ਵਜਾਓ ਢੋਲ ਖੋਲੋ ਪੋਲ – ਗਰੇਵਾਲ

grewalਪੰਜਾਬ ਦੇ ਹਾਲਾਤ ਨੂੰ ਸਿਆਸੀ ਖੇਡ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਪੰਜਾਬ ਦੇ ਸਿੱਖ ਭਾਜਪਾ ਨੇਤਾ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਅਪਣੇ ਸਮਰਥਕਾਂ ਨਾਲ ਪੰਜਾਬ ਦੀ ਅਵਾਮ ਨੁੰ ਜਾਗਰੂਕ ਕਰਨ ਲਈ “ਵਜਾਓ ਢੋਲ ਖੋਲ੍ਹੋ ਪੋਲ” ਰੈਲੀ  ਰਾਹੀਂ ਕਮਰਕੱਸੇ ਕੱਸ ਲਏ ਹਨ। ਗਰੇਵਾਲ ਨੇ ਦੱਸਿਆ ਕੀ ਭਾਜਪਾ ਦੀ ਵੱਡੀ ਰੈਲੀ ਦੇ ਇਕੱਠ ਰਾਹੀਂ ਕਾਂਗਰਸ ਦੇ ਪੰਜਾਬੀਆਂ ਨਾਲ ਕੀਤੇ ਧੋਖੇ ਨੂੰ ਜੱਗ ਜਾਹਿਰ ਕਰਾਂਗੇ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਕਿਸਾਨ ਨੇਤਾ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ, ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚਲੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ 2019 ਵਿੱਚ ਭਾਜਪਾ ਪੰਜਾਬ ਵਿਚ ਵੱਡੀਆਂ ਮੱਲ੍ਹਾਂ ਮਾਰੇਗੀ ਅਤੇ ਬਹੁਮਤ ਹਾਸਲ ਕਰੇਗੀ, ਕਿਉਂਕਿ ਆਮ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਪੰਜਾਬ ਨੂੰ ਹੁਣ ਸੁਰੱਖਿਅਤ ਹੱਥਾਂ ਵਿੱਚ ਦੇਖਣ ਦੇ ਇੱਛੁਕ ਹਨ। ਉਨ੍ਹਾਂ ਕਿਹਾ ਕਿ, ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਦਾ ਦਿਲ ਟੁੱਟ ਚੁੱਕਿਆ ਹੈ, ਕਿਸਾਨ ਸਮਝ ਚੁੱਕੇ ਹਨ ਕਿ ਉਨ੍ਹਾਂ ਨਾਲ ਕੈਪਟਨ ਨੇ ਵੱਡਾ ਧੋਖਾ ਅਤੇ ਵਾਅਦਾ ਖਿਲਾਫੀ ਕੀਤੀ ਹੈ। ਗਰੇਵਾਲ ਜੋ ਕਿ ਭਾਰਤੀਯ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਕੌਮੀਂ ਸਕੱਤਰ ਹਨ ਨੇ ਕਿਹਾ ਕਿ, ਕੈਪਟਨ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਗਰੀਬ ਦਲਿੱਤ ਮਜ਼ਦੂਰਾਂ, ਵਪਾਰੀਆਂ, ਬਜ਼ੁਰਗਾਂ, ਔਰਤਾਂ, ਕਰਮਚਾਰੀਆਂ, ਸ਼ਹਿਰੀਆਂ, ਗ੍ਰਾਮੀਣ ਲੋਕਾਂ ਅਤੇ ਪਿਛੜੇ ਵਰਗਾਂ ਨਾਲ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ। ਗਰੇਵਾਲ ਨੇ ਕਿਹਾ ਕਿ, ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕੈਪਟਨ ਸਰਕਾਰ ਦੇ ਇਸ ਸਮੇਂ ਦੌਰਾਨ ਹੁਣ ਤੱਕ ਤਕਰੀਬਨ 400 ਕਿਸਾਨ ਆਤਮਹੱਤਿਆ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ, ਕਈ ਕਿਸਾਨਾਂ ਨੇ ਤਾਂ ਆਪਣੇ ਆਤਮ ਹੱਤਿਆ ਨੋਟ ਵਿੱਚ ਵੀ ਜਿੰਮੇਵਾਰ ਕੈਪਟਨ ਸਰਕਾਰ ਨੂੰ ਠਹਿਰਾਇਆ ਹੈ। ਗਰੇਵਾਲ ਨੇ ਕਿਹਾ, ਇਹ ਸੁਸਾਈਡ ਨੋਟ ਸਪੱਸ਼ਟ ਕਰਦੇ ਹਨ ਕਿ ਪੰਜਾਬ ਦੇ ਕਿਸਾਨਾਂ ਦਾ ਦਿਲ ਟੁੱਟ ਚੁੱਕਿਆ ਹੈ। ਗਰੇਵਾਲ ਨੇ ਕਿਹਾ ਕਿ, ਇਨ੍ਹਾਂ ਹਾਲਾਤਾਂ ਕਾਰਨ ਪੰਜਾਬ ਵਰਗੇ ਸੂਬੇ ਵਿੱਚ ਇੱਕ ਉਹ ਵੀ ਕਾਲਾ ਦਿਨ ਆਇਆ ਜਿਸ ਦਿਨ 7 ਕਿਸਾਨਾਂ ਨੇ ਆਤਮਹੱਤਿਆ ਕੀਤੀ, ਬਹੁਤ ਹੀ ਚਿੰਤਾ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ, ਵੋਟਾਂ ਹਾਸਲ ਕਰਨ ਲਈ ਕੈਪਟਨ ਨੇ ਕਿਸਾਨਾਂ ਦਾ ਪੂਰਾ ਕਰਜਾ ਮੁਆਫ ਕਰਨ ਅਤੇ ਕੁੱਰਕੀ ਖਤਮ ਕਰਨ, ਘਰ ਘਰ ਰੁਜ਼ਗਾਰ, ਸਮਾਰਟ ਫੋਨ, 2500 ਰੁਪਏ ਬੇਰੁਜ਼ਗਾਰੀ ਭੱਤਾ, 1500 ਬਜ਼ੁਰਗਾਂ ਅਤੇ ਵਿਧਵਾ ਪੈਨਸ਼ਨ, ਬੇਘਰ ਦਲਿੱਤਾਂ ਨੂੰ ਘਰ ਦੇਣ, ਕਾਰਖਾਨੇਦਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦੇ ਜੋ ਵਾਅਦੇ ਕੀਤੇ ਸਨ, ਗਰੇਵਾਲ ਨੇ ਕਿਹਾ ਕਿ, ਕੈਪਟਨ ਸਰਕਾਰ ਬਣਿਆਂ ਤਕਰੀਬਨ ਇਕ ਵਰ੍ਹਾ ਹੋ ਚੁੱਕਿਆ ਹੈ, ਪਰ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ, ਜਮੀਨੀ ਹਕੀਕਤ ਇਹ ਹੈ ਕਿ ਇਸ ਵਰ੍ਹੇ ਦੌਰਾਨ ਪੰਜਾਬ ਦੇ ਲੋਕਾਂ ਨੂੰ ਧਰਨੇ, ਮਾਰਚ, ਕਿਸਾਨ ਆਤਮਹੱਤਿਆ, ਬਿਜਲੀ ਦੇ ਕੱਟ, ਸੜਕ ਜਾਮ, ਮਹਿਲਾ ਅਤੇ ਦਲਿੱਤਾਂ ‘ਤੇ ਅੱਤਿਆਚਾਰ ਤੋਂ ਬਗੈਰ ਕੁਝ ਵੀ ਹਾਸਲ ਨਹੀਂ ਹੋਇਆ। ਅਸਲ ਵਿਚ ਇੱਥੇ ਹੀ ਬਸ ਨਹੀਂ ਕਿਉਂਕਿ ਜਿੱਥੇ ਕਾਂਗਰਸ ਪੰਜਾਬ ਵਿਚ ਵਿਦੇਸ਼ੀ ਤਾਕਤਾਂ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਤਹਿਤ ਪਾਕਿਸਤਾਨੀਆਂ ਨਾਲ ਯਰਾਨੇ ਨਿਭਾਉਣ ਵਿਚ ਮਸਰੂਫ ਹਨ, ਉੱਥੇ ਕੇਂਦਰ ਪਾਕਿਸਤਾਨੀ ਊਗਰਵਾਦ ਨੂੰ ਜੜੋਂ ਖਤਮ ਕਰਨ ਲਈ ਤਤਪਰ ਹੈ, ਇਸ ਤੋਂ ਕੈਪਟਨ ਅਮਰਿੰਦਰ ਦੀ ਪੰਜਾਬ ਪ੍ਰਤੀ ਸੰਜੀਦਗੀ ਦਾ ਸਪਸ਼ਟ ਹੋਣਾ ਰਹਿ ਨਹੀਂ ਸਕਦਾ। ਉਨ੍ਹਾਂ ਕਿਹਾ ਕਿ, ਇਹ ਸਾਰੇ ਮਾਮਲੇ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਦੇਣਗੇ ਤਾਂ ਕਿ ਪੰਜਾਬ ਦੀ ਕਿਸਾਨੀਂ ਅਤੇ ਪੰਜਾਬ ਦੀ ਜਵਾਨੀਂ ਨੂੰ ਬਚਾਉਣ ਲਈ ਕੋਈ ਠੋਸ ਉਪਰਾਲੇ ਕੀਤੇ ਜਾ ਸਕਣ। ਇਸ ਮੌਕੇ ਗਰੇਵਾਲ ਨੇ ਭਾਜਪਾ ਵਰਕਰਾਂ ਨੂੰ ਵੱਡੀ ਤਦਾਦ ਵਿੱਚ “ਵਜਾਓ ਢੋਲ ਖੋਲ੍ਹੋ ਪੋਲ” ਨਾਹਰੇ ਤਹਿਤ ਇਕੱਠੇ ਹੋਣ ਲਈ ਕਿਹਾ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ