ਮਾਮਲਾ ਜਿਉਂਦੇ ਮਰੀਜ ਨੂੰ ਮਰਿਆ ਘੋਸ਼ਿਤ ਕਰਨਾ : ਮੈਕਸ ਹਸਪਤਾਲ ਵਿਰੁੱਧ ਪੜ੍ਹਤਾਲ ਦੇ ਹੁਕਮ

ਬਠਿੰਡਾ, 13 ਅਪ੍ਰੈਲ (ਕੁਸਲਾ) – ਮੁੱਖ ਸਕੱਤਰ ਪੰਜਾਬ ਸਰਕਾਰ ਵਲੋ ਮੈਕਸ ਹਸਪਤਾਲ ਬਠਿੰਡਾ ਖਿਲਾਫ ਕੀਤੀ ਗਈ ਸ਼ਿਕਾਇਤ ਦੀ ਪੜæਤਾਲ ਕਰਨ ਲਈ ਸਿਵਲ ਸਰਜਨ ਬਠਿੰਡਾ ਨੂੰ ਆਦੇਸ਼ ਦਿੱਤੇ ਹਨ ਅਤੇ

ਸਿਵਲ ਸਰਜਨ ਬਠਿੰਡਾ ਵੱਲੋਂ ਡਾਕਟਰ ਸਤੀਸ਼ ਗੋਇਲ, ਸੀਨੀਅਰ ਮੈਡੀਕਲ ਅਫਸਰ, ਡਾਕਟਰ ਮਨਿੰਦਰ ਪਾਲ ਸਿੰਘ ਜਨਰਲ ਸਰਜਨ ਅਤੇ ਡਾਕਟਰ ਰਾਮੇਸ਼ ਮਹੇਸ਼ਵਰੀ ਮੈਡੀਕਲ ਸਪੈਸ਼ਲਿਸਟ ਦੇ ਅਧਾਰ ‘ਤੇ ਬੋਰਡ ਦਾ ਗਠਨ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ| ਇਸ ਗੱਲ ਦਾ ਪ੍ਰਗਟਾਵਾ ਭਰੂਣ ਹੱਤਿਆ ਅਤੇ ਭ੍ਰਿਸ਼ਟਾਚਾਰ ਰੋਕਣ ਦੇ ਮੋਹਰੀ ਅਤੇ ਸਿਦਕ ਫੌਰਮ ਅਗੇਨਸਟ ਸੋਸ਼ਲ ਈਵਲਜ਼ ਦੇ ਪ੍ਰਧਾਨ ਸ੍ਰੀ ਸਾਧੂ ਰਾਮ ਕੁਸਲਾ ਵੱਲੋਂ ਜਾਰੀ ਪ੍ਰੈੱਸ ਨੋਟ ਵਿਚ ਕੀਤਾ ਗਿਆ|
ਸ੍ਰੀ ਕੁਸਲਾ ਨੇ ਮਿਤੀ 23-2-2016 ਨੂੰ ਮੁੱਖ ਸਕੱਤਰ, ਪੰਜਾਬ ਸਰਕਾਰ, ਡਾਇਰੈਕਟਰ ਜਨਰਲ ਪੁਲਿਸ ਅਤੇ ਪ੍ਰਮੁੱਖ ਸਕੱਤਰ, ਸਿਹਤ ਵਿਭਾਗ ਪੰਜਾਬ ਨੂੰ ਲਿਖੇ ਪੱਤਰ ਰਾਹੀਂ ਸ਼ਿਕਾਇਤ ਕੀਤੀ ਸੀ ਕਿ ਮਿਤੀ 19-2-2016 ਨੂੰ ਪੁਲਿਸ ਕਰਮਚਾਰੀ ਸੁੱਖਕੰਵਰਪਾਲ ਸਿੰਘ ਦੇ ਸਿਰ ਵਿਚ ਗੋਲੀ ਲੱਗਣ ਕਾਰਨ ਉਸ ਨੂੰ ਰਾਤ ਤਕਰੀਬਨ 9:00 ਵਜੇ ਮੈਕਸ ਹਸਪਤਾਲ ਦੇ ਐਮਰਜੰਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਉੱਥੇ ਮੌਜੂਦ ਡਾਕਟਰਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਰਾਤ ਨੂੰ ਹਸਪਤਾਲ ਦੀ ਰਕਮ ਭਰਨ ਲਈ ਕਹਿੰਦਿਆਂ ਕਹਿ ਦਿੱਤਾ ਕਿ ਇਸ ਦੀ ਮੌਤ ਹੋ ਗਈ ਹੈ। ਸਵੇਰੇ ਵੈਨਟੀਲੇਟਰ ਤੋਂ ਉਤਾਰ ਕੇ ਮ੍ਰਿਤਕ ਸਰੀਰ ਦੇ ਦਿੱਤਾ ਜਾਵੇਗਾ| ਸਹਿ ਪੁਲਿਸ ਕਰਮਚਾਰੀਆਂ ਅਤੇ ਪਰਿਵਾਰ ਦੇ ਮੈਂਬਰਾਂ ਨੇ ਪੈਸੇ ਇਕੱਠੇ ਕਰਕੇ ਭਰ ਦਿੱਤੇ ਅਤੇ ਸ਼ਮਸ਼ਾਨਘਾਟ ਵਿਚ ਲੱਕੜਾਂ ਆਦਿ ਰੱਖ ਦਿੱਤੀਆਂ, ਰਿਸ਼ਤੇਦਾਰਾਂ ਨੂੰ ਸੁਨੇਹੇ ਲਗਾ ਦਿੱਤੇ ਅਤੇ ਦੂਰੋਂ ਨੇੜਿਉਂ ਰਿਸ਼ਤੇਦਾਰ ਆ ਵੀ ਗਏ, ਪਰ ਹੈਰਾਨੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ 16 ਘੰਟਿਆਂ ਬਾਅਦ ਮੈਕਸ ਹਸਪਤਾਲ ਵਿਚੋਂ ਮ੍ਰਿਤਕ ਸਰੀਰ ਦੇਣ ਸਮੇਂ ਪਤਾ ਲੱਗਿਆ ਕਿ ਇਹ ਸੁਖਕੰਵਰਪਾਲ ਸਿੰਘ ਜਿਉਂਦਾ ਹੈ ਅਤੇ ਸਹਿ ਪੁਲਿਸ ਮੁਲਾਜਮਾਂ ਨੇ ਇਸ ਨੂੰ ਤੁਰੰਤ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ, ਜਿੱਥੇ 25-2-2016 ਨੂੰ ਇਸ ਕਰਮਚਾਰੀ ਦੀ ਮੌਤ ਹੋ ਗਈ ਸੀ| ਜੇਕਰ ਸਮੇਂ ਸਿਰ ਮੈਕਸ ਹਸਪਤਾਲ ਵੱਲੋਂ ਇਸ ਦਾ ਇਲਾਜ ਕੀਤਾ ਜਾਂਦਾ ਤਾਂ ਇਹ ਬਚ ਸਕਦਾ ਸੀ|
ਮਿਤੀ 12-4-2016 ਨੂੰ  ਗਠਿਤ ਕੀਤੇ ਗਏ ਬੋਰਡ ਦੇ ਸਾਹਮਣੇ ਕੁਸਲਾ ਵੱਲੋਂ ਆਪਣੀ ਸ਼ਿਕਾਇਤ ਦੀ ਪੁਸ਼ਟੀ ਕੀਤੀ ਅਤੇ ਮੈਕਸ ਹਸਪਤਾਲ ਦੇ ਤਰਫੋਂ ਡਾਕਟਰ ਮਨੋਜ ਨੇ ਕੁਝ ਰਿਕਾਰਡ ਪੇਸ਼ ਕੀਤਾ ਅਤੇ ਬਾਕੀ ਰਿਕਾਰਡ ਅਗਲੀ ਤਾਰੀਖ 22-4-2016 ਨੂੰ ਪੇਸ਼ ਕਰਨ ਲਈ ਕਿਹਾ ਗਿਆ| ਕੁਸਲਾ ਨੇ ਦੱਸਿਆ ਕਿ, ਇਸ ਕੇਸ ਦੀ ਡੁੰਘਾਈ ਵਿਚ ਪੜ੍ਹਤਾਲ ਕਰਵਾਈ ਜਾਵੇਗੀ ਤਾਂ ਜੋ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ|