Advertisement
Advertisement

ਰਿਫਰੈਂਡਮ 2020 ਦਾ ਦਾਇਰਾ ਸਾਰਾ ਪੁਰਾਤਨ ਪੰਜਾਬ ਹੋਣਾ ਲਾਜਮੀ ਹੈ, ਨਾ ਕਿ ਸਿਰਫ ਆਧੁਨਿਕ ਪੰਜਾਬ ਤੱਕ ਸੀਮਤ – ਸਤਵਿੰਦਰ ਮਿਆਣੀ

ਕੀ ਸਿੱਖ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਵਾਪਸ ਨਹੀਂ ਲੈਣਾ ਚਾਹੁੰਦੇ?

punjabਇਹਨੀ ਦਿਨੀਂ ਪੰਜਾਬ ਵਿਚ ਅੰਤਰਰਾਸ਼ਟਰੀ ਸਿੱਖਾਂ ਵੱਲੋਂ ਬੜੇ ਜੋਸ਼ ਨਾਲ ਰਿਫਰੈਂਡਮ 2020 ਚਲਾਇਆ ਜਾ ਰਿਹਾ ਹੈ, ਜੋ ਕਿ ਖਾਲਿਸਤਾਨ ਦੀ ਹੌਂਦ ‘ਤੇ ਅਧਾਰਿਤ ਹੈ ਅਤੇ ਇਹ ਵੀ ਸੱਚ ਹੈ ਕਿ ਸਿੱਖਾਂ ਦਾ ਇਕ ਬਹੁਤ ਵੱਡਾ ਹਿੱਸਾ ਇਸ ਸੋਚ ਅਤੇ ਪ੍ਰੋਗਰਾਮ ਨਾਲ ਸਹਿਮਤੀ ਵੀ ਪ੍ਰਗਟ ਕਰਦਾ ਹੈ, ਪ੍ਰੰਤੂ ਸਵਾਲ ਇਹ ਉੱਠਦਾ ਹੈ ਕਿ ਇਹ ਸਾਰਾ ਪ੍ਰੋਗਰਾਮ ਜੋ ਉਲੀਕਿਆ ਗਿਆ ਹੈ ਇਹ ਕੇਵਲ ਭਾਰਤੀ ਪੰਜਾਬ ਨਾਲ ਹੀ ਕਿਉਂ ਸਬੰਧਿਤ ਹੈ, ਹਰ ਸਿੱਖ ਆਪਣੀ ਅਰਦਾਸ ਵਿਚ ਸ੍ਰੀ ਨਨਕਾਣਾ ਸਾਹਿਬ ਨੂੰ ਜਰੂਰ ਯਾਦ ਕਰਦਾ ਹੈ, ਫਿਰ ਪਾਕਿ ਸਬੰਧਿਤ ਪੰਜਾਬ ਵਿਚ ਰਿਫਰੈਂਡਮ ਕਿਉਂ ਨਹੀ ਕਰਵਾਇਆ ਜਾਂਦਾ। ਇਸਦੇ ਨਾਲ ਹੀ ਹਿਮਾਚਲ ਅਤੇ ਹਰਿਆਣਾ ਵਿਚ ਵੀ ਇਹ ਹੋਣਾ ਚਹੀਦਾ ਹੈ ਤਾਂ ਕਿ ਉੱਥੇ ਦੇ ਸਿੱਖ ਭਾਈਚਾਰੇ ਨੂੰ ਵੀ ਇਕ ਸੰਪੂਰਨ ਪੰਜਾਬ ਦੀ ਹੌਦ ਦਾ ਅਹਿਸਾਸ ਕਰਵਾਇਆ ਜਾ ਸਕੇ, ਕਿਉਂਕਿ ਭਾਰਤ ਤੇ ਪਾਕਿ ਦੋਨਾਂ ਹੀ ਹਕੂਮਤਾਂ ਨੂੰ ਇਹ ਅਹਿਸਾਸ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ 1947 ਵਿਚ ਜਿਨਾਹ ਅਤੇ ਗਾਂਧੀ ਦੀ ਰਾਜਨੀਤੀ ਰਾਹੀਂ ਸਿੱਖ ਲੀਡਰਾਂ ਨੂੰ ਧੋਖਾ ਦਿਤਾ ਸੀ ਅਤੇ ਹਜਾਰਾਂ ਸਿੱਖ ਅਤੇ ਪੰਜਾਬੀ ਪਰਿਵਾਰਾਂ ਦਾ ਉਜਾੜ ਕੀਤਾ ਸੀ। ਇਹ ਹੀ ਬੱਸ ਨਹੀਂ ਜਿਸ ਸਮੇਂ ਸਾਕਾ ਨੀਲਾ ਤਾਰਾ ਕੀਤਾ ਗਿਆ ਉਸ ਸਮੇਂ ਵੀ ਪਾਕਿ ਸਰਕਾਰ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਾਂ ਦਾ ਕੋਈ ਵੀ ਸਾਥ ਨਹੀਂ ਦਿੱਤਾ ਗਿਆ, ਕਿਉਂਕਿ ਉਹ ਇਸ ਨਾਲ ਸਬੰਧਿਤ ਰਾਜਨੀਤੀ ਤੋਂ ਵਾਕਿਫ ਸਨ ਅਤੇ ਸਾਕਾ ਨੀਲਾ ਤਾਰਾ ਸਮੇਂ ਸਿਆਚਨ ਵਿਚ ਅੰਦਰ ਖਾਤੇ ਅਪਚੀ ਖਿਚੜੀ ਪਕਾ ਰਹੇ ਸਨ। ਪਾਕਿਸਤਾਨ ਵਿਚਲਾ ਪੰਜਾਬ ਸਾਡਾ ਹੱਕ ਹੈ, ਕਿਉਂਕਿ ਉੱਥੇ ਸ੍ਰੀ ਨਨਕਾਣਾ ਸਾਹਿਬ ਅਤੇ ਸਿੱਖ ਧਰਮ ਦੀ ਜਨਮ ਭੂਮੀ ਹੈ ਅਤੇ ਕੋਈ ਵੀ ਧਰਮ ਆਪਣੀ ਜਨਮ ਭੂਮੀ ਤੋਂ ਬਿਨਾਂ ਅਧੂਰਾ ਹੈ। ਹਰ ਧਰਮ ਕੋਲ ਆਪਣਾ ਜਨਮ ਅਸਥਾਨ ਜਾਂ ਧਰਮ ਦੇ ਅਗਮਨ ਨਾਲ ਜੁੜੀਆਂ ਧਾਰਮਿਕ ਚੀਜਾਂ ਮੌਜੂਦ ਹਨ, ਫਿਰ ਸਿਰਫ ਸਿੱਖ ਧਰਮ ਨੂੰ ਹੀ ਕਿਉਂ ਇਹ ਅਧਿਕਾਰ ਨਹੀਂ ਮਿਲ ਰਿਹਾ। ਇਸਦਾ ਸਾਫ ਜਵਾਬ ਇਹੀ ਨਿਕਲਦਾ ਹੈ ਕਿ ਪਾਕਿ ਤੇ ਭਾਰਤ ਦੋਨੋਂ ਹੀ ਖਾਲਿਸਤਾਨ ਦੀ ਹੌਂਦ ਨੂੰ ਸਵੀਕਾਰ ਨਹੀਂ ਕਰਦੇ, ਜਿਵੇਂ ਕਸ਼ਮੀਰ ਵਿਚ ਅਗਰ ਕਦੇ ਰਿਫਰੈਂਡਮ ਦੀ ਗੱਲ ਹੁੰਦੀ ਹੈ ਤਾਂ ਭਾਰਤ ਵੱਲੋਂ ਪੂਰੇ ਕਸ਼ਮੀਰ ਪੁਰਾਤਨ ਕਸ਼ਮੀਰ ਵਿਚ ਰਿਫਰੈਂਡਮ ਦੀ ਗੱਲ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਪਾਕਿ ਨੁੰ ਚੁੱਪ ਕਰਵਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਦੋਨੋਂ ਮੁਲਕ ਕਿਸੇ ਵੀ ਕੀਮਤ ‘ਤੇ ਕਸ਼ਮੀਰ ਅਤੇ ਖਾਲਿਸਤਾਨ ਨੂੰ ਕਦੇ ਵੀ ਸੁਤੰਤਰ ਨਹੀਂ ਹੋਣ ਦੇਣਗੇ ਕਿਉਂਕਿ ਦੋਨੋਂ ਹੀ ਆਪਣੀ ਆਪਣੀ ਰਾਜਨੀਤੀ ਵਿਚ ਖੋਟ ਰੱਖਦੇ ਹਨ। ਵੈਸੇ ਕਸ਼ਮੀਰੀ ਲੋਕ ਸਿੱਖਾਂ ਦੇ ਮੁਕਾਬਲੇ ਵਧੇਰੇ ਸੰਘਰਸ਼ੀਲ ਹਨ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਪ੍ਰੰਤੂ 1984 ਵਿਚ ਸਿੱਖਾਂ ‘ਤੇ ਜੁਲਮਾਂ ਸਮੇਂ ਕਸ਼ਮੀਰੀ ਲੋਕਾਂ ਵੱਲੋਂ ਵੀ ਪੰਜਾਬੀਆਂ ਦੀ ਕੋਈ ਖੁਲ੍ਹ ਕੇ ਹਿਮਾਇਤ ਨਹੀਂ ਕੀਤੀ ਗਈ ਜੋ ਕਿ ਇਕ ਬਹੁਤ ਵੱਡਾ ਤਕਨੀਕੀ ਪ੍ਰਸ਼ਨ ਚਿੰਨ੍ਹ ਹੈ। ਖੈਰ ਆਸ ਹੈ ਕਿ ਸਿੱਖਾਂ ਦੇ ਅਜੋਕੇ ਲੀਡਰ ਗੰਭੀਰਤਾ ਨਾਲ ਸੋਚਦੇ ਹੋਏ ਸੰਪੂਰਨ ਪੰਜਾਬ ਦੇ ਮੁੱਦੇ ‘ਤੇ ਵਿਚਾਰ ਕਰਨਗੇ ਅਤੇ ਉਹਨਾਂ ਸਾਰੇ ਪੰਜਾਬੀਆਂ ਦੀ ਗੱਲ ਕਰਨਗੇ ਜੋ ਕਿ ਭਾਰਤ ਪਾਕਿ ਪੰਜਾਬ ਅਤੇ ਫਿਰ ਹਿਮਾਚਲ ਹਰਿਆਣਾ ਵਿਚ ਰਾਜਨੀਤਿਕ ਸਾਜਿਸ਼ਾਂ ਨਾਲ ਵੰਡ ਦਿੱਤੇ ਗਏ।