ਭਾਰਤ ਸਰਕਾਰ ਵੱਲੋਂ ਅਫਗਾਨੀ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਬਿਨਾਂ ਰੋਕ ਟੋਕ ਅਤੇ ਅਸੀਮਤ ਭਾਰਤ ਦਾ ਵੀਜਾ ਪ੍ਰਦਾਨ

visaਬੀਤੇ ਦਿਨੀਂ ਅਫਗਾਨਿਸਤਾਨ ਵਿਚ ਵਾਪਰੀ ਮੰਦਭਾਗੀ ਘਟਨਾ ਨੇ ਇਕੱਲੇ ਸਿੱਖਾਂ ਦਾ ਹੀ ਹਿਰਦਾ ਨਹੀਂ ਵਲੂੰਦਰਿਆ ਬਲਕਿ ਸਮੂਹ ਭਾਰਤ ਵਾਸੀਆਂ ਵਿਚ ਸ਼ੋਕ ਦੀ ਲਹਿਰ ਦੇਖਣ ਨੂੰ ਮਿਲੀ। ਜਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ 1990 ਦੌਰਾਨ ਤਕਰੀਬਨ ਢਾਈ ਲੱਖ ਸਿੱਖ ਅਤੇ ਹਿੰਦੂ ਬਸੇਰਾ ਕਰਦੇ ਸਨ, ਪਰ ਗ੍ਰਹਿ ਯੁੱਧ ਛਿੜਨ ਤੋਂ ਮਗਰੋਂ ਇਕ ਇਕ ਕਰ ਕੇ ਹਿੰਦੂ ਸਿੱਖਾਂ ਦੀ ਗਿਣਤੀ ਘਟਦੀ ਗਈ। ਜੋ ਕਿ ਤਕਰੀਬਨ 300 ਪਰਿਵਾਰਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਸਿੱਖਾਂ ‘ਤੇ ਹੋਏ ਹਮਲੇ ਦੀ ਜਿੰਮੇਵਾਰੀ ਆਤੰਕਵਾਦੀ ਸੰਗਠਨ ਇਸਲਾਮਕ ਸਟੇਟ ਗਰੁੱਪ ਵੱਲੋਂ ਲਈ ਗਈ। ਜਿਕਰਯੋਗ ਹੈ ਕਿ ਇਹ ਗਰੁੱਪ ਤਾਲਿਬਾਨੀ ਧੜੇ ਨਾਲ ਜੁੜਿਆ ਹੋਇਆ ਹੈ ਅਤੇ ਤਾਲਿਬਾਨੀ ਸੰਗਠਨ ਨੂੰ ਪਾਕਿਸਤਾਨ ਇੰਟੈਲੀਜੈਂਸ ਆਈ ਐਸ ਆਈ ਦੇ ਸਮਰਥਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਘੋਖਿਆ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਅਫਗਾਨਿਸਤਾਨ ਵਿਚ ਘੱਟ ਗਿਣਤੀਆਂ ਦੀ ਜਮਾਤ ਵਿਚ ਹਿੰਦੂ ਅਤੇ ਸਿੱਖ ਪਰਿਵਾਰ ਆਉਂਦੇ ਹਨ, ਜਿਨ੍ਹਾਂ ਨੂੰ ਨਿਸ਼ਾਨਾ ਬਨਾਉਣ ਦਾ ਇਸ਼ਾਰਾ ਆਈ ਐਸ ਆਈ ਵੱਲੋਂ ਤਾਲਿਬਾਨੀ ਸੰਗਠਨ ਜਰੀਏ ਇਸਲਾਮਕ ਸਟੇਟ ਗਰੁੱਪ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਤਕਰੀਬਨ 7 ਭਾਰਤੀ ਇੰਜੀਨੀਅਰ ਮਈ ਮਹੀਨੇ ਦੌਰਾਨ ਅਗਵਾ ਕੀਤੇ ਗਏ ਸਨ, ਜੋ ਅਫਗਾਨਿਸਤਾਨ ਵਿਚ ਭਾਰਤ ਅਫਗਾਨੀ ਸਮਝੌਤੇ ਤਹਿਤ ਵਿਕਾਸਸ਼ੀਲ ਪ੍ਰਾਜੈਕਟਾਂ ‘ਤੇ ਸਹਿਯੋਗ ਦੇਣ ਲਈ ਭੇਜੇ ਗਏ ਸਨ। ਪਾਕਿਸਤਾਨੀ ਤਾਲਿਬਾਨ ਘੱਟ ਗਿਣਤੀ ਹਿੰਦੂ ਅਤੇ ਸਿੱਖਾਂ ਨੂੰ ਨਿਸ਼ਾਨਾ ਬਨਾਉਣ ਤੋਂ ਇਲਾਵਾ ਇਨ੍ਹਾਂ ਨਾਲ ਅਤਿ ਮਾੜਾ ਵਿਹਾਰ ਕਰਦੇ ਹਨ। ਘੱਟ ਗਿਣਤੀਆਂ ਨੂੰ ਆਪਣੀ ਬਾਂਹ ‘ਤੇ ਪੀਲਾ ਕੱਪੜਾ ਬੰਨ੍ਹ ਕੇ ਰੱਖਣ ਦੀ ਹਦਾਇਤ ਦਿੱਤੀ ਜਾਂਦੀ ਹੈ, ਜਿਸ ਨਾਲ ਇਕੱਠ ਵਿਚ ਉਨ੍ਹਾਂ ਦੀ ਪਹਿਚਾਣ ਹੋ ਸਕੇ। ਇਸ ਸਾਰੇ ਘਟਨਾਕ੍ਰਮ ਦਾ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਉਨ੍ਹਾਂ ਅਫਗਾਨਿਸਤਾਨ ਨੂੰ ਭਰੋਸਾ ਦਵਾਇਆ ਕਿ ਉਹ ਹਰ ਮੁਸੀਬਤ ਦੀ ਘੜੀ ਵਿਚ ਅਫਗਾਨੀ ਸਰਕਾਰ ਦਾ ਸਾਥ ਦੇਣਗੇ। ਉਨ੍ਹਾਂ ਇਸ ਹਮਲੇ ਨੂੰ ਅਫਗਾਨਿਸਤਾਨ ਦੀ ਬਹੁਸੰਸਕ੍ਰਿਤੀ ‘ਤੇ ਹਮਲਾ ਦੱਸਿਆ। ਅਫਗਾਨਿਸਤਾਨ ਵਿਚ ਨਿਯੁਕਤ ਭਾਰਤੀ ਰਾਜਦੂਨ ਵਿਨੇ ਕੁਮਾਰ ਵੱਲੋਂ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਹਾਦਸੇ ਦਾ ਸ਼ਿਕਾਰ ਹੋਏ ਸਿੱਖ ਲੀਡਰਾਂ ਦੇ ਅੰਤਿਮ ਸੰਸਕਾਰ ਵਿਚ ਪੂਰਨ ਯੋਗਦਾਨ ਪਾਇਆ। ਭਾਰਤ ਸਰਕਾਰ ਵੱਲੋਂ ਅਫਗਾਨੀ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਬਿਨਾਂ ਰੋਕ ਟੋਕ ਅਤੇ ਅਸੀਮਤ ਭਾਰਤ ਦਾ ਵੀਜਾ ਪ੍ਰਦਾਨ ਕਰਵਾਇਆ ਗਿਆ ਹੈ, ਪਰ ਰਿਸਦੇ ਬਾਵਜੂਦ ਕਈ ਸਿੱਖ ਪਰਿਵਾਰ, ਜੋ ਅਫਗਾਨਿਸਤਾਨ ਨੂੰ ਆਪਣਾ ਘਰ ਮੰਨਦੇ ਹਨ, ਉਹ ਮੋਹ ਦੀਆਂ ਤੰਦਾਂ ਛੱਡ ਕੇ ਜਾਣ ਲਈ ਤਿਆਰ ਨਹੀਂ ਹਨ। ਭਾਰਤ ਸਰਕਾਰ ਵੱਲੋਂ ਪੀੜ੍ਹਤ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਵਾਉਣ ਦਾ ਭਰੋਸਾ ਪ੍ਰਧਾਨ ਮੰਤਰੀ ਵੱਲੋਂ ਦਿਵਾਇਆ ਗਿਆ।