ਪੰਜਾਬ ਵਿਚ ਵਪਾਰ ਅਤੇ ਉਦਯੋਗ ਸਿਖ਼ਰਾਂ ਛੂਹ ਰਿਹਾ ਹੈ

ਲੁਧਿਆਣਾ ‘ਚ ਬਣੇਗਾ 100 ਏਕੜ ਦਾ ਉਦਯੋਗਿਕ ਪਾਰਕ

 

cyclesਪੰਜਾਬ ਦੇ ਲੋਕਾਂ ਨੂੰ ਅਹਿਸਾਸ ਹੈ ਕਿ ਹਿੰਸਾ ਦੀ ਰਾਹ ‘ਤੇ ਚੱਲਣ ਨਾਲ ਪੰਜਾਬ ਦੀ ਤਰੱਕੀ ਨੂੰ ਢਾਹ ਲੱਗੇਗੀ। ਪੰਜਾਬੀਆਂ ਦੇ ਸੁਪਨੇ ਚਕਨਾਚੂਰ ਹੋ ਜਾਣਗੇ ਅਤੇ ਪੰਜਾਬ ਦੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੀ ਨਹੀਂ, ਸਗੋਂ ਠੱਪ ਹੋ ਸਕਦਾ ਹੈ। ਸਿਆਸੀ ਅਤੇ ਨਿੱਜੀ ਸਵਾਰਥ ਦੀ ਪੂਰਤੀ ਲਈ ਛੋਟੀਆਂ ਛੋਟੀਆਂ ਜਥੇਬੰਦੀਆਂ ਵਿਚ ਵੰਡੇ ਵਿਦੇਸ਼ਾਂ ਵਿਚ ਬੈਠੇ ਪੰਜਾਬ ਨੂੰ ਆਪਣੀ ਥਾਪ ‘ਤੇ ਚਲਾਉਣ ਵਾਲੇ ਅੱਜ ਦੇ ਪੰਜਾਬ ਦੀ ਤਰੱਕੀ ਤੋਂ ਕੋਹਾਂ ਦੂਰ ਹਨ। ਅਜਿਹੀਆਂ ਸੰਸਥਾਵਾਂ ਵੱਲੋਂ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾਉਣ ਦੀ ਬਜਾਇ ਪੰਜਾਬੀਅਤ ਦੀ ਵਿਚਾਰਧਾਰਾ ਨੂੰ ਫਿਰਕੂਪ੍ਰਸਤੀ ਦਾ ਘੁਣ ਲਗਾ ਰਹੇ ਹਨ। ਪੰਜਾਬ ਸਰਕਾਰ ਨੇ ਲੁਧਿਆਣਾ ਦੀ ਸਾਈਕਲ ਅਤੇ ਲਾਈਟ ਇੰਜਨੀਅਰਿੰਗ ਇੰਡਸਟਰੀ ਨੂੰ ਵੱਡਾ ਹੁਲਾਰਾ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦੇ ਮੱਦਨਜ਼ਰ ਸਰਕਾਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧਨਾਂਸੂ ਵਿਖੇ ਬਣਨ ਵਾਲੀ ਹਾਈ-ਟੈੱਕ ਸਾਈਕਲ ਵੈਲੀ ਵਿੱਚ ਅਤਿ-ਆਧੁਨਿਕ ਉਦਯੋਗਿਕ ਪਾਰਕ ਵਿਕਸਿਤ ਕਰਨ ਲਈ 100 ਏਕੜ ਜ਼ਮੀਨ ਰਾਖਵੀਂ ਰੱਖੀ ਗਈ ਹੈ।
ਸਰਕਾਰ ਵੱਲੋਂ ਪਹਿਲਾਂ ਹੀ 380 ਏਕੜ ਪੰਚਾਇਤੀ ਜ਼ਮੀਨ ‘ਤੇ ਪੀ.ਐਸ਼ਆਈ.ਈ.ਸੀ. ਜ਼ਰੀਏ ਹਾਈ-ਟੈੱਕ ਸਾਈਕਲ ਵੈਲੀ ਸਥਾਪਿਤ ਕਰਨ ਸਬੰਧੀ ਪ੍ਰਾਜੈਕਟ ਮੰਨਜ਼ੂਰ ਕਰ ਲਿਆ ਗਿਆ ਹੈ। ਲੁਧਿਆਣਾ ਦਾ ਸਨਅਤੀ ਵਿਕਾਸ ਮੁੱਖ ਤੌਰ ‘ਤੇ ਸਾਈਕਲ ਅਤੇ ਛੋਟੇ ਪੈਮਾਨੇ ਦੇ ਨਿਰਮਾਣ ਉਦਯੋਗ ‘ਤੇ ਨਿਰਭਰ ਕਰਦਾ ਹੈ। ਭਾਵੇਂ ਲੁਧਿਆਣਾ ਭਾਰਤ ਦੇ ਸਾਈਕਲ ਉਦਯੋਗ ਦਾ ਰਵਾਇਤੀ ਕੇਂਦਰ ਹੈ, ਫਿਰ ਵੀ ਇੱਥੇ ਪਿਛਲੇ ਕੁਝ ਸਾਲਾਂ ਤੋਂ ਸਥਿਰ ਵਿਕਾਸ ਦਰ ਵੇਖਣ ਨੂੰ ਮਿਲੀ ਹੈ। ਪੀ.ਐਸ਼ਆਈ.ਈ.ਸੀ. ਨੇ ਮੋਬਿਲਿਟੀ ਸਲਿਊਸ਼ਨ ਜਿਵੇਂ ਆਟੋਮੋਬਾਇਲ, ਆਟੋ ਕੰਪੋਨੈਂਟਸ, ਬਾਈਸਾਈਕਲ, ਬਾਈਸਾਈਕਲ ਪੁਰਜ਼ੇ, ਬਿਜਲੀ ਨਾਲ ਚੱਲਣ ਵਾਲੇ ਵਾਹਨ ਜਿਵੇਂ ਕਿ ਈ-ਬਾਈਕਸ, ਈ-ਰਿਕਸ਼ਾ, ਲਿਥੀਅਮ ਆਇਨ ਬੈਟਰੀਆਂ ਆਦਿ ਦੇ ਨਿਰਮਾਣ ਲਈ ਪ੍ਰਮੁੱਖ ਇਕਾਈ ਸਥਾਪਿਤ ਕਰਨ ਅਤੇ ਹਾਈਟੈੱਕ ਸਾਈਕਲ ਵੈਲੀ, ਜ਼ਿਲ੍ਹਾ ਲੁਧਿਆਣਾ, ਪਿੰਡ ਧਨਾਂਸੂ ਵਿਖੇ ਸਹਾਇਕ/ਵਿਕਰੇਤਾ ਇਕਾਈਆਂ ਸਮੇਤ ਉਦਯੋਗਿਕ ਪਾਰਕ ਦੀ ਸਥਾਪਨਾ ਸਬੰਧੀ ਪ੍ਰਾਜੈਕਟ ਕੰਪਨੀ ਦੀ ਚੋਣ ਲਈ ਪ੍ਰਸਤਾਵ ਸਬੰਧੀ ਅਰਜ਼ੀਆਂ ਮੰਗੀਆਂ ਹਨ ।
ਗੈਰ-ਵਿਕਸਿਤ ਜ਼ਮੀਨ ਦਾ 100 ਏਕੜ ਦਾ ਇਹ ਟੁਕੜਾ ਪਾਰਦਰਸ਼ੀ, ਪ੍ਰਤੀਯੋਗਤਾ ਅਤੇ ਤਕਨੀਕੀ ਬੋਲੀ ਪ੍ਰਕਿਰਿਆ ਜ਼ਰੀਏ ਅੰਤਰ-ਰਾਸ਼ਟਰੀ ਰਸੂਖ ਵਾਲੀ ਚੰਗੀ ਤਰ੍ਹਾਂ ਸਥਾਪਿਤ ਕੰਪਨੀ ਨੂੰ ਅਲਾਟ ਕੀਤਾ ਜਾਵੇਗਾ। ਚੁਣੀ ਹੋਈ ਪ੍ਰਾਜੈਕਟ ਕੰਪਨੀ ਅਲਾਟ ਕੀਤੀ ਗਈ ਜ਼ਮੀਨ ‘ਤੇ ਉਦਗੋਗਿਕ ਪਾਰਕ  ਨੂੰ ਵਿਕਸਿਤ ਕਰਨ ਲਈ ਪੂਰੀ ਤਰ੍ਹਾਂ ਜਿੰਮੇਵਾਰ ਹੋਵੇਗੀ। ਇਸ ਪ੍ਰਸਤਾਵਿਤ ਪ੍ਰਾਜੈਕਟ ਵਿੱਚ ਚੁਣੀ ਹੋਈ ਕੰਪਨੀ 50 ਏਕੜ ਜ਼ਮੀਨ ‘ਤੇ ਆਪਣੀ ਖੁਦ ਦੀ ਪ੍ਰਮੁੱਖ ਇਕਾਈ ਬਣਾਏਗੀ। ਬਾਕੀ ਬਚੀ 50 ਏਕੜ ਜ਼ਮੀਨ ‘ਤੇ ਕੰਪਨੀ ਵੱਡੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਉਤਪਾਦਕਾਂ ਦਾ ਸਹਾਇਕ ਵਜੋਂ ਸਹਿਯੋਗ ਲਵੇਗੀ।
ਪੰਜਾਬ ਉਦਯੋਗਿਕ ਖੁਸ਼ਹਾਲੀ ਨੂੰ ਮੁੜ ਮਾਣ ਰਿਹਾ ਹੈ, ਜੋ ਕਿ ਅੱਤਵਾਦ ਦੇ ਦਿਨਾਂ ਵਿਚ ਪੰਜਾਬ ਵਿਚੋਂ ਗਾਇਬ ਹੋ ਚੁੱਕੀ ਸੀ। ਅੱਤਵਾਦ ਦੇ ਦਿਨਾਂ ਦੌਰਾਨ ਪੰਜਾਬ ਵਿਚ ਵੱਡੇ ਉਦਯੋਗਿਕ ਘਰਾਣੇ ਅਤੇ ਉਨ੍ਹਾਂ ਦੇ ਪਰਿਵਾਰ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਜਾਂ ਦੂਰ ਦੁਰਾਡੇ ਇਲਾਕਿਆਂ ਵਿਚ ਪ੍ਰਵਾਸ ਕਰ ਗਏ ਸਨ। ਅੱਤਵਾਦ ਦੇ ਡਰ ਕਾਰਨ ਪੰਜਾਬ ਨੂੰ ਵੱਡਾ ਉਦਯੋਗਿਕ ਨੁਕਸਾਨ ਹੋਇਆ। ਅੱਤਵਾਦ ਦੇ ਖਤਮ ਹੋਣ ਉਪਰੰਤ ਪੰਜਾਬ ਵਿਚ ਮੁੜ ਉਦਯੋਗ ਸਥਾਪਿਤ ਹੋਣ ਲੱਗਾ ਅਤੇ ਅੱਜ ਪੰਜਾਬ ਦੇਸ਼ ਦੀ ਮੁੱਖ ਉਦਯੋਗਕ ਸਟੇਟ ਹੈ।