ਭਾਰਤ ਦੀ ਰਗ-ਰਗ ਵਿਚ ਸਦੀਆਂ ਤੋਂ ਸਮਾਈ ਹੈ ਭਾਈਚਾਰੇ ਦੀ ਭਾਵਨਾ

indiaਅੱਜ ਸਾਡਾ ਦੇਸ਼ ਜਿਥੇ ਸਰਹੱਦ ਪਾਰੋਂ ਬੇਮਿਸਾਲ ਖਤਰੇ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਦੇਸ਼ ਦੀਆਂ ਦੁਸ਼ਮਣ ਤਾਕਤਾਂ ਦੇਸ਼ ਦੇ ਅੰਦਰ ਵੀ ਫਿਰਕੂ ਦੰਗੇ ਕਰਵਾਉਣ ਲਈ ਜੀਅ-ਤੋੜ ਜ਼ੋਰ ਲਾ ਰਹੀਆਂ ਹਨ, ਪਰ ਅਜਿਹੀ ਸਥਿਤੀ ਵਿਚ ਵੀ ਸਮੇਂ-ਸਮੇਂ ‘ਤੇ ਸਾਹਮਣੇ ਆਉਣ ਵਾਲੀਆਂ ਭਾਈਚਾਰੇ ਅਤੇ ਅਪਣੱਤ ਦੀਆਂ ਮਿਸਾਲਾਂ ਦਿਲਾਸਾ ਦਿੰਦੀਆਂ ਰਹਿੰਦੀਆਂ ਹਨ ਕਿ ਦੇਸ਼ ਦੀਆਂ ਦੁਸ਼ਮਣ ਤਾਕਤਾਂ ਦੀਆਂ ਮੱਕਾਰੀ ਭਰੀਆਂ ਚਾਲਾਂ ਕਦੇ ਸਫਲ ਨਹੀਂ ਹੋਣਗੀਆਂ :
ਅਮਰਨਾਥ ਯਾਤਰਾ ‘ਚ ਅੱਤਵਾਦੀ ਹਮਲੇ ਦੇ ਖਦਸ਼ੇ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ‘ਤੇ ਮੰਡਰਾ ਰਹੇ ਖਤਰੇ ਦੀ ਪ੍ਰਵਾਹ ਨਾ ਕਰਦਿਆਂ ਬਾਬਾ ਬਰਫਾਨੀ ਦੇ ਭਗਤਾਂ ਦਾ ਆਉਣਾ ਜਾਰੀ ਰਿਹਾ, ਉੱਥੇ ਹੀ ਸਥਾਨਕ ਮੁਸਲਮਾਨ ਭਾਈਚਾਰਾ ਤੀਰਥ ਯਾਤਰੀਆਂ ਦੀ ਮੇਜ਼ਬਾਨੀ ਦੀ ਦਿਲ ਨੂੰ ਛੂਹ ਲੈਣ ਵਾਲੀ ਮਿਸਾਲਾਂ ਪੇਸ਼ ਕਰਦਾ ਰਿਹਾ।
ਬੀਤੀ 6 ਜੁਲਾਈ ਨੂੰ ਜਦੋਂ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ ਵਿਚ ਗੈਸ ਸਿਲੰਡਰ ਫਟਣ ਨਾਲ 1 ਸ਼ਰਧਾਲੂ ਦੀ ਮੌਤ ਹੋ ਗਈ ਸੀ ਅਤੇ 15 ਹੋਰ ਜ਼ਖ਼ਮੀ ਹੋ ਗਏ ਸਨ ਤਾਂ ਸਭ ਤੋਂ ਪਹਿਲਾਂ ਜ਼ਖ਼ਮੀਆਂ ਦੀ ਸਹਾਇਤਾ ਲਈ ਸਥਾਨਕ ਲੋਕ ਹੀ ਪਹੁੰਚੇ ਸਨ।
ਆਪਣੀ ਸੁਰੱਖਿਆ ਦੀ ਪ੍ਰਵਾਹ ਕੀਤੇ ਬਿਨਾਂ ਸਥਾਨਕ ਮੁਸਲਮਾਨ ਨੌਜਵਾਨਾਂ ਨੇ, ਜਿਨ੍ਹਾਂ ਦਾ ਹੁਣ ਤਕ ‘ਪੱਥਰਬਾਜ਼ਾਂ’ ਵਾਲਾ ਰੂਪ ਹੀ ਦੁਨੀਆ ਦੇ ਸਾਹਮਣੇ ਆਉਂਦਾ ਰਿਹਾ ਹੈ, ਘਟਨਾ ਵਾਲੀ ਥਾਂ ‘ਤੇ ਆ ਕੇ ‘ਆਪਣੇ ਮਹਿਮਾਨਾਂ ਦੀ ਹਰ ਮੁਸੀਬਤ ਤੋਂ ਰੱਖਿਆ’ ਕਰਨ ਦੀ ‘ਕਸ਼ਮੀਰੀਅਤ’ ਦੀ ਸਦੀਆਂ ਪੁਰਾਣੀ ਰਵਾਇਤ ਦੀ ਮੁੜ ਪੁਸ਼ਟੀ ਕਰ ਦਿੱਤੀ ਹੈ।
ਉਹ ਉਨ੍ਹਾਂ ਨੂੰ ਕਾਜ਼ੀਗੁੰਡ ਅਤੇ ਅਨੰਤਨਾਗ ਵਿਚ ਸਥਿਤ ਹਸਪਤਾਲਾਂ ‘ਚ ਲੈ ਕੇ ਗਏ ਅਤੇ ਜ਼ਖ਼ਮੀਆਂ ਲਈ ਖੂਨ ਦੀ ਪੇਸ਼ਕਸ਼ ਵੀ ਕੀਤੀ। ਉਕਤ ਹਸਪਤਾਲਾਂ ਦੇ ਸਟਾਫ ਨੇ ਵੀ ਓਨੀ ਹੀ ਭਾਈਚਾਰਕ ਭਾਵਨਾ ਨਾਲ ਜ਼ਖ਼ਮੀਆਂ ਦੀ ਤੀਮਾਰਦਾਰੀ ਕੀਤੀ ਅਤੇ ਇਨ੍ਹਾਂ ਸ਼ਬਦਾਂ ਵਿਚ ਉਨ੍ਹਾਂ ਨੂੰ ਦਿਲਾਸਾ ਦਿੱਤਾ, ‘ਘਬਰਾਓ ਨਾ, ਤੁਸੀਂ ਸਾਡੇ ਮਹਿਮਾਨ ਹੋ।’
ਅਜਿਹੀ ਹੀ ਭਾਵਨਾ 4 ਜੁਲਾਈ ਨੂੰ ਫਿਰਕੂ ਹਿੰਸਾ ਦੇ ਸ਼ਿਕਾਰ ਬੰਗਾਲ ਦੇ ’24 ਪਰਗਣਾ’ ਜ਼ਿਲ੍ਹੇ ਦੇ ‘ਬਸ਼ੀਰਹਾਟ’ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵੀ ਦੇਖੀ ਗਈ, ਜਿਥੇ ਇਕ ਨੌਜਵਾਨ ਵੱਲੋਂ ਫੇਸਬੁੱਕ ‘ਤੇ ਕੀਤੇ ਗਏ ਇਤਰਾਜ਼ਯੋਗ ‘ਪੋਸਟ’ ਕਾਰਨ ਭੜਕੇ ਫਿਰਕੂ ਦੰਗਿਆਂ ਕਾਰਨ ਇਕ ਨੌਜਵਾਨ ਦੀ ਮੌਤ ਤੋਂ ਇਲਾਵਾ 100 ਦੇ ਲੱਗਭਗ ਦੁਕਾਨਾਂ ਤੇ ਮਕਾਨਾਂ ਨੂੰ ਅੱਗ ਲਾ ਦਿੱਤੀ ਗਈ ਜਾਂ ਲੁੱਟ ਲਿਆ ਗਿਆ।
ਇਨਾਂ ਦੰਗਿਆਂ ਵਿਚ ਪ੍ਰਭਾਵਿਤ ਹਿੰਦੂਆਂ ਦੀ ਸਹਾਇਤਾ ਲਈ ਸਥਾਨਕ ਮੁਸਲਿਮ ਭਾਈਚਾਰੇ ਦੇ ਲੋਕ ਅੱਗੇ ਆਏ ਤੇ ਪ੍ਰਭਾਵਿਤ ਹਿੰਦੂ ਭਾਈਚਾਰੇ ਕੋਲ ਜਾ ਕੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਦੁਬਾਰਾ ਚਾਲੂ ਕਰਨ ਦੀ ਅਪੀਲ ਕਰਨ ਦੇ ਨਾਲ ਹੀ ਇਸ ਦੇ ਲਈ ਉਨ੍ਹਾਂ ਨੂੰ ਆਰਥਿਕ ਸਹਾਇਤਾ ਵੀ ਦੇ ਰਹੇ ਹਨ।
ਇਰਸ਼ਾਦ ਅਲੀ ਗਾਜ਼ੀ ਨਾਮੀ ਸਥਾਨਕ ਵਪਾਰੀ ਅਨੁਸਾਰ, ‘ਇਹ ਕਸਬਾ ਫਿਰਕੂ ਸੁਹਿਰਦਤਾ ਦੀ ਮਿਸਾਲ ਰਿਹਾ ਹੈ ਤੇ ਬਾਬਰੀ ਕਾਂਡ ਸਮੇਂ ਵੀ ਇਥੇ ਸ਼ਾਂਤੀ ਰਹੀ ਸੀ। ਇਸ ਵਾਰ ਕੁਝ ਬਾਹਰਲੇ ਲੋਕਾਂ ਨੇ ਚੰਦ ਸਥਾਨਕ ਮੁੰਡਿਆਂ ਨੂੰ ਆਪਣੇ ਨਾਲ ਮਿਲਾ ਕੇ ਇਹ ਕਾਂਡ ਕਰਵਾਇਆ, ਪਰ ਅਸੀਂ ਹੁਣ ਆਪਣੇ ਹਿੰਦੂ ਗੁਆਂਢੀਆਂ ਦੀਆਂ ਦੁਕਾਨਾਂ ਵਗੈਰਾ ਦੁਬਾਰਾ ਖੁੱਲ੍ਹਵਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ‘ਬੀਤੇ ਨੂੰ ਭੁੱਲ ਕੇ’ ਨਵੇਂ ਸਿਰਿਓਂ ਸ਼ੁਰੂਆਤ ਕਰਨ। ਅਸੀਂ ਉਨ੍ਹਾਂ ਦੇ ਮੁੜ-ਵਸੇਬੇ ਲਈ ਕੁਝ ਵੀ ਕਰਾਂਗੇ।’
ਇਲਾਕੇ ਦੇ ਹਿੰਦੂਆਂ ਦਾ ਵੀ ਕਹਿਣਾ ਸੀ ਕਿ, ਉਹ ਆਪਣੇ ਚੰਗੇ ਮੁਸਲਿਮ ਗੁਆਂਢੀਆਂ ਕਾਰਨ ਹੀ ਇਹ ਇਲਾਕਾ ਛੱਡ ਕੇ ਨਹੀਂ ਗਏ।
ਬਸ਼ੀਰਹਾਟ ਦੇ ‘ਤ੍ਰਿਮੋਹਾਨੀ’ ਇਲਾਕੇ ਵਿਚ ਹੀ ਇਕ ਬਜ਼ੁਰਗ ਮੁਸਲਮਾਨ ਡਾ: ਕਾਸਿਰ ਅਲੀ ਅਤੇ ਉਨ੍ਹਾਂ ਦੇ ਹਿੰਦੂ ਕੰਪਾਊਂਡਰ ਦੇਵਪ੍ਰਸਾਦ ਬੋਇਰਾਗੀ ਵੀ ਆਪਣੇ ਢੰਗ ਨਾਲ ਭਾਈਚਾਰੇ ਦਾ ਸੁਨੇਹਾ ਫੈਲਾਉਂਦੇ ਰਹੇ। ਉਹ ਰੋਗੀਆਂ ਨੂੰ ਦਵਾਈ ਦੀ ਪਰਚੀ ਦੇ ਨਾਲ ਹੀ ਫਿਰਕੂ ਭਾਈਚਾਰਾ ਬਣਾਈ ਰੱਖਣ ਦਾ ਸੰਦੇਸ਼ ਵੀ ਜ਼ਰੂਰ ਦਿੰਦੇ। ਬੋਇਰਾਗੀ ਉਨ੍ਹਾਂ ਕੋਲ 35 ਸਾਲਾਂ ਤੋਂ ਕੰਮ ਕਰ ਰਿਹਾ ਹੈ ਅਤੇ ਡਾ: ਕਾਸਿਰ ਅਲੀ ਹਰੇਕ ਮਰੀਜ਼ ਨੂੰ ਇਹ ਜ਼ਰੂਰ ਦੱਸਦੇ ਕਿ ਉਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲੋਂ ਘੱਟ ਨਹੀਂ ਹੈ।
ਫਿਰਕੂ ਸੁਹਿਰਦਤਾ ਦੀ ਇਕ ਮਿਸਾਲ ਝਾਰਖੰਡ ਵਿਚ ਹੰਟਰਗੰਜ (ਚਤਰਾ) ਨੇੜ੍ਹੇ ਨਾਵਾਡੀਹ ਨਾਮੀ ਪਿੰਡ ਦੀਆਂ 2 ਮੁਸਲਿਮ ਭੈਣਾਂ ਖੈਰੂਨ ਨਿਸਾ ਅਤੇ ਮਹਿਰੂਨ ਨਿਸਾ ਨੇ ਵੀ ਪੇਸ਼ ਕੀਤੀ ਹੈ, ਜਿਨ੍ਹਾਂ ਨੇ ਇਥੇ ਦੁਰਗਾ ਮਾਤਾ ਦੇ ਪੰਡਾਲ ਲਈ ਰਾਹ ਬਣਾਉਣ ਵਾਸਤੇ ਆਪਣੀ ਲੱਗਭਗ 9 ਲੱਖ ਰੁਪਏ ਦੀ ਜ਼ਮੀਨ ਦਾਨ ਕਰ ਦਿੱਤੀ।
ਕੁਝ ਸੁਆਰਥੀ ਅਨਸਰਾਂ ਵੱਲੋਂ ਦੇਸ਼ ਵਿਚ ਅਸਹਿਣਸ਼ੀਲਤਾ ਦੀ ਚਲਾਈ ਜਾ ਰਹੀ ਹਨੇਰੀ ਵੀ ਭਾਰਤ ਦੀ ਰਗ-ਰਗ ਵਿਚ ਸਦੀਆਂ ਤੋਂ ਸਮਾਈ ਭਾਈਚਾਰੇ ਦੀ ਭਾਵਨਾ ਨੂੰ ਮਿਟਾ ਨਹੀਂ ਸਕੀ ਤੇ ਇਥੇ ਦਿੱਤੀਆਂ ਗਈਆਂ ਮਿਸਾਲਾਂ ਤੋਂ ਸਪੱਸ਼ਟ ਹੈ ਕਿ ‘ਸਰਵ ਧਰਮ ਸਮਭਾਵ’ ਦੇ ਸੰਦੇਸ਼ਵਾਹਕ ਸਾਡੇ ਦੇਸ਼ ਵਿਚ ਭਾਈਚਾਰੇ ਅਤੇ ‘ਪਰਾਈ ਪੀੜ੍ਹ ਦੇ ਅਹਿਸਾਸ’ ਦੀ ਭਾਵਨਾ ਪਹਿਲਾਂ ਵਾਂਗ ਹੀ ਮੌਜੂਦ ਹੈ ਅਤੇ ਅਗਾਂਹ ਵੀ ਹਮੇਸ਼ਾ ਮੌਜੂਦ ਰਹੇਗੀ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ