ਲੱਠਾ ਬੰਦਾ : ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ

ਇਕ ਸੱਜਰੇ ਲੇਖਕ ਬਣੇ ਮਿੱਤਰ ਨਾਲ ਮੁਲਾਕਾਤ ਹੋਈ ਤਾਂ ਗੱਲਾਂ-ਗੱਲਾਂ ਵਿੱਚ ਚਿਹਰੇ ‘ਤੇ ਨਿਰਾਸ਼ਾਜਨਕ ਹਾਵ-ਭਾਵ ਦਰਸਾਉਂਦਾ ਹੋਇਆ ਉਹ ਝੋਰਾ ਕਰਨ ਲੱਗਾ ਕਿ ਪੰਜਾਬੀ ਜ਼ੁਬਾਨ ਕੋਲ ਪਾਠਕ ਘੱਟ ਤੇ ਲੇਖਕ ਬਹੁਤੇ ਹੋ ਗਏ ਹਨ। ਉਸਦਾ ਗਿਲਾ ਸੀ ਕਿ ਇਸ ਅਵਸਥਾ ਵਿਚ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਨੂੰ ਕੌਣ ਪੜ੍ਹੇਗਾ?
ਮੈਂ ਉਸਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ, ਲੇਖਕਾਂ ਦੀ ਬਹੁਤਾਤ ਹੋਣਾ ਤਾਂ ਸ਼ੁਭ-ਸ਼ਗਨ ਹੈ। ਜਿੰਨੇ ਜ਼ਿਆਦਾ ਲੇਖਕ ਪੈਦਾ ਹੋਣਗੇ, ਪੰਜਾਬੀ ਸਾਹਿਤ ਦਾ ਮਿਆਰ ਓਨਾ ਉੱਚਾ ਹੋਵੇਗਾ। ਮੁਕਾਬਲੇ ਦੀ ਭਾਵਨਾ ਪੈਦਾ ਹੋਣ ਨਾਲ ਲੇਖਕ ਵੱਧ ਮਿਹਨਤ ਕਰਨਗੇ। ਵੱਧ ਮਿਹਨਤ ਕਰਨਗੇ ਤਾਂ ਨਿਰਸੰਦੇਹ ਵਧੀਆ, ਉਮਦਾ ਤੇ ਉੱਚ ਪਾਏ ਦਾ ਸਾਹਿਤ ਰਚਿਆ ਜਾਵੇਗਾ। ਮੈਂ ਕਿਹਾ ਰਚਨਾ ਵਿਚ ਦਮ ਹੋਣਾ ਚਾਹੀਦਾ ਹੈ। ਪਾਠਕ ਆਪੇ ਪੜ੍ਹ ਲੈਂਦਾ ਹੈ। ਪਸੰਦੀਦਾ ਲੇਖਕਾਂ ਦੀਆਂ ਰਚਨਾਵਾਂ ਤਾਂ ਪਾਠਕ ਲੱਭ-ਲੱਭ ਪੜ੍ਹਦੇ ਹਨ, ਬੱਸ ਕਲਮ ਵਿਚ ਜਾਨ ਹੋਣੀ ਚਾਹੀਦੀ ਹੈ। ਮੇਰੇ ਇਸ ਤੱਥ ਨੂੰ ਪੰਜਾਬੀ ਦੇ ਕਈ ਸਮਰਥਾਵਾਨ ਲੇਖਕਾਂ ਨੇ ਭੂਤਕਾਲ ਵਿੱਚ ਸਿੱਧ ਕੀਤਾ ਵੀ ਹੈ ਤੇ ਅੱਗੋਂ ਭਵਿੱਖ ਵਿੱਚ ਕਰਦੇ ਵੀ ਰਹਿਣਗੇ।
ਅਜਿਹੀ ਹੀ ਇਕ ਜਾਨਦਾਰ ਕਲਮ ਬਾਰੇ ਤੁਹਾਡੇ ਕੋਲ ਜ਼ਿਕਰ ਕਰਨ ਜਾ ਰਿਹਾ ਹਾਂ।  ਸਮਝ ਨਹੀਂ ਲੱਗਦੀ ਉਸ ਹਰਫਨ ਮੌਲਾ ਇਨਸਾਨ ਨੂੰ ਸਰਵਣ ਸਿੰਘ ਸੰਧੂ ਆਖਾਂ, ਸਰਵਣ ਸਿੰਘ ਢੁੱਡੀਕੇ ਕਹਾਂ, ਪ੍ਰਿੰਸੀਪਲ ਸਰਵਣ ਸਿੰਘ ਲਿਖਾਂ, ਕੁਮੈਂਟੇਟਰ ਸਰਵਣ ਸਿੰਘ ਬੋਲਾਂ ਜਾਂ ਖੇਡ ਲੇਖਕ ਸਰਵਣ ਸਿੰਘ ਸੱਦਾਂ। ਭਗਵਾਨ ਕ੍ਰਿਸ਼ਨ ਵਾਂਗੂੰ ਇਹ ਅਨੇਕਾਂ ਹੀ ਨਾਮ ਇਸ ਇਕ ਸ਼ਖਸੀਅਤ ਨਾਲ ਜੁੜ੍ਹਦੇ ਹਨ ਪਰ ਆਮ ਤੌਰ ‘ਤੇ ਉਹ ਖੇਡ ਲੇਖਕ ਵਜੋਂ ਮਕਬੂਲ ਹੈ। ਇਹ ਵਖਰੀ ਗੱਲ ਹੈ ਕਿ ਸਾਹਿਤਕਾਰ ਉਸਨੂੰ ਸਾਹਿਤਕਾਰ ਨਹੀਂ ਸਿਹਤਕਾਰ ਮੰਨਦੇ ਹਨ ਪਰ ਉਹ ਇਹਦੇ ਨਾਲ ਵੀ ਖੁਸ਼ ਹੈ।
ਕੱਸਕੇ ਬੰਨ੍ਹੀ ਨੀਲੀ ਪੱਗ, ਅੱਖਾਂ ਤੇ ਐਨਕ, ਚਿਹਰੇ ‘ਤੇ ਜਲੌਅ, ਬੰਗਾਲੀ ਚੀਤੇ ਵਰਗੇ ਚੁਸਤ ਫੁਰਤੀਲਾ ਬਦਨ ਤੇ 85% ਚਿੱਟੀ ਅਤੇ 15% ਕਾਲੀ ਦਾੜੀ ਵਾਲਾ ਛੇ ਫੁੱਟ ਦੇ ਨੇੜ-ਤੇੜ ਦਾ ਇਹ ਸ਼ਖਸ ਜਦੋਂ ਕਿਸੇ ਖੇਡ ਦੇ ਮੈਦਾਨ ਵਿਚ ਫਿਰਦਾ ਹੋਵੇ ਤਾਂ ਲੋਕ ਦੂਰੋਂ ਪਹਿਚਾਣ ਕੇ ਕਹਿ ਦਿੰਦੇ ਹਨ, “ਔਹ ਸਰਵਣ ਸਿਉਂ ਔਂਦੈ ਬਈ!”
ਪ੍ਰਿੰਸੀਪਲ ਸਰਵਣ ਸਿੰਘ ਦੀ ਪਹਿਚਾਣ ਆਉਂਦੀ ਨਹੀਂ, ਸਗੋਂ ਉਸ ਨੇ ਆਪਣੀ ਵੱਖਰੀ ਪਹਿਚਾਣ ਵਰ੍ਹਿਆਂ ਦੀ ਮਿਹਨਤ ਅਤੇ ਲਗਨ ਨਾਲ ਘਾਲਣਾ ਘਾਲ ਕੇ ਬਣਾਈ ਹੈ। ਪਿਛਲੇ ਪੈਂਤੀ ਚਾਲੀ ਸਾਲਾਂ ਤੋਂ ਉਸਦੀ ਕਲਮ ਦਾ ਹਲ੍ਹ ਕਦੇ ਤੇਜ਼ ਕਦੇ ਮੱਠੀ ਤੋਰ ਕਾਗਜ਼ ਦੀ ਹਿੱਕ ’ਤੇ ਇਬਾਰਤ ਦਾ ਸਿਆੜ ਕੱਢਦਾ ਆ ਰਿਹਾ ਹੈ। ਉਸ ਨੇ ਪੰਜਾਬੀ ਸਾਹਿਤ ਨੂੰ ਆਪਣੀ ਵਿਲੱਖਣ ਲੇਖਣੀ ਨਾਲ 10-12 ਪੁਸਤਕਾਂ (ਪੰਜਾਬ ਦੇ ਖਿਡਾਰੀ, ਖੇਡ ਸੰਸਾਰ, ਖੇਡ ਮੈਦਾਨ ’ਚੋਂ, ਉਲਿੰਪਕ ਖੇਡਾਂ, ਪੰਜਾਬ ਦੀਆਂ ਦੇਸੀ ਖੇਡਾਂ, ਖੇਡ ਜਗਤ ਦੀਆਂ ਬਾਤਾਂ, ਅੱਖੀ ਵੇਖ ਨਾ ਰੱਜੀਆਂ, ਪਿੰਡ ਦੀ ਸਥ ਚੋਂ, ਬਾਤਾਂ ਵਤਨ ਦੀਆਂ, ਭਾਰਤ ਵਿਚ ਹਾਕੀ ਆਦਿ) ਦਾ ਯੋਗਦਾਨ ਪਾ ਕੇ ਅਮੀਰ ਕੀਤਾ ਹੈ।
ਭਾਵੇਂ ਕਿ ਪ੍ਰਿੰਸੀਪਲ ਸਰਵਣ ਸਿੰਘ ਵਿਚ ਕਹਾਣੀਕਾਰ ਬਣਨ ਦਾ ਮਾਦਾ ਸੀ ਪਰ ਉਸ ਨੇ ਗਲਪਕਾਰ ਬਣਨ ਨਾਲੋਂ ਖੇਡ ਲੇਖਕ ਬਣਨ ਨੂੰ ਜ਼ਿਆਦਾ ਤਰਜ਼ੀਹ ਦਿਤੀ ਹੈ। ਆਪਣੇ ਅੰਦਰ ਫੁੱਟਦੀ ਕਵਿਤਾ ਨੂੰ ਮਾਰ ਕੇ ਉਹ ਖੇਡਾਂ ਅਤੇ ਖਿਡਾਰੀਆਂ ਦੀ ਬਾਤਾਂ ਪਾਉਂਦਾ ਰਿਹਾ।
ਅੱਜ ਪ੍ਰਿੰਸੀਪਲ ਸਰਵਣ ਸਿੰਘ ਕਿਸੇ ਤੁਅਰਫ ਅਥਵਾ ਜਾਣ-ਪਹਿਚਾਣ ਦਾ ਮੁਹਥਾਜ਼ ਨਹੀਂ ਹੈ। ਪੰਜਾਬੀ ਖੇਡ ਸਾਹਿਤ ਨੂੰ ਉਸ ਨੇ ਬਹੁਤ ਵੱਡੀ ਦੇਣ ਦਿੱਤੀ ਹੈ ਤੇ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਪੰਜਾਬੀ ਸਾਹਿਤ ਅਤੇ ਸਾਹਿਤ ਪ੍ਰੇਮੀਆਂ ਨੇ ਪ੍ਰਿੰਸੀਪਲ ਸਰਵਣ ਸਿੰਘ ਦੇ ੳੁੱਦਮ ਨੂੰ ਅਣਗੌਲਿਆ ਵੀ ਨਹੀਂ ਕੀਤਾ। ਜਿਸ ਦਾ ਵੱਡਾ ਸਬੂਤ ਇਹ ਹੈ ਕਿ ਉਹ ਕਦੇ ਇਕ ਥਾਂ ‘ਤੇ ਟਿੱਕਿਆ ਬੈਠਾ ਨਹੀਂ ਮਿਲੇਗਾ। ਜੇ ਅੱਜ ਪ੍ਰਿੰਸੀਪਲ ਸਰਵਣ ਸਿੰਘ ਪੰਜਾਬ ‘ਚ ਹੈ ਤਾਂ ਭਲਕੇ ਇੰਗਲੈਂਡ ਵਿੱਚ ਮਿਲੇਗਾ, ਜੇ ਅੱਜ ਇੰਗਲੈਂਡ ਵਿੱਚ ਹੈ ਤਾਂ ਕੱਲ੍ਹ ਨੂੰ ਉਹਦੀ ਠਾਹਰ ਕੈਨੇਡਾ ਵਿੱਚ ਹੋਵੇਗੀ।
ਜ਼ਿਲ੍ਹਾ ਲੁਧਿਆਣੇ ਦੇ ਪਿੰਡ ਚੱਕਰ ਦੇ ਸਧਾਰਨ ਕਿਸਾਨ ਪਰਿਵਾਰ ਵਿਚ ਜੂਨ/ਜੁਲਾਈ 1940 ਵਿਚ ਜਨਮ ਹੋਇਆ ਸੀ ਪ੍ਰਿੰਸੀਪਲ ਸਰਵਣ ਸਿੰਘ ਦਾ। ਉਹਨਾਂ ਦਾ ਪਿਤਾ ਕਾਮਰੇਡ ਸੀ ਤੇ ਦਾਦਾ ਅਕਾਲੀ। ਆਪਣੇ ਜਨਮ ਬਾਰੇ ਸਹੀ ਤਾਰੀਕ ਉਸ ਨੂੰ ਪੁੱਛੋ ਤਾਂ ਉਹ ਦੱਸੇਗਾ, “ਪਿੰਡ ਦੇ ਚੌਕੀਦਾਰ ਨੇ ਮੇਰੀ ਜਨਮ ਤਾਰੀਖ 8 ਜੁਲਾਈ 1940 ਦਰਜ ਕਰਾਈ ਹੋਈ ਹੈ। ਮੇਰੇ ਮਾਪੇ ਮੇਰਾ ਜਨਮ ਹਾੜ੍ਹ ਦੇ ਪਿਛਲੇ ਪੱਖ ਦਾ ਦੱਸਦੇ ਸਨ। ਜਨਮ ਤਾਰੀਖ ਦਰਜ ਕਰਾਉਣ ਲੱਗਿਆਂ ਪੰਜ ਸੱਤ ਦਿਨ ਏਧਰ ਓਧਰ ਹੋ ਜਾਣੇ ਮਾਮੂਲੀ ਗੱਲ ਹੈ। ਸਕੂਲ ਦੇ ਦਾਖਲੇ ਵੇਲੇ ਮੇਰੀ ਜਨਮ ਮਿਤੀ 20 ਜੂਨ 1940 ਲਿੱਖੀ ਗਈ ਸੀ, ਜੋ ਮੇਰੇ ਪੜ੍ਹਾਈ ਦੇ ਸਰਟੀਫਿਕੇਟਾਂ ’ਤੇ ਨੌਕਰੀ ਲਈ ਵਰਤੀ ਜਾਂਦੀ ਰਹੀ। ਮੈਨੂੰ ਲੱਗਦਾ ਹੈ ਕਿ ਮੇਰਾ ਜਨਮ 20 ਜੂਨ ਤੋਂ 8 ਜੁਲਾਈ ਦੇ ਵਿਚਕਾਰ ਹੀ ਕਿਸੇ ਦਿਨ ਹੋਇਆ ਹੋਵੇਗਾ।”
ਵਰਣਨਯੋਗ ਹੈ ਕਿ ਪਿੰਡ ਚੱਕਰ ਦੀ ਮੋੜ੍ਹੀ ਮੁਕਲ ਚੰਦ ਨਾਂ ਦੇ ਰਾਜਪੂਤ ਨੇ ਗੱਡੀ ਸੀ। ਬਾਬਾ ਫਰੀਦ ਦੇ ਆਗਮਨ ਤੋਂ ਕੁਝ ਸਮਾਂ ਪਹਿਲਾਂ ਉਹ ਸਾਡੇ ਸਿੱਧੂ ਬਰਾੜਾਂ ਦੇ ਵੰਸ਼ਬਾਨੀ ਜੈਸਲ ਰਾਏ ਭੱਟੀ ਦੀ ਵਸਾਈ ਨਗਰੀ ਜੈਸਲਮੇਰ ਤੋਂ ਚੱਲਿਆ ਤੇ ਥੇਹਾਂ ਵਾਲੇ ਇਤਿਹਾਸਕ ਨਗਰ ਹਠੂਰ ਕੋਲ ਵਸ ਗਿਆ। ਹਠੂਰ ਤੋਂ ਪਿੰਡ ਚੱਕਰ, ਸਿਰਫ ਪੰਜ ਕਿਲੋਮੀਟਰ ਹੈ ਤੇ ਲਗਭਗ ਏਨੀ ਕੁ ਦੂਰ ਹੀ ਮਹਿਦੀਆਣੇ ਦੇ ਗੁਰਦਵਾਰਾ ਸਾਹਿਬ ਤੋਂ ਵੀ ਹੈ। ਸਾਡਾ ਸ਼ਹਿਰ ਜਗਰਾਓਂ ਤੇ ਨਾਨਕਸਰ ਕਲੇਰਾਂ ਵੀ ਇਥੋਂ ਮਸਾਂ ਵੀਹ ਕੁ ਕਿਲੋਮੀਟਰ ਹਨ।
ਮੁਕਲ ਚੰਦ ਦੀ ਚੌਥੀ ਪੀੜ੍ਹੀ ਦੇ ਮੁੱਖੀ ਦਾ ਨਾਂ ਤੁਲਸੀ ਦਾਸ ਸੀ। ਜਿਸ ਨੇ ਇਸਲਾਮ ਧਰਮ ਧਾਰਨ ਕੀਤਾ ਤੇ ਉਹਦਾ ਨਾਂ ਸ਼ੇਖ ਚੱਕੂ ਰੱਖਿਆ ਗਿਆ। ਸੰਭਵ ਹੈ ਚੱਕਰ ਦਾ ਵਸਨੀਕ ਹੋਣ ਕਾਰਨ ਉਹਨੂੰ ਸ਼ੇਖ ਚੱਕਰ ਦਾ ਨਾਂ ਦਿੱਤਾ ਗਿਆ ਹੋਵੇ ਤੇ ਉਹ ਵਿਗੜ ਕੇ ਸ਼ੇਖ ਚੱਕੂ ਜਾਂ ਸ਼ੇਖ ਚਾਚੂ ਬਣ ਗਿਆ ਹੋਵੇ।
ਸ਼ੇਖ ਦੀ ਸੱਤਵੀਂ ਪੀੜ੍ਹੀ ਵਿਚ ਰਾਏ ਕੱਲ੍ਹਾ ਪਹਿਲਾਂ ਪੈਦਾ ਹੋਇਆ, ਜਿਸ ਨੂੰ ਸ਼ਹਿਨਸ਼ਾਹ ਅਲਾਉਦੀਨ ਮੁਹੰਮਦ ‘ਅਕਬਰ ਨੇ ਰਾਏਕੋਟ ਦੀ ਜਗੀਰ ਦਿੱਤੀ ਤੇ ‘ਰਾਏ’ ਦਾ ਖਿਤਾਬ ਬਖਸ਼ਿਆ। ਰਾਏ ਰਾਜਪੂਤ ਦਾ ਹੀ ਛੋਟਾ ਰੂਪ ਹੈ। ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਹੁੰਦੇ ਹੋਏ ਜਦੋਂ ਰਾਏਕੋਟ ਦੇ ਇਲਾਕੇ ਵਿਚ ਦਾਖਲ ਹੋਏ ਤਾਂ ਉਸ ਸਮੇਂ ਰਾਏ ਕੱਲ੍ਹਾ ਤੀਜਾ ਉਥੋਂ ਦਾ ਮਾਲਕ ਸੀ। ਉਸ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਖੌਫ ਦੀ ਪਰਵਾਹ ਨਾ ਕਰਦਿਆਂ ਗੁਰੂ ਜੀ ਨੂੰ ਰਿਹਾਇਸ਼ ਦਿੱਤੀ ਤੇ ਨੂਰੇ ਮਾਹੀ ਨੂੰ ਉਨ੍ਹਾਂ ਦੀ ਟਹਿਲ ਸੇਵਾ ਸੌਂਪੀ।
ਨੂਰੇ ਮਾਹੀ ਨੇ ਗੁਰੂ ਜੀ ਦੇ ਅਦਭੁੱਤ ਬਰਤਨ ਗੰਗਾ ਸਾਗਰ ਵਿਚ ਔਸਰ ਝੋਟੀ ਦਾ ਦੁੱਧ ਚੋ ਕੇ ਗੁਰੂ ਜੀ ਨੂੰ ਪਿਆਇਆ। ਬਾਅਦ ਵਿਚ ਉਹੀ ਗੰਗਾ ਸਾਗਰ ਗੁਰੂ ਜੀ ਨੇ ਸ਼ੁਕਰਾਨੇ ਵਜੋਂ ਰਾਏ ਕੱਲ੍ਹੇ ਨੂੰ ਸੌਂਪ ਦਿੱਤਾ। ਹੁਣ ਉਹ ਛੇਕਾਂ ਵਾਲਾ ਸੁਰਾਹੀਨੁਮਾ ਪਵਿੱਤਰ ਬਰਤਨ ਰਾਏ ਕੱਲ੍ਹਾ ਦੇ ਵਾਰਸ ਰਾਏ ਅਜ਼ੀਜ਼ਉਲਾ ਖਾਂ ਪਾਸ ਬਰਤਾਨਵੀ ਬੈਂਕ ਦੇ ਲਾਕਰ ਵਿਚ ਸੁਰੱਖਿਅਤ ਹੈ। ਉਹਦੀ ਕਰਾਮਾਤੀ ਬਣਤਰ ਅਜਿਹੀ ਹੈ ਕਿ ਉਹਦੇ ਵਿਚੋਂ ਰੇਤ ਕਿਰ ਜਾਂਦੀ ਹੈ ਪਰ ਦੁੱਧ ਨਹੀਂ ਡੁਲ੍ਹਦਾ। ਸਿੱਖ ਸੰਗਤਾਂ ਬੜੀ ਸ਼ਰਧਾ ਨਾਲ ਗੰਗਾ ਸਾਗਰ ਦੇ ਦਰਸ਼ਨ ਕਰਦੀਆਂ ਹਨ।
ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਲਾਗੇ ਪਿੰਡ ਲੰਮੇ ਵਿਖੇ ਵਿਸਰਾਮ ਕਰ ਰਹੇ ਸਨ, ਜਦੋਂ ਨੂਰੇ ਮਾਹੀ ਨੇ ਸਰਹੰਦ ਤੋਂ ਮੁੜ ਕੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦੁੱਖ ਭਰੀ ਵਿਥਿਆ ਸੁਣਾਈ। ਵੱਡੇ ਸਾਹਿਬਜ਼ਾਦੇ ਗੁਰੂ ਜੀ ਦੀਆਂ ਅੱਖਾਂ ਸਾਹਮਣੇ ਹੀ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਚੁੱਕੇ ਸਨ। ਉਥੋਂ ਗੁਰੂ ਸਾਹਿਬ ਮਹਿਦੀਆਣੇ ਆਏ ਤੇ ਢਾਬ ਵਿਚ ਇਸ਼ਨਾਨ ਕੀਤਾ। ਫਿਰ ਪਿੰਡ ਚੱਕਰ ਰਾਤ ਕੱਟੀ। ਜਿਥੇ ਉਨ੍ਹਾਂ ਨੇ ਰਾਤ ਕੱਟੀ ਉਹ ਜਗ੍ਹਾ ਪਿੰਡ ਦੇ ਕਿਲੇ ਤੋਂ ਵਾਹਵਾ ਹਟਵੀਂ ਸੀ। ਉਦੋਂ ਉਥੇ ਵਸੋਂ ਨਹੀਂ ਸੀ ਹੁੰਦੀ। ਇਥੇ ਇਕ ਢਾਬ ਹੁੰਦੀ ਸੀ, ਜਿਸਨੂੰ ਹੁਣ ਸਰੋਵਰ ਦਾ ਰੂਪ ਦੇ ਦਿੱਤਾ ਗਿਆ ਹੈ, ਉਥੇ ਗੁਰੂ ਸਾਹਿਬ ਦਾਤਣ ਕਰ ਕੇ ਤਖਤੂਪੁਰੇ ਹੁੰਦੇ ਹੋਏ ਦੀਨੇ ਕਾਂਗੜ ਚਲੇ ਗਏ ਸਨ, ਜਿਥੋਂ ਔਰੰਗਜ਼ੇਬ ਨੂੰ ਇਤਿਹਾਸਕ ਦਸਤਾਵੇਜ਼ ਜ਼ਫਰਨਾਮਾ ਲਿਖਿਆ।
ਇਸੇ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਵੀ ਮਾਲਵੇ ਦੇ ਭ੍ਰਮਣ ਸਮੇਂ ਸਾਡੇ ਜੱਦੀ ਪਿੰਡ ਚੱਕ ਭਾਈ ਕੇ ਤੇ ਚੱਕਰ ਆਏ ਸਨ। ਸਾਡੇ ਪਿੰਡ ਦੇ ਇਕ ਪਰਿਵਾਰ ਕੋਲ ਗੁਰੂ ਸਾਹਿਬ ਦਾ ਚੋਲਾ ਅਜੇ ਤੱਕ ਸਹੀ ਸਲਾਮਤ ਮੌਜੂਦ ਹੈ। ਗੁਰੂ ਸਾਹਿਬਾਨ ਦੀ ਯਾਦ ਵਿਚ ਸਾਡੇ ਪਿੰਡ ਅਤੇ ਚੱਕਰ ਵਿਖੇ ਗੁਰਦਵਾਰਾ ਗੁਰੂਸਰ ਬਣਿਆ ਹੋਇਆ ਹੈ।
ਗੁਰੂ ਸਾਹਿਬਨਾਂ ਦੀ ਪਵਿੱਤਰ ਚਰਨ ਛੋਹ ਵਾਲੀ ਧਰਤੀ ਤੇ ਕਦੇ ਜੰਗਲ ਕਹੇ ਜਾਣ ਵਾਲੇ ਮਾਲਵੇ ਦੇ ਛੋਟੇ ਜਿਹੇ ਪਿੰਡ ਚੱਕਰ ਦੇ ਜੰਮਪਲ ਪ੍ਰਿੰਸੀਪਲ ਸਰਵਣ ਸਿੰਘ ਨੇ ਕਦੀ ਤਸੱਵਰ ਵੀ ਨਹੀਂ ਕੀਤਾ ਹੋਣਾ ਕਿ ਉਸਦੀ ਅੱਡੀ ਕਦੀ ਦੇਸ਼ਾਂ-ਵਿਦੇਸ਼ਾਂ ਦੀ ਧਰਤੀ ਵਿੱਚ ਚਿੱਬ ਪਾਉਂਦੀ ਫਿਰੇਗੀ। ਕਦੇ ਤਖਤੂਪੁਰੇ ਦਾ ਮੇਲਾ ਦੇਖਣਾ ਵੀ ਉਸ ਲਈ ਅਲੋਕਾਰੀ ਗੱਲ ਹੋਇਆ ਕਰਦੀ ਸੀ। ਪੇਂਡੂ ਮੇਲਿਆਂ ਦੇ ਛੋਟੇ-ਛੋਟੇ ਚੰਡੋਲ ਹੀ ਉਸ ਲਈ ਬਾਲ ਅਵਸਥਾ ਵਿੱਚ ਖੁਸ਼ੀ ਦਾ ਸਰਚਸ਼ਮਾ ਹੁੰਦੇ ਸੀ ਲੇਕਿਨ ਹੁਣ ਤਾਂ ਪ੍ਰਿੰਸੀਪਲ ਸਰਵਣ ਸਿੰਘ ਨੇ ਲੰਡਨ ਆਈ ਦੇ ਕੈਪਸੂਲਾਂ ਵਿਚ ਚੜ੍ਹ ਕੇ ਸਾਰਾ ਲੰਡਨ ਵੀ ਦੇਖ ਲਿਆ ਹੈ ਤੇ ਟਰਾਂਟੋ ਦੇ ਸੀ. ਐਨ. ਟਾਵਰ ‘ਤੇ ਚੜ੍ਹਣ ਦਾ ਨਜ਼ਾਰਾ ਵੀ ਉਹ ਮਾਣ ਚੁੱਕਾ ਹੈ।
ਤਖਤੂਪੁਰੇ ਦੇ ਮੇਲੇ ਚੋਂ ਖਿਸਕਾਏ ਹੋਏ ਚਿੱਠੇ ਅਤੇ ਕਿਸੇ ਪ੍ਰਿੰਸੀਪਲ ਸਰਵਣ ਸਿੰਘ ਦੇ ਅੰਦਰ ਸਾਹਿਤਕ ਬੀਅ ਬੀਜ਼ਿਆ। ਇਸੇ ਹੀ ਮੇਲੇ ਵਿਚ ਦੇਖੀਆਂ ਖੇਡਾਂ ਦਾ ਹਾਲ ਸਾਥੀਆਂ ਸੁਣਾਉਂਦਿਆਂ ਉਹਦੇ ਅੰਦਰੋਂ ਕੁਮੈਂਟੇਟਰ ਜਨਮਿਆ।
ਪਹਿਲੀਆਂ ਚਾਰ ਜਮਾਤਾਂ ਉਹ ਆਪਣੇ ਪਿੰਡੋਂ ਪੜ੍ਹਿਆ ਹੈ, ਫਿਰ ਨਾਲ ਲੱਗਦੇ ਪਿੰਡ ਮੱਲੇ ਪੜ੍ਹਨ ਲੱਗ ਗਿਆ। ਪੰਜਵੀਂ ਵਿੱਚ ਮੱਲੇ ਪੜ੍ਹਦਿਆਂ ਇਕ ਦਿਨ ਪ੍ਰਿੰਸੀਪਲ ਸਰਵਣ ਸਿੰਘ ਨੂੰ ਪਤਾ ਲੱਗਿਆ ਕਿ ਜਗਰਾਉਂ ਸਕੂਲ ਵਿੱਚ ਮੈਚ ਹੈ ਤਾਂ ਨੰਗੇ ਪੈਰੀਂ ਸਕੂਲੋਂ ਫਰਲੋ ਮਾਰ ਕੇ ਉਹ ਜਗਰਾਉਂ ਪਹੁੰਚ ਗਿਆ। ਅੱਗੋਂ ਜਾਂਦੇ ਨੂੰ ਉਸਦੇ ਮੈਚ ਮੁੱਕ ਚੁੱਕਿਆ ਸੀ। ਉਨੀਂ ਪੈਰੀਂ ਉਹ ਮੁੜਕੇ ਪਿੰਡ ਆਇਆ। ਬਿਨਾਂ ਕਿਸੇ ਗੱਲੋਂ ਚਾਲੀ ਪੰਜਾਹ ਕਿਲੋਂ ਮੀਟਰ ਦਾ ਪੈਂਡਾ ਉਸਨੇ ਕੱਢ ਲਿਆ ਸੀ। ਇਹ ਉਸਦਾ ਉਸ ਵੇਲਾ ਦਾ ਖੇਡਾਂ ਨਾਲ ਇਸ਼ਕ ਹੀ ਹੈ ਜਿਸਨੇ ਉਸਨੂੰ ਸੱਤ ਸਮੁੰਦਰ ਪਾਰ ਕਰਾ ਦਿੱਤੇ।
ਮੱਲੇ ਤੋਂ ਦਸਵੀਂ ਪਾਸ ਕਰਕੇ ਪ੍ਰਿੰਸੀਪਲ ਸਰਵਣ ਸਿੰਘ ਫਾਜ਼ਿਲਕਾ ਆਪਣੀ ਭੂਆ ਕੋਲ ਪੜ੍ਹਨ ਲੱਗਿਆ, ਜਿਥੋਂ ਉਸ ਨੇ 14 ਜਮਾਤਾਂ ਪਾਸ ਕੀਤੀਆਂ। ਸਰਹੱਦੀ ਇਲਾਕੇ ਦੇ ਇਸ ਪਿੰਡ ਵਿਚ ਰਹਿੰਦਿਆਂ ਇਕ ਦਿਨ ਸਰਵਣ ਸਿੰਘ ਨੂੰ ਪਤਾ ਲੱਗਿਆ ਕਿ ਬਾਰਡਰ ਨੇੜ੍ਹਲੇ ਪਿੰਡ ਝਿੰਗੜਾਂ ਵਿਖੇ ਮੇਲਾ ਲੱਗਣਾ ਹੈ ਤੇ ਕਬੱਡੀ ਖੇਡੀ ਜਾਣੀ ਹੈ। ਸਕੂਲੋਂ ਛੁੱਟੀ ਹੋਈ ਤੇ ਉਹ ਇਕੱਲਾ ਹੀ ਝਿੰਡੜੇ ਵੱਲ ਨੂੰ ਤੁਰ ਪਿਆ। ਰਸਤੇ ਤੋਂ ਨਾਵਾਕਿਫ ਹੋਣ ਕਰ ਕੇ ਤੁਰਦਾ ਤੁਰਦਾ ਉਹ ਪਾਕਿਸਤਾਨ ਦੀ ਹੱਦ ਅੰਦਰ ਦਾਖਲ ਹੋ ਗਿਆ। ਇਹ ਤਾਂ ਭਲਾ ਹੋਵੇ ਇਕ ਡੰਗਰ ਚਾਰਦੇ ਬਜ਼ੁਰਗ ਦਾ ਜਿਸਨੇ ਪ੍ਰਿੰਸੀਪਲ ਸਰਵਣ ਸਿੰਘ ਨੂੰ ਸਹੀ ਰਾਹ ਦਿਖਾ ਕੇ ਪਿੱਛੇ ਨੂੰ ਮੋੜਿਆ। ਵਰਨਾ ਜੇ ਕਿਤੇ ਪ੍ਰਿੰਸੀਪਲ ਸਰਵਣ ਸਿੰਘ ਪਾਕਸਤਾਨੀ ਫੌਜ ਦੇ ਹੱਥ ਆ ਜਾਂਦਾ ਤਾਂ ਅੱਜ ਸ਼ਾਹਰੁਖ ਖਾਨ ਪ੍ਰਿੰਸੀਪਲ ਸਰਵਣ ਸਿੰਘ ਦੀ ਭੂਮਿਕਾ ਨਿਭਾਉਂਦਾ ਤੇ ਵੀਰਜ਼ਾਰਾ ਫਿਲਮ ਦਾ ਨਾਮਕਰਨ ਪ੍ਰਿੰਸੀਪਲ ਸਰਵਣ ਸਿੰਘ ਦੇ ਨਾਮ ‘ਤੇ ਕੀਤਾ ਜਾਣਾ ਸੀ। ਉਸਦਾ ਖੇਡਾਂ ਪ੍ਰਤੀ ਨਿਆਣਾ ਉਮਰਾ ਸ਼ੁਦਾਅ ਅੱਜ ਵੀ ਉਵੇਂ ਬਰਕਰਾਰ ਹੈ। ਸ਼ਾਇਦ ਇਸੇ ਕਰਕੇ ਜਸਵੰਤ ਸਿੰਘ ਕੰਵਲ ਨੇ ਉਸਨੂੰ ਖੇਡਾਂ ਦਾ ਵਣਜਾਰਾ ਲਿਖਿਆ ਸੀ।
ਫਿਰ ਐਮ. ਆਰ. ਕਾਲਜ ਪੜ੍ਹਦਿਆਂ ਪ੍ਰਿੰਸੀਪਲ ਸਰਵਣ ਸਿੰਘ ਨੇ ਕਾਲਜ ਦੀ ਹਾਕੀ ਟੀਮ ਦੀ ਕਪਤਾਨੀ ਕੀਤੀ, ਭੰਗੜਾ ਟੀਮ ਦੀ ਅਗਵਾਈ ਤੇ ਸਾਹਿਤ ਸਭਾ ਦੀ ਸਕੱਤਰੀ। ਇਥੇ ਹੀ ਉਹ ਬੈਸਟ ਅਥਲੀਟ ਬਣਿਆ ਤਾਂ ਡੀ. ਪੀ. ਈ. ਉਸ ਨੂੰ ਪੁੱਛ ਬੈਠਾ ਇਨਾਮ ਵਿੱਚ ਕੱਪ ਲੈਣੈ ਜਾਂ ਹਾਕੀ?
ਅੱਗੋਂ ਪ੍ਰਿੰਸੀਪਲ ਸਰਵਣ ਸਿੰਘ ਨੇ ਲੋਹੇ ਦਾ ਗੋਲਾ ਮੰਗ ਲਿਆ। ਇਨਾਮ ਦੇ ਬਣਦੇ ਪੈਸਿਆਂ ਦਾ ਕਾਲਜ ਵਾਲਿਆਂ ਨੇ ਉਸ ਨੂੰ ਬਾਰਾਂ ਪੌਂਡ ਦਾ ਗੋਲਾ ਲੈ ਕੇ ਦਿੱਤਾ। ਸਰਵਣ ਸਿੰਘ ਦੇ ਦੱਸਣ ਮੁਤਾਬਿਕ ਉਹ ਚਾਰ ਕਿਲੋਮੀਟਰ ਤੱਕ ਪਿੰਡ ਨੂੰ ਗੋਲਾ ਸੁੱਟਦਾ ਹੀ ਗਿਆ।
ਮੁਕਤਸਰ ਬੀ. ਐਡ. ਕਰਦਿਆਂ ਇਕ ਵਾਰ ਕਬੱਡੀ ਖੇਡਦੇ ਸਰਵਣ ਸਿੰਘ ਨੇ ਐਸੀ ਬਾਂਹ ਤੁੜਾਈ ਕਿ ਕਬੱਡੀ ਖਿਡਾਰੀ ਬਣਦਾ ਬਣਦਾ ਰਹਿ ਗਿਆ। ਅਥਲੀਟ ਬਣਨ ਤੇ ਗੋਲਾ ਸੁੱਟਣ ਦੀ ਚੇਟਨ ਵੀ ਸਰਵਣ ਸਿੰਘ ਨੂੰ ਇਥੋਂ ਹੀ ਲੱਗੀ। ਓਲੰਪੀਅਨ ਬਣੇ ਬਲਬੀਰੇ ਅਤੇ ਹਰਬਿੰਦਰ ਹੋਰਾਂ ਨਾਲ ਉਹ ਹਾਕੀ ਖੇਡਦਾ ਰਿਹਾ ਹੈ।
ਖਾਲਸਾ ਕਾਲਜ ਅੰਮ੍ਰਿਤਸਰ ਵਾਲਿਆਂ ਨੇ ਉਸ ਨੂੰ ਐਮ. ਏ. ਉਥੇ ਕਰਨ ਦਾ ਨਿਮੰਤਰਣ ਦਿੱਤਾ।1962 ਦੇ ਜੁਲਾਈ ਪਹਿਲੇ ਹਫਤੇ ਦੀ ਗੱਲ ਹੈ ਕਿ ਬਧਨੀਓਂ ਮੋਗੇ ਨੂੰ ਬਸ ਚੜ੍ਹਿਆ ਤਾਂ ਬਸ ਰਾਹ ਵਿਚ ਖੁੱਭ ਗਈ। ਮੋਗੇ ਪਹੁੰਚਦੇ ਨੂੰ ਕੁਵੇਲਾ ਹੋ ਗਿਆ ਤੇ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਿਰੀ ਬੱਸ ਖੁੰਝ ਗਈ। ਕਿਸੇ ਟਰੱਕ ਵਾਲੇ ਨੂੰ ਪੁੱਛ ਬੈਠਾ ਅਖੇ ਕਿਥੇ ਜਾਣੈ? ਉਹ ਕਹਿੰਦਾ ਦਿੱਲੀ, ਤਾਂ ਉਹਦੇ ਨਾਲ ਦਿੱਲੀ ਨੂੰ ਚੜ੍ਹ ਗਿਆ।
ਹੈਰਤ ਦੀ ਗੱਲ ਤਾਂ ਇਹ ਹੈ ਕਿ ਐਨੇ ਸਾਲ ਬੀਤ ਜਾਣ ਬਾਅਦ ਵੀ ਸਰਵਣ ਸਿੰਘ ਨੂੰ ਉਸ ਟੱਰਕ ਦਾ ਨੰਬਰ ਪੀ. ਐਨ. ਐਫ. 5555 ਇਉਂ ਯਾਦ ਹੈ ਜਿਵੇਂ ਨੇਪਾਲ ਗਏ ਡਰਾਇਵਰਾਂ ਨੂੰ ਕਾਠਮੰਡੂ ਵਾਲਾ ਪੁਲਸ ਨਾਕਾ ਚੇਤੇ ਹੁੰਦਾ ਹੈ। ਇਉਂ ਉਸਨੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਥਾਂ ਖਾਲਸਾ ਕਾਲਜ ਦਿੱਲੀ ਤੋਂ ਐਮ. ਏ. ਕੀਤੀ ਤੇ ਬਾਅਦ ਵਿਚ ਉਥੇ ਲੈਕਚਰਾਰ ਲੱਗ ਗਿਆ।
ਸਰਵਣ ਸਿੰਘ ਦਾ ਆਖਣਾ ਹੈ ਕਿ ਦਿੱਲੀ ਦੀ ਰਿਹਾਇਸ਼ ਨੇ ਉਸਦੇ ਅੰਦਰ ਸੁੱਤੀਆਂ ਕਈ ਕਲਾਵਾਂ ਜਗਾਈਆਂ। ਉਹ ਦਿੱਲੀ ਦੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਬਣੇ। ਦਿੱਲੀ ਦੀਆਂ ਸਾਹਿਤ ਸਭਾਵਾਂ ਦੇ ਸਮਾਗਮ ਤੇ ਸਿਰਮੌਰ ਲੇਖਕਾਂ ਦੀ ਸੰਗਤ ਨੇ ਉਸਦੇ ਅੰਦਰ ਧੁੱਖਦੀ ਸਾਹਿਤਕ ਮਸ ਦੀ ਅਗਨੀ ਨੂੰ ਹੋਰ ਪ੍ਰਚੰਡ ਕਰ ਦਿੱਤਾ। ਬਲਵੰਤ ਗਾਰਗੀ ਦੀਆਂ ਲਿਖਤਾਂ ਤੋਂ ਉਹ ਸਭ ਤੋਂ ਵੱਧ ਪ੍ਰਭਾਵਿਤ ਹੈ। ਇਹਨਾਂ ਦਿਨਾਂ ਵਿੱਚ ਹੀ ਸਭ ਤੋਂ ਪਹਿਲਾਂ ਉਸਨੇ ਕਹਾਣੀ ਲਿੱਖੀ ‘ਨਚਾਰ’ ਤੇ ਉਹ ਆਰਸੀ ਵਿੱਚ ਛਪ ਗਈ। ਇਸ ਨਾਲ ਉਸਦਾ ਹੌਂਸਲਾ ਵਧ ਗਿਆ। ਫਿਰ ਉਸ ਨੇ ‘ਬੁੱਢਾ ਤੇ ਬੀਜ, ‘ਨਿਧਾਨਾ ਸਾਧ ਨਹੀਂ’ ਤੇ ‘ਉੱਡਦੀ ਧੂੜ ਦਿਸੇ’ ਆਦਿਕ ਕਹਾਣੀਆਂ ਤੇ ‘ਮੇਲਾ ਮੁਕਤਸਰ ਦਾ’ ਵਰਗੇ ਲੇਖ ਲਿੱਖ ਕੇ ਆਰਸੀ ਵਿਚ ਛਪਵਾਏ।
1966 ਤੋਂ ਉਹ ਖਿਡਾਰੀਆਂ ਦੇ ਸਾਹਿਤਕ ਕਲਮੀ ਚਿੱਤਰ ਲਿਖਣ ਲੱਗਾ ਜੋ ‘ਮੁੜਕੇ ਦਾ ਮੋਤੀ’,  ‘ਧਰਤੀ ਧੱਕ’, ‘ਅੱਗ ਦੀ ਨਾਲ’, ‘ਸ਼ਹਿਦ ਦਾ ਘੁੱਟ’, ‘ਪੌਣ ਦਾ ਹਾਣੀ’, ‘ਅਲਸੀ ਦਾ ਫੁੱਲ’, ‘ਕਲਹਿਰੀ ਮੋਰ’, ‘ਪਤੋ ਵਾਲਾ’ ਤੇ ‘ਗੁਰੂ ਨਾਨਕ ਦਾ ਗਰਾਂਈ’ ਆਦਿ ਸਿਰਲੇਖਾਂ ਅਧੀਨ ਆਰਸੀ ਵਿੱਚ ਪ੍ਰਕਾਸ਼ਿਤ ਹੁੰਦੇ ਗਏ।
1966-67 ਵਿੱਚ ਉਹ ਆਰਸੀ ‘ਚ ਸਭ ਤੋਂ ਵੱਧ ਛਪਿਆ ਲੇਖਕ ਹੈ, ਜੋ ਕਿ ਇਕ ਨਵੇਂ ਲੇਖਕ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਸੀ। ਪ੍ਰਿੰਸੀਪਲ ਸਰਵਣ ਸਿੰਘ ਦੀ ਪਹਿਲੀ ਕਿਤਾਬ ‘ਪੰਜਾਬ ਦੇ ਉੱਘੇ ਖਿਡਾਰੀ’ ਵੀ ਇਨ੍ਹਾਂ ਆਰਸੀ ਵਾਲਿਆਂ ਦੀ ਪਬਲਿਸ਼ਿੰਗ ਕੰਪਨੀ ਨਵਯੁੱਗ ਨੇ ਛਾਪੀ ਸੀ।
1967 ਵਿਚ ਪ੍ਰਿੰਸੀਪਲ ਸਰਵਣ ਸਿੰਘ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਕਹਿਣ ’ਤੇ ਪ੍ਰੋਫੈਸਰੀ ਛੱਡ ਕੇ ਢੁੱਡੀਕੇ ਨਵੇਂ ਬਣੇ ਲਾਲਾ ਲਾਜਪਤ ਰਾਏ ਕਾਲਜ ਆ ਲੱਗਾ ਤੇ ਇਥੇ ਉਸਨੇ ਉਣੱਤੀ ਸਾਲ ਜਾਣੀ 1967 ਤੋਂ 1997 ਤੱਕ ਨੌਕਰੀ ਕੀਤੀ। ਇਥੋਂ ਹੀ ਉਸਦੇ ਨਾਮ ਨਾਲ ਢੁੱਡੀਕੇ ਦਾ ਤੁਰਲਾ ਜੁੜ ਗਿਆ। ਹੁਣ ਵੀ ਬਹੁਤੇ ਲੋਕ ਉਸਨੂੰ ਢੁੱਡੀਕੇ ਦਾ ਹੀ ਸਮਝਦੇ ਹਨ।
ਪਹਿਲਾਂ ਪਹਿਲਾਂ ਸਰਵਣ ਸਿੰਘ ਆਪਣੇ ਨਾਮ ਨਾਲ ਆਪਣਾ ਗੋਤ ਸੰਧੂ ਵੀ ਲਿਖਦਾ ਹੁੰਦਾ ਸੀ। ਫਿਰ ਬਾਅਦ ਵਿਚ ਉਸਨੇ ਗੋਤ ਲਿਖਣਾ ਛੱਡ ਦਿੱਤਾ ਤੇ ਉਸਦੀ ਜਗ੍ਹਾ ‘ਢੁੱਡੀਕੇ’ ਨੇ ਮਲ ਲਿੱਤੀ।  ਗੋਤ ਲਿਖਣਾ ਛੱਡਣ ਬਾਰੇ ਵੀ ਉਹ ਦਿਲਚਸਪ ਕਾਰਨ ਇਉਂ ਬਿਆਨ ਕਰਦਾ ਹੈ, “ਗੋਤ ਲਿਖਣਾ ਛੱਡਿਆ ਕਾਹਨੂੰ। ਗੁਲਜ਼ਾਰ ਸੰਧੂ ਨੇ ਛੁਡਾਇਆ। ਕਹਿੰਦਾ ਮੈਂ ‘ਕੱਲਾ ਸੰਧੂ ਹੀ ਬਹੁਤ ਆਂ। ਆਪਣਾ ਭੁਲੇਖਾ ਪੈ ਜਿਆ ਕਰੂ। ਨਾਲੇ ਮੈਂ ਉਹਦੀ ਰੀਸ ਕਿਥੋਂ ਕਰਦਾ? ਉਹ ਤਾਂ ਸੱਜਣਾਂ ਮਿੱਤਰਾਂ ਨੂੰ ਪੇਟੀ ਪੇਟੀ ਦਾਰੂ ਦੀ ਪਿਆ ਛੱਡਦਾ ਸੀ। ਮੈਂ ਸੰਧੂ ਸਰਦਾਰੀ ਛੱਡਣ ‘ਚ ਈ ਭਲਾ ਸਮਝਿਆ।”
ਫਿਰ 1996 ਵਿੱਚ ਸਰਵਣ ਸਿੰਘ, ਜਸਵੰਤ ਸਿੰਘ ਕੰਵਲ ਦੀ ਸਹਿਮਤੀ ਨਾਲ ਡਾ: ਸਰਦਾਰਾ ਸਿੰਘ ਜੌਹਲ ਦੇ ਅਮਰਦੀਪ ਮੈਮੋਰੀਅਲ ਕਾਲਜ, ਮੁਕੰਦਪੁਰ ਵਿੱਚ ਪਿੰ੍ਰਸੀਪਲ ਦੀ ਨੌਕਰੀ ਕਰਨ ਜਾ  ਲੱਗਾ। ਇਉਂ ਸਰਵਣ ਸਿੰਘ ਪ੍ਰਿੰਸੀਪਲ ਸਰਵਣ ਸਿੰਘ ਬਣ ਗਿਆ। ਉਥੋਂ ਦੀ ਚਾਰ ਸਾਲ ਦੀ ਕਾਰਗੁਜ਼ਾਰੀ ਨੂੰ ਸਰਵਣ ਸਿੰਘ ਆਪਣੀ ਜ਼ਿੰਦਗੀ ਦੇ ਯਾਦਗਾਰੀ ਵਰ੍ਹਿਆਂ ਵਿੱਚ ਗਿਣਦਾ ਹੈ। ਕਹਿੰਦੇ ਨੇ ਉਸ ਨੇ ਚਾਰ ਸਾਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਚਾਰ ਸੌ ਤੋਂ ਗਿਆਰਾਂ ਸੌ ਕਰ ਦਿੱਤੀ।
ਦੋ ਲੜਕਿਆਂ ਦਾ ਪਿਤਾ ਪਿੰ੍ਰਸੀਪਲ ਸਰਵਣ ਸਿੰਘ ਹੁਣ ਰਿਟਾਇਰ ਹੋ ਕੇ ਟਰਾਂਟੋ (ਕੈਨੇਡਾ) ਵਿਖੇ ਰਹਿ ਰਿਹਾ ਹੈ।
ਸਰਵਣ ਸਿੰਘ ਨੇ ਜਿੰਨੀਆਂ ਵੀ ਸਿਨਫਾਤ ਪੰਜਾਬੀ ਅਦਬ ਨੂੰ ਦਿੱਤੀਆਂ ਉਹਨਾਂ ਵਿੱਚ ਉਸਦੀ ਬਹੁਪੱਖੀ ਸ਼ਖਸੀਅਤ ਦਾ ਝਲਕਾਰਾ ਪੈਂਦਾ ਹੈ। ਉਹਦੀ ਬੋਲੀ ਸਰਲ ਅਤੇ ਉਸ ਵਿੱਚ ਪੇਂਡੂ ਲਹਿਜ਼ਾ ਵਿਦਮਾਨ ਹੁੰਦਾ ਹੈ। ਉਸਦੀਆਂ ਰਚਨਾਵਾਂ ਵਿਚਲੀ ਦ੍ਰਿਸ਼ਕਾਰੀ ਐਨੀ ਖੂਬਸੂਰਤ ਹੁੰਦੀ ਹੈ ਕਿ ਪਾਠਕ ਆਪਣੇ ਆਪ ਨੂੰ ਖੇਡ ਦੇ ਮੈਦਾਨ ਵਿੱਚ ਖੜ੍ਹਾ ਮਹਿਸੂਸ ਕਰਦਾ ਹੈ। ਇਸੇ ਵਜ੍ਹਾ ਕਰਕੇ ਡਾ: ਹਰਭਜਨ ਸਿੰਘ ਨੇ ਉਸਨੂੰ ‘ਸ਼ਬਦਾਂ ਦਾ ਓਲੰਪੀਅਨ’ ਕਿਹਾ ਹੈ। ਉਸਦੀ ਅਨੁੱਠੀ ਸ਼ੈਲੀ ਅਤੇ ਬੋਲੀ ਦੇ ਵਹਾ ਦਾ ਕਮਾਲ ਹੈ ਕਿ ਪਾਠਕ ਸਾਧਾਂ ਦੇ ਤਸਬੀਹ ਦੇ ਮਣਕੇ ਫੇਰਨ ਵਾਂਗ ਇਕੋ ਸਾਹੇ ਉਸਦੀਆਂ ਰਚਨਾਵਾਂ ਨੂੰ ਪੜ੍ਹ ਜਾਂਦਾ ਹੈ। ਇਕਬਾਲ ਸਿੰਘ ਰਾਮੂਵਾਲੀਆ ਉਸਦੀ ਲਿਖਣ ਸ਼ੈਲੀ ਨੂੰ ‘ਅਥਲੈਟਿਕ ਸਟਾਇਲ’ ਆਖਦਾ ਹੈ। ਉਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਖੇਡ ਲੇਖਕ ਆਖਿਆ ਜਾਵੇ ਤਾਂ ਮੇਰੇ ਮੁਜਬ ਇਹ ਕੋਈ ਅਤਕਥਨੀ ਨਹੀਂ ਹੋਵੇਗੀ। ਜਦੋਂ ਉਹ ਸਧਾਰਣ ਗੱਲਬਾਤ ਵੀ ਕਰ ਰਿਹਾ ਹੋਵੇ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਕੁਮੈਂਟਰੀ ਕਰ ਰਿਹਾ ਹੋਵੇ। ਇਕ ਵਾਰ ਮੈਂ ਸਰਵਣ ਸਿੰਘ ਨੂੰ ਇੰਟਰਵਿਊ ਕਰਨ ਦਾ ਪੰਗਾ ਲੈ ਬੈਠਾ। ਉਹਨਾਂ ਨੇ ਮੈਨੂੰ ਤਾਂ ਸਵਾਲ ਪੁੱਛਣ ਦਾ ਮੌਕਾ ਹੀ ਨਹੀਂ ਦਿੱਤਾ। ਆਪ ਹੀ  ਜੋਤਿਸ਼ੀਆਂ ਦੇ ਤੋਤੇ ਵਾਂਗੈ ਜੁਆਬ ਦੇਈ ਗਿਆ।
ਜਸਵੰਤ ਸਿੰਘ ਕੰਵਲ ਨੇ ਉਸ ਬਾਰੇ ਲਿਖਿਆ ਹੈ, “ਸਰਵਣ ਸਿੰਘ ਦੀ ਬੋਲੀ ਘੁਲ ਕੇ ਘਿਉ-ਗੱਚ ਚੂਰੀ ਬਣ ਗਈ ਹੈ। ਉਸ ਨੇ ਖਿਡਾਰੀਆਂ ਦੇ ਉਤਸ਼ਾਹ ਨੂੰ ਜ਼ਰਬਾਂ ਦਿੱਤੀਆਂ ਹਨ। ਨਵੇਂ ਪੋਚ ਦੇ ਲਹੂ ਵਿਚ ਅੰਗੜਾਈਆਂ ਛੇੜੀਆਂ ਹਨ ਅਤੇ ਅਨੇਕਾਂ ਪਾਠਕਾਂ ਨੂੰ ਖੇਡਾਂ ਵੱਲ ਮੋੜਿਆ ਹੈ।”
ਡਾ: ਹਰਭਜਨ ਸਿੰਘ ਦਾ ਉਸ ਬਾਰੇ ਕਥਨ ਹੈ, “ਸਰਵਣ ਸਿੰਘ ਬਾਰੇ ਲਿ਼ਖਣਾ ਸੌ ਗਜ਼ ਦੀ ਸਪਰਿੰਟ ਮਾਰਨਾ ਹੈ। ਸਰਵਣ ਸਿੰਘ ਬਾਰੇ ਲਿਖਣ ਲੱਗਿਆਂ ਮੈਨੂੰ ਆਪਣੇ ਆਪ ਤੋਂ ਉੱਚੀ ਛਾਲ ਮਾਰਨੀ ਪਵੇਗੀ-ਪੋਲ ਵਾਲਟ ਦੇ ਟਪਾਰ ਵਾਂਗ।” ਇਹਨਾਂ ਸ਼ਬਦਾਂ ਵਿੱਚ ਛੁਪੇ ਯਥਾਰਥ ਨੂੰ ਕੋਈ ਉਦੋਂ ਹੀ ਸਮਝ ਸਕਦਾ ਹੈ ਜਦੋਂ ਉਹ ਸਰਵਣ ਸਿੰਘ ਬਾਰੇ ਲਿਖਣ ਲੱਗੇ। ਮੈਂ ‘ਲਫਜ਼ਾਂ ਦੇ ਦਰਵੇਸ਼ ਸਿਰਲੇਖ ਹੇਠ 67 ਦੁਨੀਆਂ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਲੇਖਕਾਂ ਦੇ ਜੀਵਨ ਅਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਲੇਖ ਅਤੇ ਰੇਖਾ ਚਿੱਤਰ ਲਿਖੇ ਹੋਣ ਦੇ ਬਾਵਜੂਦ ਵੀ ਜਦੋਂ ਸਰਵਣ ਸਿੰਘ ਬਾਰੇ ਲਿ਼ਖਣ ਦੀ ਸੋਚਦਾ ਤਾਂ ਇਹ ਕਾਰਜ ਮੈਨੂੰ ਪਤਾ ਨਹੀਂ ਕਿਉਂ ਬੜਾ ਕਠਿਨ ਲੱਗਦਾ। ਪਿਛਲੇ ਚਾਰ ਸਾਲਾਂ ਤੋਂ ਸਰਵਣ ਸਿੰਘ ਬਾਰੇ ਲਿਖਣ ਦੀ ਸੋਚ ਰਿਹਾ ਸੀ ਤੇ ਇਹ ਸੌ ਗਜ਼ ਦੀ ਸਪਰਿੰਟ ਮੈਥੋਂ ਅੱਜ ਵੱਜੀ ਹੈ।
ਸਰਵਣ ਸਿੰਘ ਬਾਰੇ ਲੇਖ ਤਾਂ ਲਿੱਖ ਲਿਆ ਪਰ ਇਸਦਾ ਢੁਕਵਾਂ ਸਿਰਲੇਖ ਨਾ ਮਿਲੇ। ਸਿਰਲੇਖ ਖੋਜਣ ਲਈ ਜਦੋਂ ਮੈਂ ਆਪਣੇ ਦਿਮਾਗ ‘ਤੇ ਜ਼ੋਰ ਪਾਇਆ ਤਾਂ ਮੈਨੂੰ ਅਨਵਰ ਦੀ ਯਾਦ ਆਈ। ਅਨਵਰ ਮਲੇਰਕੋਟਲੇ ਦਾ ਮੁਸਲਮਾਨ ਸੀ। ਉਸ ਨੇ ਜਦੋਂ ਕਿਸੇ ਦੀ ਤਾਰੀਫ ਕਰਨੀ ਹੁੰਦੀ ਤਾਂ ਉਹ ਉਸ ਵਿਅਕਤੀ ਨੂੰ ‘ਲੱਠਾ ਬੰਦਾ’ ਆਖਦਾ। ਕਦੇ ਕੋਈ ਸ਼ਰਾਰਤੀ ਬੱਚਾ ਇੱਲਤ ਕਰਦਾ ਹੁੰਦਾ, ਕੋਈ ਬਹੁਤੀ ਮਿਹਨਤੀ ਕਰਦਾ, ਕੋਈ ਸਿਰੜੀ, ਇਮਾਨਦਾਰ, ਅਮੀਰ ਜਾਂ ਤਕੜਾ ਹੁੰਦਾ ਤਾਂ ਸਭਨਾਂ ਦੀਆਂ ਸਿਫਤ ਕਰਨ ਲਈ ਅਨਵਰ ਇਕ ਹੀ ਸ਼ਬਦ ਇਸਤੇਮਾਲ ਕਰਦਾ, ‘ਲੱਠਾ ਬੰਦਾ।’ ਪ੍ਰਿੰਸੀਪਲ ਸਰਵਨ ਸਿੰਘ ਦੀ ਤਾਰੀਫ ਕਰਨ ਲਈ ਸ਼ਾਇਦ ‘ਲੱਠੇ ਬੰਦੇ’ ਨਾਲੋਂ ਹੋਰ ਵਧੀਆ ਸ਼ਬਦ ਨਹੀਂ ਹੋ ਸਕਦਾ। ਉਹ ਨਿਰਾ ‘ਲੱਠਾ ਬੰਦਾ ਹੈ ਲੱਠਾ।’
– ਬਲਰਾਜ ਸਿੰਘ ਸਿੱਧੂ
West Midlands, B67 6DX, England (UK)