ਪੰਜਾਬ ਦਾ ਸੂਝਵਾਨ ਨੌਜਵਾਨ ਆਪਣੀ ਜਿੰਦਗੀ ਨਾਲ ਖਿਲਵਾੜ ਨਹੀਂ ਕਰੇਗਾ

youthਪੰਜਾਬ ਦਾ ਨੌਜਵਾਨ ਸ਼ੌਹਰਤ ਅਤੇ ਨਾਮਣੇ ਲਈ ਗੈਂਗਸਟਰ ਦੀ ਰਾਹ ਨੂੰ ਚੁਣ ਚੁੱਕਿਆ ਸੀ, ਜਿਸ ਨੂੰ ਵੱਡਾ ਸਮਰਥਨ ਵਿਦੇਸ਼ਾਂ ਤੋਂ ਆਪਣੀਆਂ ਨਿੱਜੀ ਦੁਸ਼ਮਣੀਆਂ ਅਤੇ ਖਹਿਬਾਜੀ ਨੂੰ ਕੱਢਣ ਲਈ ਮੋਟੀਆਂ ਰਕਮਾਂ ਦੇ ਵਰਤਿਆ ਜਾ ਰਿਹਾ ਸੀ। ਅੰਡਰਵਰਲਡ ਦੀ ਸੁਪਾਰੀ ਦਾ ਚਲਣ ਬੀਤੇ ਸਮੇਂ ਦੌਰਾਨ ਪੰਜਾਬ ਵਿਚ ਵੀ ਦੇਖਣ ਨੂੰ ਮਿਲਿਆ। ਗੁੰਮਰਾਹ ਹੋਏ ਨੌਜਵਾਨਾਂ ਨੂੰ ਵਾਪਸ ਪਰਤਾਉਣਾ ਨਾਮੁਮਕਿਨ ਜਿਹਾ ਜਾਪਦਾ ਸੀ, ਕਿਉਂਕਿ ਗੁੰਮਰਾਹ ਹੋਏ ਨੌਜਵਾਨਾਂ ਕੋਲ ਇਸ ਰਾਹ ‘ਤੇ ਚੱਲਣ ਦਾ ਕੋਈ ਟੀਚਾ ਨਹੀਂ, ਸਗੋਂ ਸ਼ੌਹਰਤ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਮੁੱਖ ਕਾਰਨ ਸੀ। ਪੰਜਾਬ ਪੁਲਿਸ ਅਤੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੇ ਸਾਂਝੇ ਸਹਿਯੋਗ ਨਾਲ ਪੰਜਾਬ ਦੇ ਹਾਲਾਤ ਨੂੰ ਗੰਭੀਰਤਾ ਨਾਲ ਸਮਝਿਆ ਗਿਆ। ਜਿਸ ਉਪਰੰਤ ਤਕਰੀਬਨ 50 ਐਸੇ ਨੌਜਵਾਨਾਂ ਦੀ ਲਿਸਟ ਤਿਆਰ ਹੋਈ, ਜੋ ਪੰਜਾਬ ਵਿਚ ਡਰਾਵੇ ਦਾ ਵਪਾਰ ਚਲਾ ਰਹੇ ਸਨ। ਗੁਰਪ੍ਰੀਤ ਸਿੰਘ ਸੇਖੋਂ, ਗੁਰਸ਼ਹੀਦ ਸਿੰਘ, ਸੁੱਖਾ ਕਾਹਲੋਂ, ਜਸਵਿੰਦਰ ਰੌਕੀ, ਪ੍ਰਭਜਿੰਦਰ ਸਿੰਘ, ਭਿੰਦਾ ਮੁਕਤਸਰ, ਜਗਦੀਪ ਜੱਗੂ ਆਦਿ ਕਈ ਨਾਮ ਇਸ ਲਿਸਟ ਵਿਚ ਸ਼ਾਮਿਲ ਸਨ। ਜਿਨ੍ਹਾਂ ਵਿਚੋਂ ਕੁਝ ਇਕ ਦੋ ਨੌਜਵਾਨ ਗੁੰਡਾਗਰਦੀ ਦੀ ਇਸ ਰਾਹ ਨੂੰ ਛੱਡ ਸਕੇ, ਪਰ ਵਧੇਰਿਆਂ ਨੂੰ ਸਰਮਾਏਦਾਰੀ ਦੀ ਮਾਰ ਖਾ ਗਈ। ਪੰਜਾਬ ਵਿਚ ਲਾਹੌਰੀਆ ਗਰੁੱਪ ਅਤੇ ਗੌਂਡਰ ਗੈਂਗ ਮੁੱਖ ਤੌਰ ‘ਤੇ ਕਾਰਜਸ਼ੀਲ ਸਨ, ਪਰ ਆਮ ਲੋਕਾਂ ਦੀ ਵਿਚਾਰਧਾਰਾ ਜਿਵੇਂ ਜਿਵੇਂ ਬਦਲੀ ਉਸੇ ਤਰ੍ਹਾਂ ਹੀ ਪੰਜਾਬ ਇਸ ਗੁੰਡਾਗਰਦੀ ਦੇ ਮਾਹੌਲ ਤੋਂ ਬਾਹਰ ਨਿਕਲ ਰਿਹਾ ਹੈ। ਅਸਲ ਵਿਚ ਜੇ ਇਸ ਨੂੰ ਹੋਰ ਗਹੁ ਨਾਲ ਦੇਖਿਆ ਜਾਵੇ ਤਾਂ ਸਹਿਜੇ ਸਮਝ ਆਉਂਦੀ ਹੈ ਕਿ ਪੰਜਾਬ ਵਿਚ ਗੁੰਮਰਾਹ ਹੋਏ ਕੁਝ ਅਪਰਾਧਿਕ ਸੋਚ ਨਾਲ ਜੁੜੇ ਨੌਜਵਾਨ ਵਿਦੇਸ਼ਾਂ ਵਿਚ ਬੈਠੇ ਗਰਮਖਿਆਲੀ ਧੜਿਆਂ ਤੋਂ ਇਲਾਵਾ ਆਪਸੀ ਰੰਜਿਸ਼ਾਂ ਨੂੰ ਆਪਣੇ ਹਉਮੈ ਦੀ ਬਲੀ ਬਨਾਉਣ ਲਈ ਇਨ੍ਹਾਂ ਦਰਮਿਆਨੇ ਪਰਿਵਾਰਾਂ ਨਾਲ ਸਬੰਧਿਤ ਨੌਜਵਾਨਾਂ ਦਾ ਖੁੱਲ੍ਹ ਕੇ ਲਾਹਾ ਲੈ ਰਹੇ ਹਨ।
ਜਿਕਰਯੋਗ ਹੈ ਕਿ ਜਦੋਂ ਕਿਸੇ ਲਹਿਰ ਨੂੰ ਆਮ ਲੋਕਾਂ ਦਾ ਸਾਥ ਨਾ ਮਿਲੇ ਜਾਂ ਲੋਕ ਸਮਰਥਨ ਨਾ ਪ੍ਰਾਪਤ ਹੋਵੇ, ਤਾਂ ਉਸ ਲਹਿਰ ਦਾ ਨਾਕਾਮਯਾਬ ਹੋਣਾ ਨਿਸ਼ਚਤ ਹੈ। ਪੰਜਾਬ ਵੀ ਇਸੇ ਦੌਰ ਵਿਚੋਂ ਲੰਘ ਰਿਹਾ ਹੈ, ਜਿਥੋਂ ਦੇ ਲੋਕ ਬੀਤੇ ਸਮੇਂ ਦੌਰਾਨ ਕਈ ਸਾਲਾਂ ਤੱਕ ਦਹਿਸ਼ਤ ਦਾ ਮਾਹੌਲ ਹੱਡੀਂ ਹੰਢਾ ਚੁੱਕੇ ਹਨ। ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੀਆਂ ਤਰੱਕੀ ਦੀ ਰਾਹਾਂ ਨੂੰ ਛੱਡ ਕੇ, ਉਨਾਂ ਕਾਰਜਾਂ ਵਿਚ ਨਹੀਂ ਉਲਝਣਾ ਚਾਹੁੰਦੀ, ਜਿਨਾਂ ਦੀ ਵਾਗਡੋਰ ਵਿਦੇਸ਼ਾਂ ਵਿਚ ਬੈਠੇ ਸਰਮਾਏਦਾਰ ਅਤੇ ਉਨ੍ਹਾਂ ਕਾਮਯਾਬ ਲੋਕਾਂ ਦੇ ਹੱਥ ਵਿਚ ਹੋਵੇ, ਜਿਨ੍ਹਾਂ ਕਦੇ ਪੰਜਾਬ ਦੀ ਧਰਤੀ ‘ਤੇ ਪੈਰ ਪਾਉਣਾ ਵੀ ਜਰੂਰੀ ਨਹੀਂ ਸਮਝਿਆ। ਹੁਣ ਇਨ੍ਹਾਂ ਮਗਰ ਲੱਗ ਕੇ ਪੰਜਾਬ ਦਾ ਸੂਝਵਾਨ ਨੌਜਵਾਨ ਆਪਣੀ ਜਿੰਦਗੀ ਨਾਲ ਖਿਲਵਾੜ ਨਹੀਂ ਕਰੇਗਾ। ਬੀਤੇ ਸਮੇਂ ਦੌਰਾਨ ਜੇ ਗੈਂਗਸਟਰ ਬਣੇ ਨੌਜਵਾਨਾਂ ਦੀ ਪ੍ਰੋਫਾਈਲ ਨੂੰ ਘੋਖੀਏ ਤਾਂ ਸਪਸ਼ਟ ਹੁੰਦਾ ਹੈ ਕਿ ਗੈਂਗਸਟਰ ਬਣੇ ਅੱਧੇ ਤੋਂ ਜਿਆਦਾ ਨੌਜਵਾਨ ਉੱਚ ਪੱਧਰੀ ਖਿਡਾਰੀ ਸਨ। ਜਿਨ੍ਹਾਂ ਵਿਚੋਂ ਕੁਝ ਰਾਸ਼ਟਰੀ ਪੱਧਰ ਤੱਕ ਵੀ ਖੇਡ ਚੁੱਕੇ ਸਨ।
ਬੀਤੇ ਦਿਨੀਂ ਰਾਜਸਥਾਨ ਵਿਚ ਪੁਲਿਸ ਮੁਕਾਬਲੇ ਦੌਰਾਨ ਆਪਣੇ ਸਾਥੀ ਸਮੇਤ ਮਾਰਿਆ ਗਿਆ ਵਿੱਕੀ ਗੌਂਡਰ ਸਟੇਟ ਲੈਵਲ ਦਾ ਉੱਚ ਪੱਧਰੀ ਖਿਡਾਰੀ ਸੀ, ਪਰ ਅਣਸੁਖਾਵੇਂ ਹਾਲਾਤਾਂ ਦੇ ਚੱਲਦਿਆਂ ਗੁੰਮਰਾਹ ਹੋਏ ਖਿਡਾਰੀ ਨੇ ਜੁਰਮ ਦੀ ਦੁਨੀਆ ਦਾ ਪੱਲਾ ਫੜਿਆ, ਜਿਸ ਬਦਲੇ ਵਿਦੇਸ਼ਾਂ ਵਿਚ ਬੈਠੇ ਹਰ ਵਰਗ ਦੇ ਪੰਜਾਬੀ ਨੌਜਵਾਨ ਨੇ ਉਸਦੇ ਕਿੱਸਿਆਂ ਨੂੰ ਵਧਾ ਚੜ੍ਹਾ ਕੇ ਐਸਾ ਪੇਸ਼ ਕਰਨਾ ਸ਼ੁਰੂ ਕੀਤਾ ਕਿ ਗੌਂਡਰ ਨੂੰ ਲੱਗਣ ਲੱਗਿਆ ਕਿ, ਸ਼ਾਇਦ ਇਹ ਉਸਦੇ ਸ਼ੁੱਭ ਚਿੰਤਕ ਹਨ ਅਤੇ ਵਾਹੋਵਾਹੀ ਦੀ ਹੱਲਾਸ਼ੇਰੀ ਤਹਿਤ ਉਸਦੇ ਜੁਰਮ ਕਰਨ ਦੇ ਹੌਂਸਲੇ ਬੁਲੰਦ ਹੁੰਦੇ ਗਏ। ਅਖੀਰੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਿਦੇਸ਼ੀ ਧਰਤੀ ‘ਤੇ ਬੈਠੇ ਕੁਝ ਸਵਾਰਥੀ ਲੋਕ ਪੰਜਾਬ ਵਿਚਲੇ ਜੌਸ਼ੀਲੇ ਨੌਜਵਾਨਾਂ ਨੂੰ ਸਰਮਾਏ ਦੀ ਚਮਕ ਦਿਖਾ ਗੁੰਮਰਾਹ ਕਰਨ ਵਿਚ ਲੱਗੇ ਹਨ। ਵਿਦੇਸ਼ੀ ਸਰਮਾਏਦਾਰਾਂ ਵੱਲੋਂ ਚਲਾਇਆ ਗਿਆ ਕਠਪੁੱਤਲੀ ਦਾ ਖੇਡ ਹੁਣ ਬਹੁਤੀ ਦੇਰ ਨਹੀਂ ਚੱਲਣਾ, ਕਿਉਂਕਿ ਸਰਕਾਰ ਅਤੇ ਸਥਾਨਕ ਪੁਲਿਸ ਤੋਂ ਇਲਾਵਾ ਨੌਜਵਾਨ ਵੀ ਵਧੇਰੇ ਜਾਗਰੂਕ ਹੋ ਚੁੱਕੇ ਹਨ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ