂ ਸੜਕਾਂ ਅਤੇ ਬਿਜਲੀ ਦੀ ਘਾਟ ਕਾਰਨ ਹਾਲਾਤ ਸੁਖਾਵੇਂ ਨਹੀਂ ਸਨ, ਉਹੀ ਪੰਜਾਬ ਅੱਜ ਟਿਮਟਮਾਉਂਦੇ ਤਾਰੇ ਵਾਂਗ ਭਾਰਤ ਦੇ ਨਕਸ਼ੇ ਉੱਤੇ ਚਮਕਦਾ ਹੈ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ