ਮੀਡੀਆ ਕਰਮੀ, ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦਾ ਜਰੀਆ ਹਨ

mediaਲੋਕ ਸੰਪਰਕ ਅਤੇ ਮੀਡੀਆ ਦੇ ਆਪਸੀ ਸਬੰਧ ਬਹੁਤ ਪੁਰਾਣੇ, ਨਿੱਘੇ, ਅਟੁੱਟ ਅਤੇ ਦੋਪਾਸੜ ਹਨ। ਇਨਾਂ ਦੋਵਾਂ ਦਾ ਪੂਰਕ ਅਤੇ ਦੁਵੱਲਾ ਸਬੰਧ ਆਮ ਜਨਤਾ ਲਈ ਹਮੇਸ਼ਾਂ ਲਾਹੇਵੰਦ ਰਿਹਾ ਹੈ। ਅੱਜ ਦੇ ਤੇਜ ਤਰਾਰ ਜਮਾਨੇ ਵਿਚ ਲੋਕ ਸੰਪਰਕ ਕਰਮੀਆਂ ਨੂੰ ਵਧੇਰੇ ਜਿੰਮੇਵਾਰ, ਚੌਕਸ ਅਤੇ ਪਾਬੰਦ ਹੋ ਕੇ ਵਿਚਰਨਾ ਪਵੇਗਾ। ਇਨਾਂ ਵਿਚਾਰਾਂ ‘ਤੇ ਪਬਲਿਕ ਰਿਲੇਸ਼ਨਜ਼ ਸੁਸਾਇਟੀ ਆੱਫ ਇੰਡੀਆ ਦੇ ਚੰਡੀਗੜ੍ਹ ਚੈਪਟਰ ਵੱਲੋਂ 41ਵੇਂ ਕੌਮੀ ਲੋਕ ਸੰਪਰਕ ਦਿਵਸ ਮੌਕੇ ਮੁਹਰ ਲਗਾਈ ਗਈ। ਸ਼੍ਰੋਮਣੀ ਪੱਤਰਕਾਰ ਅਤੇ ਬਾਬੂਸ਼ਾਹੀ ਖ਼ਬਰ ਵੈੱਬਸਾਈਟ ਦੇ ਸੰਪਾਦਕ ਬਲਜੀਤ ਬੱਲੀ ਨੇ ਆਪਸੀ ਤਾਲਮੇਲ ਵਿਸ਼ੇ ‘ਤੇ ਕਰਵਾਈ ਗੋਸ਼ਟੀ ਵਿਚ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਨੂੰ ਪੁਰਾਤਨ ਮੀਡੀਆ ਤਕਨੀਕ ‘ਤੇ ਹਾਵੀ ਹੁੰਦਾ ਦੱਸਿਆ। ਪ੍ਰਚਲਿਤ ਤਕਨੀਕੀ ਯੁੱਗ ਵਿਚ ਖੰਭਾਂ ਦੀਆਂ ਡਾਰਾਂ ਵਾਲੀ ਕਹਾਵਤ ਸੱਚ ਸਾਬਿਤ ਹੋ ਰਹੀ ਹੈ, ਇਸ ਲਈ ਮੀਡੀਆ ਨੂੰ ਵੱਡੇ ਪੱਧਰ ‘ਤੇ ਲੋਕ ਸੰਪਰਕ ਲਈ ਫੀਡ ਬੈਕ ਪ੍ਰਣਾਲੀ ਨੂੰ ਅਸਰਦਾਰ ਬਨਾਉਣ ‘ਤੇ ਜੋਰ ਦਿੱਤਾ ਗਿਆ। ਜਿਕਰਯੋਗ ਹੈ ਕਿ ਮੌਜੂਦਾ ਯੁੱਗ ਵਿਚ ਸੂਚਨਾ ਦਾ ਆਦਾਨ ਪ੍ਰਦਾਨ ਤੇਜੀ ਨਾਲ ਕਰਨ ਦੀ ਹੋੜ ਜਾਂ ਮੀਡੀਆ ਕਰਮੀਆਂ ਵੱਲੋਂ ਕੀਤੀ ਜਾਂਦੀ ਜਲਦਬਾਜੀ ਦਾ ਸਿੱਟਾ ਜਾਂ ਪਹਿਲ ‘ਤੇ ਖ਼ਬਰ ਦੇਣ ਦੀ ਪ੍ਰਵਿਰਤੀ ਘਾਤਕ ਸਿੱਧ ਹੋ ਸਕਦੀ ਹੈ, ਕਿਉਂਕਿ ਅਜਿਹੇ ਹਾਲਾਤਾਂ ਵਿਚ ਬਿਨਾਂ ਪਰਖੇ ਜਾਂਚੇ ਅਗਾਂਹ ਭੇਜੀ ਗਈ ਸੂਚਨਾ ਦੇ ਗਲਤ ਨਿਕਲਣ ਦੀ ਸੂਰਤ ਵਿਚ ਦੋਵਾਂ ਧਿਰਾਂ ਨੂੰ ਵੱਡਾ ਜੋਖਮ ਉਠਾਉਣਾ ਪੈ ਸਕਦਾ ਹੈ। ਮੀਡੀਆ ਕਰਮੀ ਆਪਣੀ ਜਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦੇ। ਜਿੱਥੇ ਵਿਦੇਸ਼ੀ ਧਰਤੀ ‘ਤੇ ਸਰਕਾਰੀ ਮੀਡੀਆ ਤੋਂ ਇਲਾਵਾ ਪ੍ਰਾਈਵੇਟ ਏਜੰਸੀਆਂ, ਪੇਸ਼ੇਵਰ ਪੱਤਰਕਾਰ ਜਾਂ ਸ਼ੌਂਕੀਆ ਤੌਰ ‘ਤੇ ਪੱਤਰਕਾਰਤਾ ਨਾਲ ਜੁੜ੍ਹੇ ਕਰਮੀ ਜਾਣਕਾਰੀ ਦੇ ਆਦਨ ਪ੍ਰਦਾਨ ਦਾ ਜਰੀਆ ਹਨ, ਉੱਥੇ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦਾ ਵੀ ਸਾਧਨ ਹਨ। ਜਲਸਾ ਧਾਰਮਿਕ ਜਾਂ ਸਮਾਜਿਕ ਹੋਵੇ, ਪਰ ਉੱਥੋਂ ਦੀ ਜਿੰਦਾ ਸਥਿਤੀ ਨਾਲ ਜਾਣੂ ਕਰਵਾਉਣਾ ਫਰਜ ਹੀ ਨਹੀਂ ਬਲਕਿ ਕਿੱਤੇ ਨਾਲ ਵਫਾਦਾਰੀ ਦਾ ਵੀ ਸਵਾਲ ਬਣਦਾ ਹੈ। ਵਿਦੇਸ਼ੀ ਧਰਤੀ ‘ਤੇ ਧਾਰਮਿਕ ਜਾਂ ਸਮਾਜਿਕ ਸਮਾਗਮਾਂ ਦੌਰਾਨ ਕੀਤੇ ਜਾਣ ਵਾਲੇ ਪ੍ਰਚਾਰ ਅਤੇ ਪਾਸਾਰ ਦਾ ਲੇਖਾ ਜੋਖਾ ਮੀਡੀਆ ਕਰਮੀਆਂ ਰਾਹੀਂ ਆਮ ਲੋਕਾਂ ਦੀ ਝੋਲੀ ਵਿਚ ਪੈਂਦਾ ਹੈ ਅਤੇ ਇਸ ਦੌਰਾਨ ਜੇ ਪ੍ਰਚਾਰ ਲੋਕ ਹੱਕੀ ਜਾਂ ਗੁੰਮਰਾਹਕੁੰਨ ਹੋਵੇ ਜਾਂ ਪ੍ਰਚਾਰ ਦੇ ਸਿੱਟੇ ਆਉਣ ਵਾਲੇ ਸਮੇਂ ਵਿਚ ਧਾਰਮਿਕ ਗਤੀਵਿਧੀਆਂ ਉੱਤੇ ਮਾੜਾ ਅਸਰ ਪਾਉਂਦੇ ਹੋਣ, ਤਾਂ ਇਸ ਤੋਂ ਸਪਸ਼ਟ ਰੂਪ ਵਿਚ ਜਾਣੂ ਕਰਵਾਉਣਾ ਵੀ ਮੀਡੀਆ ਕਰਮੀਆਂ ਦੀ ਮੌਲਿਕ ਜਿੰਮੇਵਾਰੀ ਹੈ। ਖਾਸ ਕਰ ਕੇ ਜੇ ਪ੍ਰਚਾਰ ਦੇਸ਼ ਵਿਰੋਧੀ ਹੋਵੇ ਜਾਂ ਦੇਸ਼ ਅਤੇ ਦੇਸ਼ਵਾਸੀਆਂ ਦੀ ਦੇਸ਼ਾਂ ਵਿਦੇਸ਼ਾਂ ਵਿਚ ਅਖੰਡਤਾ ਲਈ ਖਤਰਾ ਹੋਵੇ, ਤਾਂ ਇਸ ਸਬੰਧੀ ਆਪਣਾ ਪ੍ਰਤੀਕਰਮ ਦੇਣਾ ਮੀਡੀਆ ਕਰਮੀਆਂ ਦੀ ਜਿੰਮੇਵਾਰੀ ਹੈ।
ਦੱਸਣਯੋਗ ਹੈ ਕਿ ਧਾਰਮਿਕ ਜਾਂ ਸਮਾਜਿਕ ਸਮਾਗਮਾਂ ਦੌਰਾਨ ਦੇਸ਼ ਵਿਰੋਧੀ ਏਜੰਡਾ ਅਤੇ ਕੂੜ ਪ੍ਰਚਾਰ ਵਿਦੇਸ਼ੀ ਧਰਤੀ ਤੋਂ ਪ੍ਰਾਪਤ ਹੋਣ ਵਾਲੀਆਂ ਸਰਕਾਰੀ ਮਨਜੂਰੀਆਂ ‘ਤੇ ਅਸਰ ਜਰੂਰ ਪਾਵੇਗਾ, ਪਰ ਇਸ ਤੋਂ ਵੀ ਵੱਡਾ ਹਰਜਾਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪੈ ਸਕਦਾ ਹੈ, ਜੇ ਦੇਸ਼ ਵਿਰੁੱਧ ਪ੍ਰਾਪੋਗੰਡਾ ਪ੍ਰਦਰਸ਼ਿਤ ਕਰਨ ਵਾਲੇ ਕਾਰਨ ਅਸੀਂ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਤੋਂ ਟੁੱਟ ਗਏ। ਜਿੱਥੇ ਇਹ ਜਿੰਮੇਵਾਰੀ ਸਮਾਗਮਾਂ ਨੂੰ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਬਣਦੀ ਹੈ, ਉੱਥੇ ਇਸ ਸਬੰਧੀ ਜਾਗਰੂਕਤਾ ਲਈ ਮੀਡੀਆ ਕਰਮੀ ਅੱਗੇ ਆਉਣ ਦਾ ਉਪਰਾਲਾ ਕਰਨ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ