ਭੜਕਾਊ ਬਿਆਨ ਸਿਰਫ ਦੁਵਿਧਾ ਖੜੀ ਕਰਦੇ ਹਨ

sikhsਖਾਲਿਸਤਾਨੀ ਮੂਵਮੈਂਟ ਨਾਲ ਜੁੜੇ ਬਹੁਤੇ ਭਾਰਤੀ ਵਿਦੇਸ਼ਾਂ ਵਿਚ ਵੱਸੇ ਹੋਏ ਹਨ, ਜਿੱਥੋਂ ਉਹ ਆਏ ਦਿਨ ਕੋਈ ਨਾ ਕੋਈ ਨਵਾਂ ਭੜਕਾਊ ਬਿਆਨ ਜਾਰੀ ਕਰ ਸਮੂਹ ਵਿਸ਼ਵ ਦੇ ਸਿੱਖਾਂ ਵਿਚ ਦੁਵਿਧਾ ਖੜੀ ਕਰ ਦਿੰਦੇ ਹਨ, ਪਰ ਹੁਣ ਅਜਿਹੀਆਂ ਗਤੀਵਿਧੀਆਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨੀਂ ਰਾਜਨੀਤੀ ਵਿਗਿਆਨ ਦੇ ਪ੍ਰੋ: ਡਾ: ਜਤਿੰਦਰ ਸਿੰਘ ਨੇ ਹੈਰਾਨੀ ਜਤਾਉਂਦਿਆਂ ਕਿਹਾ ਕਿ, ਇਹ ਕਿਵੇਂ ਸੰਭਵ ਹੈ ਕਿ ਅਮਰੀਕਾ ਵਿਚ ਬੈਠਾ ਇਕ ਵਿਅਕਤੀ ਆਪਣਾ ਫੈਸਲਾ ਸੁਣਾਉਂਦਿਆਂ ਇਹ ਕਹੇ ਕਿ ਭਾਰਤ ਸਾਡਾ ਦੇਸ਼ ਨਹੀਂ ਅਤੇ ਅਸੀਂ ਇਸਦਾ ਅਜਾਦੀ ਦਿਵਸ ਨਹੀਂ ਮਨਾਉਣਾ। ਉਨ੍ਹਾਂ ਕਿਹਾ ਕਿ, ਸਮੂਹ ਅਵਾਮ ਨੂੰ ਗੁੰਮਰਾਹ ਕਰਨ ਦੀ ਨੀਤੀ ਤੋਂ ਇਲਾਵਾ ਅਜਿਹੇ ਵਿਚਾਰ ਕੋਈ ਮੁੱਲ ਨਹੀਂ ਰੱਖਦੇ। ਉਨ੍ਹਾਂ ਸਿੱਖਸ ਫਾੱਰ ਜਸਟਿਸ ਵੱਲੋਂ ਵਾਈਟ ਹਾਊਸ ਨੂੰ ਪੰਜਾਬ ਇੰਡੀਪੈਂਡੈਂਸ ਜਮਾਂ ਕਰਵਾਈ ਪਟੀਸ਼ਨ ਦੀ ਨਿੰਦਾ ਕਰਦਿਆਂ ਕਿਹਾ ਕਿ, ਇਹ ਸਿੱਖ ਕੌਮ ਨੂੰ ਦੁਵਿਧਾ ਵਿਚ ਪਾਉਣ ਤੋਂ ਇਲਾਵਾ ਹੋਰ ਕੁਝ ਨਹੀਂ। ਜਿਕਰਯੋਗ ਹੈ ਕਿ ਸਿੱਖ ਐਨ ਜੀ ਓ ਸਿੱਖਸ ਫਾੱਰ ਜਸਟਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਦੀ ਅਜਾਦੀ ਦੇ ਸਬੰਧ ਵਿਚ ਵਾਈਟ ਹਾਊਸ ਨੂੰ ਦਿੱਤੀ ਪਟੀਸ਼ਨ ‘ਤੇ ਇਕ ਲੱਖ ਚਾਰ ਹਜਾਰ ਉਨ੍ਹਾਂ ਲੋਕਾਂ ਦੇ ਦਸਤਖ਼ਤ ਹਨ, ਜਿਨ੍ਹਾਂ ਵੱਲੋਂ ਇਸ ਸਬੰਧੀ ਸਹਿਮਤੀ ਜਤਾਈ ਗਈ ਹੈ।
ਡਾ: ਬਰਾੜ ਨੇ ਐਨ ਜੀ ਓ ਦੀ ਕਾਰਵਾਈ ‘ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਆਪਣੇ ਬਿਆਨ ਵਿਚ ਕਿਹਾ ਕਿ, ਇਕੱਠੇ ਕੀਤੇ ਦਸਤਖ਼ਤ ਅਨਪੜ੍ਹ ਅਤੇ ਮਾਸੂਮ ਲੋਕਾਂ ਦੇ ਹਨ, ਜਿਨ੍ਹਾਂ ਨੂੰ ਦਰਜ ਕੀਤੀ ਪਟੀਸ਼ਨ ਬਾਰੇ ਬਹੁਤੀ ਜਾਣਕਾਰੀ ਨਹੀਂ ਅਤੇ ਇਨ੍ਹਾਂ ਤੋਂ ਗੁਰਦੁਆਰਿਆਂ ਦੀ ਉਸਾਰੀ ਦਾ ਬਹਾਨਾ ਲਵਾ ਸਹਿਮਤੀ ਇਕੱਠੀ ਕੀਤੀ ਗਈ।
15 ਅਗਸਤ ਸਿੱਖਾਂ ਲਈ ਅਜਾਦੀ ਦਿਵਸ ਨਹੀਂ ਅਤੇ ਇੰਡੀਅਨ ਆਕੂਪਾਈਡ ਪੰਜਾਬ ਦੀ ਅਜਾਦੀ ਲਈ ਸਮਰਥਨ ਦੀ ਮੰਗ ਵਾਈਟ ਹਾਊਸ ਨੂੰ ਦਰਜ ਕੀਤੀਆਂ ਗਈਆਂ ਪਟੀਸ਼ਨ ਹਨ। ਜਿਸ ਸਬੰਧੀ ਰਣਜੀਤ ਸਿੰਘ ਵਾਸ਼ਿੰਗਟਨ ਡੀ ਸੀ ਤੋਂ ਖੁਲਾਸਾ ਕੀਤਾ ਕਿ, ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਮਰੀਕਾ ਦੇ ਧਨਾਢ ਸਿੱਖਾਂ ਤੋਂ ਚੰਦਾ ਇਕੱਠਾ ਕਰਦੀਆਂ ਹਨ, ਜਿਸ ਨੂੰ ਕਿਸੇ ਸੇਵਾ ਵਿਚ ਨਾ ਲਾ ਕੇ ਕਈਆਂ ਵੱਲੋਂ ਦੇਸ਼ ਦਾ ਮਾਹੌਲ ਖਰਾਬ ਕਰਨ ਵਿਚ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇ।
ਸਮਾਜ ਸੇਵਕ ਜਸਪਾਲ ਸਿੰਘ ਨੇ ਕਿਹਾ ਕਿ, ਵਿਦੇਸ਼ਾਂ ਵਿਚ ਚੱਲਦੀਆਂ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਵੱਲੋਂ ਕੁਝ ਲੋਕਾਂ ਨੂੰ ਪੰਜਾਬ ਵਿਚ ਖਾਸ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਜਰੀਏ ਸਿੱਖਾਂ ਨਾਲ ਭੇਦਭਾਵ ਹੋਣ ਦੀਆਂ ਖ਼ਬਰਾਂ ਨੂੰ ਨਸ਼ਰ ਕੀਤਾ ਜਾਂਦਾ ਹੈ, ਜਦੋਂ ਕਿ ਅਜਿਹਾ ਕੋਈ ਮਸਲਾ ਭਾਰਤ ਵਿਚ ਨਹੀਂ ਹੈ। ਸਿੱਖ ਭਾਰਤ ਦਾ ਮਾਣ ਹਨ, ਇੰਨਾ ਹੀ ਨਹੀਂ ਭਾਰਤ ਵਿਚ ਉੱਚ ਸਰਕਾਰੀ ਅਹੁਦਿਆਂ ‘ਤੇ ਸਿੱਖਾਂ ਦੀ ਨਿਯੁਕਤੀ ਸਮੇਂ ਸਮੇਂ ਸਿਰ ਹੁੰਦੀ ਰਹੀ ਹੈ। ਭਾਰਤੀ ਸੈਨਾ ਦੇ ਮੁੱਖੀ, ਭਾਰਤੀ ਪ੍ਰਧਾਨ ਮੰਤਰੀ, ਉੱਚ ਸਲਾਹਕਾਰ ਤੋਂ ਇਲਾਵਾ ਬਹੁਤ ਸਾਰੇ ਖਾਸ ਅਹੁਦਿਆਂ ‘ਤੇ ਸਿੱਖ ਬਿਰਾਜਮਾਨ ਰਹੇ ਹਨ। ਫਿਰ ਕੋਈ ਤੀਸਰਾ ਉੱਠ ਕੇ ਇਹ ਗੱਲ ਕਿਵੇਂ ਕਹਿ ਸਕਦਾ ਹੈ ਕਿ ਭਾਰਤ ਸਿੱਖਾਂ ਦਾ ਦੇਸ਼ ਨਹੀਂ।