ਲੋਕਾਂ ਦੀਆਂ ਭਾਵਨਾਵਾਂ ਦਾ ਲਾਹਾ ਲੈਣ ਵਾਲੇ ਵੱਖਵਾਦ ਦੀ ਚੰਗਿਆੜੀ ਫੂਕਦੇ ਹਨ – ਗੁਰਬਚਨ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੁਰਬਚਨ ਸਿੰਘ ਬਚਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੁਰਬਚਨ ਸਿੰਘ ਬਚਨ

ਵਿਦੇਸ਼ਾਂ ਵਿਚ ਬੈਠੇ ਸਿੱਖ ਭਾਈਚਾਰੇ ਨਾਲ ਸਬੰਧਿਤ ਕੁਝ ਲੋਕ ਨਫਰਤ ਵੇਚਣ ਦਾ ਕੰਮ ਬਾਖੂਬੀ ਨਿਭਾਅ ਰਹੇ ਹਨ। ਲੋਕਾਂ ਦੀਆਂ ਭਾਵਨਾਵਾਂ ਦਾ ਲਾਹਾ ਲੈਣ ਵਾਲੇ ਵੱਖਵਾਦ ਦੀ ਚੰਗਿਆੜੀ ਫੂਕ ਰਹੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੁਰਬਚਨ ਸਿੰਘ ਬਚਨ ਨੇ ਕੀਤਾ। ਉਨ੍ਹਾਂ ਕਿਹਾ ਕਿ, ਖਾਲਿਸਤਾਨ ਦੀ ਗੱਲ ਕਰਨਾ ਅਣਲੋੜਿਆ ਵਾਰਤਾਲਾਪ ਹੈ। ਉਨ੍ਹਾਂ ਕਿਹਾ ਕਿ, ਕੁਝ ਲੋਕਾਂ ਨੂੰ ਵਿਦੇਸ਼ੀ ਧਰਤੀ ‘ਤੇ ਚੰਦ ਮਾਲੀ ਸਹਾਇਤਾ ਬਦਲੇ ਪੰਜਾਬ ਦੇ ਮਸਲੇ ਅਤੇ ਖਾਲਿਸਤਾਨ ਦਾ ਮੁੱਦਾ ਭੜਕਾਉਣ ਦੀ ਜਿੰਮੇਵਾਰੀ ਸੌਂਪੀ ਗਈ ਹੈ। ਸਾਨੂੰ ਇਨ੍ਹਾਂ ਲੋਕਾਂ ਦਾ ਮਕਸਦ ਅਤੇ ਇਨ੍ਹਾਂ ਦੀ ਸੋਚ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ, ਖਾਲਿਸਤਾਨ ਬਨਾਉਣ ਲਈ ਖਾਲਸ ਹੋਣਾ ਜਰੂਰੀ ਹੈ। ਸਾਨੂੰ ਅਜਿਹੇ ਲੋਕਾਂ ਦੀ ਲੋੜ ਹੈ ਜਿਨ੍ਹਾਂ ਦਾ ਆਚਰਣ ਉੱਚਾ ਹੋਵੇ। ਪਾਕਿਸਤਾਨ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ, ਭਾਰਤ ਨਾਲੋਂ ਵੱਖਰਾ ਹੋ ਕੇ ਪਾਕਿਸਤਾਨ ਅੱਜ ਕਿਸ ਹਾਲਾਤ ਵਿਚੋਂ ਗੁਜਰ ਰਿਹਾ ਹੈ, ਇਹ ਦੱਸਣ ਦੀ ਲੋੜ ਨਹੀਂ। ਪਾਕਿਸਤਾਨ ਵਿਚ ਵਿਕਾਸ ਦਰ ਨਾਂਹ ਦੇ ਬਰਾਬਰ ਹੈ ਅਤੇ ਅਰਥ ਵਿਅਸਥਾ ਡਾਂਵਾਂਡੋਲ ਹੈ। ਵਿਦੇਸ਼ਾਂ ਵਿਚ ਬੈਠੇ ਗਰਮ ਖਿਆਲੀ, ਪੰਜਾਬ ਅੰਦਰ ਵੱਖਵਾਦ ਦਾ ਢੰਡੋਰਾ ਪਿੱਟ ਰਹੇ ਹਨ। ਗੁਰਬਚਨ ਸਿੰਘ ਨੇ ਕਿਹਾ ਕਿ, ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਅਤੇ ਪੰਜਾਬ ਖਿਲਾਫ ਨਜਾਇਜ ਪ੍ਰਾਪੋਗੰਡਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ 1984 ਦੇ ਕਾਲੇ ਦਿਨਾਂ ਦੌਰਾਨ ਉਹ ਪੰਜਾਬ ਵਿਚ ਹੀ ਸਨ ਅਤੇ ਉਸ ਵਕਤ ਵੀ ਪੰਜਾਬ ਵਿਚ ਹਿੰਦੂ ਅਤੇ ਸਿੱਖ ਭਾਈਚਾਰਾ ਅਮਨ ਸ਼ਾਂਤੀ ਨਾਲ ਰਹਿ ਰਿਹਾ ਸੀ। ਭਾਰਤ ਵਿਚ ਹਿੰਦੂ ਸਿੱਖਾਂ ਵਿਚਕਾਰ ਦੰਗੇ ਨਹੀਂ ਹੋਏ, ਕਿਉਂਕਿ ਇਨ੍ਹਾਂ ਵਿਚਕਾਰ ਇਕ ਭਾਈਚਾਰਕ ਸਾਂਝ ਹੈ। 1984 ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ‘ਤੇ ਆਰਥਿਕ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ, ਪੰਜਾਬ ਨਾਲ ਪਹਿਲਾ ਧੱਕਾ 1947 ਵਿਚ ਹੋਇਆ, ਜਦੋਂ ਪੰਜਾਬ ਦੀ ਵੰਡ ਕਰ ਕੇ ਪਾਕਿਸਤਾਨ ਬਣਿਆ ਅਤੇ ਉਸ ਤੋਂ ਬਾਅਦ 1966 ਵਿਚ ਰਾਜਾਂ ਨੂੰ ਤਰਤੀਬਬਧ ਕਰਨ ਲਈ ਪੰਜਾਬ ਨੂੰ ਮੁੜ ਵੰਡਿਆ ਗਿਆ। ਜਿਸਦਾ ਵੱਡਾ ਹਿੱਸਾ ਹਿਮਾਚਲ ਪ੍ਰਦੇਸ ਵਿਚ ਚਲਾ ਗਿਆ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ