ਪੰਜਾਬ ਵਿਚ ਨਾ ਵੱਖਵਾਦ ਫੈਲਿਆ ਅਤੇ ਨਾ ਹੀ ਫੈਲੇਗਾ – ਹਰਜਿੰਦਰ ਸਿੰਘ

thekdr

ਸਾਬਕਾ ਕਾਂਗਰਸ ਐਮ ਐਲ ਏ ਹਰਜਿੰਦਰ ਸਿੰਘ ਠੇਕੇਦਾਰ ਵੱਲੋਂ ਆਪਣਾ ਸਿਆਸੀ ਜੀਵਨ 20 ਸਾਲ ਪਹਿਲਾਂ ਉਸ ਵਕਤ ਸ਼ੁਰੂ ਕੀਤਾ ਗਿਆ, ਜਦੋਂ ਬਹੁਤ ਸਾਰੇ ਸਿਆਸੀ ਲੋਕ ਆਪਣੀ ਪਹਿਚਾਣ ਜਨਤਕ ਕਰਨ ਤੋਂ ਭੈਅ ਖਾਂਦੇ ਸੀ, ਕਿਉਂਕਿ ਉਹ ਜਾਣੇ ਅਣਜਾਣੇ ਵਿਚ ਪੰਜਾਬ ਵਿਚ ਫੈਲੇ ਅੱਤਵਾਦ ਦਾ ਸ਼ਿਕਾਰ ਨਹੀਂ ਸੀ ਹੋਣਾ ਚਾਹੁੰਦੇ। ਉਹ ਬਹੁਤ ਹੀ ਔਖਾ ਸਮਾਂ ਸੀ ਆਪਣੇ ਆਪ ਨੂੰ ਕਾਂਗਰਸੀ ਲੀਡਰ ਕਹਿਣਾ ਅਤਿ ਮੁਸ਼ਕਿਲ ਬਣਿਆ ਹੋਇਆ ਸੀ। ਬਹੁਤ ਸਾਰੇ ਲੋਕ ਪੰਜਾਬ ਨੂੰ ਛੱਡ ਕੇ ਚਲੇ ਗਏ ਸਨ, ਪਰ ਕੁਝ ਸਾਡੇ ਵਰਗੇ ਬਿਨਾਂ ਅੱਤਵਾਦ ਦਾ ਭੈਅ ਖਾਧੇ ਪੰਜਾਬ ਵਿਚ ਰਹਿ ਕੇ ਅੱਤਵਾਦ ਦੇ ਖਿਲਾਫ ਲੜਦੇ ਰਹੇ। ਉਨ੍ਹਾਂ ਕਿਹਾ ਕਿ, ਉਹ ਹਰਿਮੰਦਰ ਸਾਹਿਬ ਤੋਂ 100 ਮੀਟਰ ਦੀ ਦੂਰੀ ‘ਤੇ ਰਹਿੰਦੇ ਸਨ। ਇਸ ਸਮੇਂ ਦੌਰਾਨ ਇਕ ਪਰਿਵਾਰ ਨੇ ਉਨ੍ਹਾਂ ਕੋਲ ਮਦਦ ਦੀ ਗੁਹਾਰ ਲਗਾਈ, ਜਿਨ੍ਹਾਂ ਦਾ ਨੌਜਵਾਨ ਪੁੱਤਰ ਕਤਲ ਹੋਇਆ ਸੀ ਅਤੇ ਲੜਕੀ ਦਾ ਬੇਰਹਿਮੀ ਨਾਲ ਬਲਾਤਕਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ, ਅਜਿਹੇ ਔਖੇ ਸਮੇਂ ਦੌਰਾਨ ਸਿਆਸੀ ਪਾਰਟੀਆਂ ਗਾਇਬ ਹੋ ਚੁੱਕੀਆਂ ਸਨ ਅਤੇ ਸਿਰਫ ਇਕ ਕਾਂਗਰਸ ਬਚੀ ਸੀ, ਜੋ ਅੱਤਵਾਦ ਨਾਲ ਲੜ ਰਹੀ ਸੀ ਅਤੇ ਕਾਂਗਰਸ ਨੇ ਪੰਜਾਬ ਵਿਚ ਸ਼ਾਂਤੀ ਬਹਾਲ ਕਰਵਾਈ। ਉਨ੍ਹਾਂ ਕਿਹਾ ਕਿ, ਕਸ਼ਮੀਰ ਸਾਲਾਂ ਤੋਂ ਜਲ ਰਿਹਾ ਹੈ, ਪਰ ਉਸਦਾ ਕੋਈ ਹੱਲ ਨਹੀਂ ਨਿਕਲ ਸਕਿਆ, ਪਰ ਪੰਜਾਬ ਵਿਚ ਸਰਕਾਰ ਨੇ ਅੱਤਵਾਦ ਨੂੰ ਖਤਮ ਕਰਨ ਦੇ ਨਾਲ ਨਾਲ ਵਿਕਾਸ ਉੱਤੇ ਵੀ ਕੰਮ ਕੀਤਾ। ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ, ਮੰਦਰਾਂ, ਗੁਰਦੁਆਰਿਆਂ ਵਿਚ ਸਿਗਰਟ ਦੇ ਟੁਕੜੇ ਅਤੇ ਗਾਵਾਂ ਦੇ ਸਿਰ ਵੱਢ ਕੇ ਸੁੱਟ ਦਿੱਤੇ ਜਾਂਦੇ ਸੀ, ਜਿਸ ਨਾਲ ਕਿ ਲੋਕਾਂ ਵਿਚ ਆਪਸੀ ਵੱਖਵਾਦ ਪੈਦਾ ਕੀਤਾ ਜਾ ਸਕੇ। ਠੇਕੇਦਾਰ ਅਨੁਸਾਰ ਪੰਜਾਬ ਵਿਚ ਨਾ ਵੱਖਵਾਦ ਫੈਲਿਆ ਅਤੇ ਨਾ ਹੀ ਫੈਲੇਗਾ। ਪੰਜਾਬ ਵਿਚ ਕਦੇ ਭਾਈਚਾਰਕ ਏਕਤਾ ਭੰਗ ਨਹੀਂ ਹੋਈ। ਅੱਤਵਾਦ ਦੇ ਖਾਤਮੇ ਤੋਂ ਬਾਅਦ ਪੰਜਾਬ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਅਜੇ ਵੀ ਤਰੱਕੀ ਦੇ ਬਹੁਤ ਸਾਰੇ ਮਿਆਰ ਛੂਹਣੇ ਬਾਕੀ ਹਨ। ਪਾਕਿਸਤਾਨ ਦਾ ਅੰਤਰਰਾਸ਼ਟਰੀ ਬਾੱਡਰ ਪੰਜਾਬ ਨਾਲ ਲੱਗਦਾ ਹੋਣ ਕਾਰਨ ਚੋਰੀ ਛਿਪੇ ਹੁੰਦਾ ਪ੍ਰਵਾਸ ਖਤਰਨਾਕ ਸਾਬਤ ਹੁੰਦਾ ਹੈ। ਵਿਦੇਸ਼ਾਂ ਵਿਚ ਡੇਰਾ ਜਮਾਈ ਬੈਠੇ ਕੱਟਰਪੰਥੀ ਵੱਖਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਵਿਚ ਹਨ। ਪੰਜਾਬ ਦੀ ਸ਼ਾਂਤੀ ਭੰਗ ਕਰਨਾ ਇਨ੍ਹਾਂ ਦਾ ਵਪਾਰ ਹੈ। ਪੰਥ ਨੂੰ ਖਤਰੇ ਵਿਚ ਦੱਸ ਕੇ ਪੰਜਾਬ ਨੂੰ ਪਾੜ ਰਹੇ ਹਨ। ਇਹ ਦੋਫਾੜ ਕਰਨ ਦੀਆਂ ਸਕੀਮਾਂ ਕਾਮਯਾਬ ਨਹੀਂ ਹੋਣੀਆਂ। ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਵਿਦੇਸ਼ੀ ਤਾਕਤਾਂ ਉਨ੍ਹਾਂ ਦੀ ਪੰਜਾਬੀਅਤ ਨੂੰ ਪਿਆਰ ਨਹੀਂ ਕਰਦੀਆਂ। ਇਹ ਉਨ੍ਹਾਂ ਦੀ ਥੋੜੀ ਸੋਚ ਹੈ ਕਿ ਪੰਜਾਬ ਵਿਚ ਸਿਰਫ ਸਿੱਖ ਰਹਿ ਰਹੇ ਹਨ, ਜਦੋਂ ਕਿ ਸਿੱਖ ਤਾਂ ਪੂਰੇ ਭਾਰਤ ਵਿਚ ਰਹਿੰਦੇ ਹਨ। ਸਿੱਖ ਕੱਟਰਪੰਥੀ ਜਥੇ ਗੁਰੂਆਂ ਵੱਲੋਂ ਦੱਸੇ ਗਏ ਭਾਈਚਾਰਕ ਸਾਂਝ ਦੇ ਰਸਤੇ ਨੂੰ ਭੁੱਲ ਕੇ ਆਪਣੇ ਸਵਾਰਥ ਦੀ ਗੱਲ ਕਰ ਰਹੇ ਹਨ। ਪੰਜਾਬ ਦੇ ਲੋਕ ਇਨ੍ਹਾਂ ਦਾ ਇਹ ਸੌਦਾ ਹੁਣ ਨਹੀਂ ਖ੍ਰੀਦਣਗੇ, ਕਿਉਂਕਿ ਪੰਜਾਬ ਹੁਣ ਵਧੇਰੇ ਜਾਗਰੂਕ ਅਤੇ ਸੂਝਵਾਨ ਹੋ ਚੁੱਕਾ ਹੈ ਅਤੇ ਆਪਣੀ ਭਾਈਚਾਰਕ ਸਾਂਝ ਨੂੰ ਕਿਸੇ ਵੀ ਕੀਮਤ ‘ਤੇ ਭੰਗ ਨਹੀਂ ਹੋਣ ਦੇਵੇਗਾ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ