ਮੁੱਠੀ ਭਰ ਲੋਕ ਵੱਖਵਾਦ ਲਹਿਰ ਨੂੰ ਵਿਦੇਸ਼ੀ ਧਰਤੀ ‘ਤੇ ਹਵਾ ਦੇ ਰਹੇ ਹਨ- ਸੁਖਵਿੰਦਰ ਸਿੰਘ

divideਵੱਖਵਾਦੀ ਤਾਕਤਾਂ ਵੱਲੋਂ ਪਾਏ ਜਾਣ ਵਾਲੇ ਰੌਲੇ ਨੂੰ ਸਮਾਜ ਸੇਵੀ ਸੰਸਥਾ ਦੇ ਚੀਫ ਸੁਖਵਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ, ਪੰਜਾਬ ਵਿਚ ਅਜਿਹੀ ਕਿਸੇ ਤਰ੍ਹਾਂ ਦੀ ਵੱਖਵਾਦੀ ਲਹਿਰ ਦਾ ਕੋਈ ਪ੍ਰਚਾਰ, ਪ੍ਰਸਾਰ ਨਹੀਂ ਹੈ ਅਤੇ ਨਾ ਹੀ ਪੰਜਾਬ ਐਸੇ ਮਾਹੌਲ ਨੂੰ ਬਰਦਾਸ਼ਤ ਕਰੇਗਾ। ਉਨ੍ਹਾਂ ਆਪਣੀ ਕੈਨੇਡਾ ਅਤੇ ਅਮਰੀਕਾ ਫੇਰੀ ਦੌਰਾਨ ਤਜੁਰਬੇ ਨੂੰ ਸਾਂਝਾ ਕਰਦਿਆਂ ਕਿਹਾ ਕਿ, ਮੁੱਠੀ ਭਰ ਲੋਕ ਵੱਖਵਾਦ ਲਹਿਰ ਨੂੰ ਵਿਦੇਸ਼ੀ ਧਰਤੀ ‘ਤੇ ਹਵਾ ਦੇ ਰਹੇ ਹਨ, ਜਦੋਂਕਿ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿਚ ਵੀ ਕੱਟੜਪੰਥੀ ਸੋਚ ਦਾ ਕੋਈ ਅਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ, ਪੰਜਾਬ ਨੂੰ ਅੱਤਵਾਦ ਦੀ ਭੱਠੀ ਵਿਚ ਝੌਂਕਣ ਵਾਲੇ ਅੱਜ ਦੇ ਪੰਜਾਬ ਦੀ ਤਰੱਕੀ ਦਾ ਅੰਦਾਜਾ ਵੀ ਨਹੀਂ ਲਗਾ ਸਕਦੇ। ਪੰਜਾਬ ਦਾ ਰਹਿਣ ਸਹਿਣ ਭਾਰਤ ਦੇ ਸਮੂਹ ਸਾਰੇ ਸੂਬਿਆਂ ਤੋਂ ਉੱਤਮ ਰਿਹਾ ਹੈ ਅਤੇ ਜੇ ਅੱਜ ਦੇ ਪੰਜਾਬ ਬਾਰੇ ਇਹ ਪ੍ਰਚਾਰ ਕੀਤਾ ਜਾਵੇ ਕਿ ਪੰਜਾਬ ਪਿਛੋਕੜ ਵੱਲ ਨੂੰ ਜਾ ਰਿਹਾ ਜਾਂ ਪੰਜਾਬ ਵਿਚ ਆਤੰਕਵਾਦ ਦੀ ਹਨੇਰੀ ਆ ਗਈ ਹੈ ਜਾਂ ਆਉਣ ਵਾਲੀ ਹੈ ਤਾਂ ਮੈਂ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ, ਕਿਉਂਕਿ ਪੰਜਾਬ ਵਿਚ ਵੱਡੇ ਉਦਯੋਗ ਪੈਰ ਪਸਾਰ ਰਹੇ ਹਨ ਅਤੇ ਪੰਜਾਬੀ ਵਧੀਆ ਜਿੰਦਗੀ ਜਿਉਂਦੇ ਹਨ। ਆਪਸੀ ਭਾਈਚਾਰੇ ‘ਤੇ ਆਪਣਾ ਦ੍ਰਿਸ਼ਟੀਕੋਣ ਦਰਸਾਉਂਦਿਆਂ ਉਨ੍ਹਾਂ ਕਿਹਾ ਕਿ, ਪੰਜਾਬ ਵਿਚ ਹਿੰਦੂ, ਸਿੱਖ ਏਕਤਾ ਨੂੰ ਨਾ ਕਦੇ ਢਾਹ ਲੱਗੀ ਹੈ ਅਤੇ ਨਾ ਕਦੇ ਲੱਗੇਗੀ। ਸਮੂਹ ਭਾਈਚਾਰਾ ਹਰ ਮੁਸੀਬਤ ਦਾ ਮੂੰਹ ਤੋੜ ਜੁਆਬ ਦਿੰਦਾ ਰਿਹਾ ਹੈ ਅਤੇ ਦਿੰਦਾ ਰਹੇਗਾ। ਉਨ੍ਹਾਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ, ਹਰ ਧਰਮ ਵਿਚ ਕੱਟੜਪੰਥੀ ਸੋਚ ਦੇ ਲੋਕ ਮੌਜੂਦ ਹੁੰਦੇ ਹਨ, ਜੋ ਸ਼ੌਹਰਤ ਹਾਸਲ ਕਰਨ ਅਤੇ ਆਮ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੇ ਰਹਿਣ ਲਈ ਮੀਡੀਆ ਵਿਚ ਆਪਣੇ ਬਿਆਨਾਂ ਰਾਹੀਂ ਸਰਗਰਮ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਹ ਕਹਿਣਾ ਬਿਲਕੁਲ ਗਲਤ ਹੋਵੇਗਾ ਕਿ ਹਿੰਦੂ, ਸਿੱਖਾਂ ਵਿਚ ਆਪਸੀ ਭਾਈਚਾਰੇ ਦੀ ਬਜਾਇ ਮੱਤਭੇਦ ਹਾਵੀ ਹਨ ਅਤੇ ਜੇ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਕਿਸੇ ਨਾ ਕਿਸੇ ਕਾਰਨਵਸ਼ ਪੰਜਾਬ ਦੇ ਖਿੱਤੇ ਵਿਚ ਅਜਿਹਾ ਕੋਈ ਮੱਤਭੇਦ ਰਿਹਾ ਹੋਵੇਗਾ ਤਾਂ ਵੀ ਅੱਜ ਦੇ ਸਮੇਂ ਦੌਰਾਨ ਅਜਿਹੀ ਵਿਚਾਰਧਾਰਾ ਜੜੋਂ ਖਤਮ ਹੋ ਚੁੱਕੀ ਹੈ। ਹਿੰਦੂ, ਸਿੱਖ ਆਪਣੀਆਂ ਭਾਵਨਾਵਾਂ ਅਤੇ ਧਾਰਮਿਕ ਰੀਤੀ ਰਿਵਾਜਾਂ ਨੂੰ ਪੰਜਾਬ ਦੀ ਧਰਤੀ ਉੱਤੇ ਇਕਮੁੱਠਤਾ ਅਤੇ ਪੂਰਨ ਅਜਾਦੀ ਨਾਲ ਨਿਭਾਉਂਦੇ ਹਨ। ਆਪਸੀ ਮੱਤਭੇਦ ਦਾ ਕੋਈ ਸਵਾਲ ਹੀ ਨਹੀਂ, ਕਿਉਂਕਿ ਸਮੂਹ ਭਾਰਤ ਬਹਸੰਸਕ੍ਰਿਤੀਆਂ ਅਤੇ ਬਹੁ ਧਰਮਾਂ ਦਾ ਸਤਿਕਾਰ ਕਰਨ ਵਾਲੀ ਧਰਤੀ ਹੈ।