ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਜ਼ਿਮੇਂਦਾਰੀ?

ਦੇਸ਼ ਤੋਂ ਬਾਹਰ ਵੱਖ-ਵੱਖ ਦੇਸ਼ਾਂ ਵਿਚ ਵਸਦੇ ਸਿੱਖ, ਉਨ੍ਹਾਂ ਦੇਸ਼ਾਂ ਵਿਚ, ਸਮੁਚੇ ਸਿੱਖ ਭਾਈਚਾਰੇ ਦੇ ਹੀ ਨਹੀਂ, ਸਗੋਂ ਆਪਣੇ ਮੂਲ ਦੇਸ਼, ਭਾਰਤ ਦੇ ਵੀ ਰਾਜਦੂਤ ਮੰਨੇ ਜਾਂਦੇ ਹਨ। ਉਨ੍ਹਾਂ ਪਾਸੋਂ ਵਿਸ਼ਵਾਸ-ਭਰੀ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਸਥਾਨਕ ਵਾਸੀਆਂ ਅਤੇ ਸਰਕਾਰ ਵਿਚ ਸਿੱਖਾਂ ਅਤੇ ਦੇਸ਼ ਦਾ ਅਜਿਹਾ ਅਕਸ ਸਥਾਪਤ ਕਰਨ ਪ੍ਰਤੀ ਵਚਨਬੱਧ ਰਹਿਣਗੇ, ਜਿਸ ਨਾਲ ਨਾ ਕੇਵਲ ਸਥਾਨਕ ਲੋਕਾਂ ਅਤੇ ਸਰਕਾਰ ਦੀਆਂ ਨਜ਼ਰਾਂ ਵਿਚ ਸਿੱਖਾਂ ਅਤੇ ਭਾਰਤ ਦਾ ਸਨਮਾਨ-ਸਤਿਕਾਰ ਵਧੇਗਾ, ਸਗੋਂ ਦੋਹਾਂ ਦੇਸ਼ਾਂ ਅਤੇ ਉਨ੍ਹਾਂ ਦੇ ਵਾਸੀਆਂ ਦੇ ਆਪਸੀ ਸਬੰਧਾਂ ਦੇ ਮਜ਼ਬੂਤ-ਦਰ-ਮਜ਼ਬੂਤ ਹੁੰਦਿਆਂ ਜਾਣ ਦੇ ਨਾਲ ਹੀ ਆਪਸੀ ਵਿਸ਼ਵਾਸ ਵਿਚ ਵੀ ਵਾਧਾ ਹੁੰਦਾ ਜਾਏਗਾ। 
ਪਰ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਕੈਨੇਡਾ ਫੇਰੀ ਦੌਰਾਨ, ਇਕ ਸਿੱਖ ਜਥੇਬੰਦੀ ਵਲੋਂ ਉਨ੍ਹਾਂ ਦੇ ਵਿਰੁਧ ਮੁਜ਼ਾਹਿਰਾ ਕੀਤੇ ਜਾਣ ਦੀਆਂ ਆ ਰਹੀਆਂ ਖਬਰਾਂ ਨੇ ਨਾ ਕੇਵਲ ਸਿੱਖ ਭਾਈਚਾਰੇ ਦੇ ਇਕ ਵੱਡੇ ਹਿਸੇ ਨੂੰ ਨਿਰਾਸ਼ ਹੀ ਕੀਤਾ ਹੈ ਅਤੇ ਉਨ੍ਹਾਂ ਦੇ ਵਿਸ਼ਵਾਸ ਨੂੰ ਸੱਟ ਵੀ ਮਾਰੀ ਹੈ, ਸਗੋਂ ਦੂਜੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿਚ ਵੀ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੌਸ਼ਿਸ਼ ਕੀਤੀ ਹੈ।
ਇਸ ਵਿਚ ਕੋਈ ਸ਼ਕ ਨਹੀਂ ਕਿ ਦੇਸ਼ ਅਤੇ ਵਿਦੇਸ਼ ਵਿਚ ਵਸਦੇ ਸਿੱਖਾਂ ਦੇ ਕਿਸੇ ਇਕ ਵਰਗ ਨੂੰ ਜਾਂ ਸਮੁਚੇ ਰੂਪ ਵਿਚ ਹੀ ਸਿੱਖਾਂ ਨੂੰ ਭਾਰਤ ਸਰਕਾਰ ਦੇ ਨਾਲ ਕੁਝ ਰੋਸੇ ਤੇ ਸ਼ਿਕਵੇ ਹੋ ਸਕਦੇ ਹਨ, ਪਰ ਇਨ੍ਹਾਂ ਦੇ ਪ੍ਰਗਟਾਵੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਤੇ ਉਹ ਵੀ ਸਿੱਖਾਂ ਦੇ ਆਪਣੇ ਭਾਈਚਾਰੇ ਦੇ ਨਾਲ ਹੀ ਸਬੰਧਤ ਸ਼ਖਸੀਅਤ, ਦੇ ਵਿਰੁਧ ਮੁਜ਼ਾਹਿਰੇ ਕਰਨਾ ਕਿਸੇ ਵੀ ਤਰ੍ਹਾਂ ਪ੍ਰਸ਼ੰਸਾਯੋਗ ਨਹੀਂ ਮੰਨਿਆ ਜਾਇਗਾ। ਆਪਣੇ ਰੋਸੇ ਤੇ ਸ਼ਿਕਵੇ ਨੂੰ ਪ੍ਰਗਟਾਉਣ ਦੇ ਲਈ, ਇਹ ਨਕਾਰਾਤਮਕ ਢੰਗ ਅਪਨਾਉਣ ਨਾਲੋਂ ਤਾਂ ਚੰਗਾ ਤੇ ਸਕਾਰਾਤਮਕ ਢੰਗ ਇਹ ਸੀ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਕੈਨੇਡਾ ਫੇਰੀ ਸਮੇਂ ਉਨ੍ਹਾਂ ਦਾ ਸੁਆਗਤ-ਸਨਮਾਨ ਕੀਤਾ ਜਾਂਦਾ ਤੇ ਉਨ੍ਹਾਂ ਦੇ ਨਾਲ ਮਿਲ-ਬੈਠ ਕੇ ਉਨ੍ਹਾਂ ਦੇ ਸਾਹਮਣੇ ਆਪਣੇ ਰੋਸੇ ਤੇ ਸ਼ਿਕਵੇ ਰਖੇ ਜਾਂਦੇ। ਅਜਿਹਾ ਕਰਨ ਦੇ ਨਾਲ ਨਾ ਕੇਵਲ ਚੰਗਾ ਪ੍ਰਭਾਵ ਪੈਂਦਾ ਤੇ ਕੈਨੇਡਾ ਤੇ ਭਾਰਤ ਵਾਸੀਆਂ ਵਿਚ ਸਿੱਖ ਭਾਈਚਾਰੇ ਦਾ ਅਕਸ ਚੰਗਾ ਬਣਦਾ, ਸਗੋਂ ਕੈਨੇਡਾ ਸਰਕਾਰ ਵੀ ਉਨ੍ਹਾਂ ਦੇ ਸੁਚਜੇ ਵਿਹਾਰ ਤੋਂ ਪ੍ਰਭਾਵਤ ਹੁੰਦੀ।
ਇਕ ਗਲ ਹੋਰ ਧਿਆਨ ਵਿਚ ਰਖਣ ਵਾਲੀ ਹੈ, ਉਹ ਇਹ ਕਿ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਦੇ ਮੁੱਖੀ ਆਪਸ ਵਿਚ ਚੰਗੇ ਤੇ ਮਜ਼ਬੂਤ ਸਬੰਧ ਬਣਾ ਕੇ, ਹਰ ਖੇਤਰ ਆਪਸੀ ਸਹਿਯੋਗ ਨੂੰ ਵਧਾਉਣ ਦੇ ਇਛੁੱਕ ਹਨ। ਇਸ ਹਾਲਤ ਵਿਚ ਨੂੰ ਨਾ ਤਾਂ ਕੈਨੇਡਾ ਦੀ ਸਰਕਾਰ ਅਤੇ ਨਾ ਹੀ ਉਥੋਂ ਦੇ ਵਾਸੀ ਪਸੰਦ ਕਰਨਗੇ ਕਿ ਉਥੇ ਵਸੇ ਸਿੱਖਾਂ, ਜਿਨ੍ਹਾਂ ਨੂੰ ਕੈਨੇਡਾ ਵਿਚ ਸਨਮਾਨ-ਸਤਿਕਾਰ ਪ੍ਰਾਪਤ ਹੋਣ ਦੇ ਨਾਲ ਹੀ, ਸਥਾਨਕ ਵਾਸੀਆਂ ਦੇ ਸਹਿਯੋਗ ਦੇ ਨਾਲ ਕੈਨੇਡਾ ਦੇ ਕਈ ਹਿਸਿਆਂ ਵਿਚ ਉੱਚ ਅਹੁਦੇ ਅਤੇ ਸਰਕਾਰ ਵਿਚ ਭਾਈਵਾਲੀ ਵੀ ਪ੍ਰਾਪਤ ਹੈ, ਵਲੋਂ ਉਨ੍ਹਾਂ ਦੇ ਦੇਸ਼ ਵਿਚ ਉਨ੍ਹਾਂ ਦੇ ਹੀ ਸਤਿਕਾਰਤ ਮਹਿਮਾਨ ਦੇ ਵਿਰੁਧ ਮੁਜ਼ਾਹਿਰੇ ਕੀਤੇ ਜਾਣ। ਇਸ ਦਾ ਕੈਨੇਡਾ ਦੀ ਸਰਕਾਰ ਅਤੇ ਉਥੋਂ ਦੇ ਸਥਾਨਕ ਵਾਸੀਆਂ ਦੀਆਂ ਨਜ਼ਰਾਂ ਵਿਚ ਸਿੱਖਾਂ ਪ੍ਰਤੀ ਮਾੜੀ ਸੋਚ ਬਣ ਸਕਦੀ ਹੈ ਅਤੇ ਇਸਦਾ ਸਮੁਚੇ ਸਿੱਖ ਭਾਈਚਾਰੇ ਨੂੰ ਮੁਲ ਵੀ ਚੁਕਾਣਾ ਪੈ ਸਕਦਾ ਹੈ। ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਦੇਸ਼ ਦੀ ਸਰਕਾਰ ਜਾਂ ਉਸਦੇ ਵਾਸੀ ਆਪਣੇ ਹਿਤਾਂ ਦੀ ਕੀਮਤ ਤੇ ਕਿਸੇ ਨੂੰ ਵੀ ਆਪਣੀ ਧੱਕੇਸ਼ਾਹੀ ਚਲਾਣ ਦੀ ਇਜਾਜ਼ਤ ਨਹੀਂ ਦੇ ਸਕਦੇ। ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਸਿੱਖ ਜਥੇਬੰਦੀ ਵਲੋਂ ਆਪਣੇ ਸਤਿਕਾਰਤ ਮਹਿਮਾਨ ਵਿਰੁਧ ਕੀਤੇ ਮੁਜ਼ਾਹਿਰੇ ਨੂੰ ਉਸਦਾ ਅਤੇ ਆਪਣਾ ਅਪਮਾਨ ਤਸਵਰ ਕਰਕੇ, ਉਥੋਂ ਦੇ ਨਿਵਾਸੀ, ਸਿੱਖਾਂ ਨੂੰ ਸਮੁਚੇ ਰੂਪ ਵਿਚ ਸ਼ਕੀ ਗਰਦਾਨ ਕੇ ਉਨ੍ਹਾਂ ਦੇ ਕੈਨੇਡਾ ਦਾਖਲੇ ਪੁਰ ਸਖਤ ਸ਼ਰਤਾਂ ਲਾਗੂ ਕਰਨ ਦੇ ਲਈ ਆਪਣੀ ਸਰਕਾਰ ਨੂੰ ਮਜਬੂਰ ਕਰਨਾ ਸ਼ੁਰੂ ਕਰ ਦੇਣ। ਜੇ ਅਜਿਹਾ ਹੁੰਦਾ ਹੈ ਤਾਂ ਕੀ ਇਹ ਸਮੁਚੇ ਸਿੱਖ ਭਾਈਚਾਰੇ ਦੇ ਹਿਤ ਵਿਚ ਹੋਵੇਗਾ?

  1. ਕੀ ਜੀ-20 ਗਰੁਪ ਦੇ ਦੇਸ਼ਾਂ ਦੇ ਸੰਮੇਲਨ ਵਿਚ ਹਿਸਾ ਲੈਣ ਆਏ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ, ਕੈਨੇਡਾ ਦੇ ਸਿੱਖਾਂ ਵਲੋਂ ਆਪਣੇ ਮੂਲ ਦੇਸ਼ ਦੇ ਪ੍ਰਧਾਨ ਮੰਤਰੀ ਵਿਰੁਧ ਕੀਤੇ ਗਏ ਮੁਜ਼ਾਹਿਰੇ ਤੋਂ, ਆਪੋ-ਆਪਣੇ ਦੇਸ਼ ਵਿਚ ਵਸਦੇ ਸਿੱਖਾਂ ਬਾਰੇ ਕੋਈ ਚੰਗਾ ਪ੍ਰਭਾਵ ਲੈ ਕੇ ਜਾ ਸਕਣਗੇ?
  2. ਸੋਚਣ ਤੇ ਵਿਚਾਰਨ ਵਾਲੀ ਗਲ ਇਹ ਵੀ ਹੈ ਕਿ ਕਿਧਰੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਇਕ ਵਰਗ ਵਲੋਂ ਅਪਨਾਈ ਜਾ ਰਹੀ ਇਸੇਤਰ੍ਹਾਂ ਦੀ ਵਿਰੋਧਾਤਮਕ ਨੀਤੀ ਦੇ ਕਾਰਣ ਹੀ ਤਾਂ ਨਹੀਂ ਵੱਖ-ਵੱਖ ਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਸਾਹਮਣੇ ਸਮੇਂ-ਸਮੇਂ ਆ ਰਹੀਆਂ ਸਮੱਸਿਆਵਾਂ ਹਲ ਹੋਣ ਦਾ ਨਾਂ ਨਹੀਂ ਲੈ ਰਹੀਆਂ?

ਵਿਰੋਧ ਦੀ ਨਹੀਂ ਸਹਿਯੋਗ ਦੀ ਨੀਤੀ ਅਪਨਾਉ : ਸ਼੍ਰੋਮਣੀ ਪੰਥਕ ਫੋਰਮ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਨੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੂੰ ਸਲਾਹ ਦਿਤੀ ਹੈ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਮੁੱਖੀਆਂ ਦੀ ਹਰ ਮੁੱਦੇ ਪੁਰ ਵਿਰੋਧ ਕਰਨ ਦੀ ਨੀਤੀ ਅਪਨਾ ਕੇ ਚਲਣ ਦੀ ਬਜਾਏ, ਸੁਧਾਰਾਤਮਕ ਨੀਤੀ ਅਪਨਾ ਕੇ ਚਲਣ। ਸ. ਪ੍ਰਿਤਪਾਲ ਸਿੰਘ ਦਾ ਵਿਸ਼ਵਾਸ ਹੈ ਕਿ ਇਸਦੇ ਨਾਲ ਉਨ੍ਹਾਂ ਦਾ ਦਿੱਲੀ ਦੇ ਸਿੱਖਾਂ ਵਿਚ ਅਕਸ ਸੁਧਰੇਗਾ ਤੇ ਉਨ੍ਹਾਂ ਪ੍ਰਤੀ ਵਿਸ਼ਵਾਸ ਪੈਦਾ ਹੋਣ ਵਿਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਪ੍ਰਦੇਸ਼ ਮੁੱਖੀਆਂ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਣਾਈ ਜਾਣ ਵਾਲੀ ਪ੍ਰਸਤਾਵਤ ਜ਼ਮੀਨਦੋਜ਼ ਪਾਰਕਿੰਗ ਦਾ ਵਿਰੋਧ ਕੀਤਾ ਜਾਣਾ ਕੋਈ ਚੰਗੀ ਗਲ ਨਹੀਂ। ਜੇ ਉਨ੍ਹਾਂ ਪਾਸ ਇਸ ਸਬੰਧ ਵਿਚ ਸੱਤਾਧਾਰੀ ਗੁਟ ਵਲੋਂ ਉਲੀਕੀ ਗਈ ਹੋਈ ਰੂਪ-ਰੇਖਾ ਵਿਚ ਸੁਧਾਰ ਕੀਤੇ ਜਾ ਸਕਣ ਵਾਲਾ ਕੋਈ ਸੁਝਾਉ ਹੈ ਤਾਂ ਉਨ੍ਹਾਂ ਨੂੰ ਉਹ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਣੀਆਂ ਜ਼ਮੀਨਦੋਜ਼ ਪਾਰਕਿੰਗਾਂ ਦੇ ਨਾਲ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆਉਣ ਵਾਲੀਆਂ ਸੰਗਤਾਂ ਲਈ ਗਡੀਆਂ ਖੜੀਆਂ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦੂਰ ਹੋਈਆਂ ਹਨ। ਇਸੇਤਰ੍ਹਾਂ ਜੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਜ਼ਮੀਨਦੋਜ਼ ਪਾਰਕਿੰਗ ਬਣਦੀ ਹੈ ਤਾਂ ਇਸਦੇ ਨਾਲ ਸੰਗਤਾਂ ਦੀਆਂ ਸਹੂਲ਼ਤਾਂ ਵਿਚ ਹੀ ਵਾਧਾ ਹੋਣਾ ਹੈ, ਕਿਸੇ ਵਿਅਕਤੀ-ਵਿਸ਼ੇਸ਼ ਨੂੰ ਹੀ ਇਸਦਾ ਲਾਭ ਨਹੀਂ ਹੋਣਾ। ਇਸ ਕਰਕੇ ਸੰਗਤਾਂ ਨੂੰ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਵਿਰੋਧ ਕਰਨ ਦੀ ਬਜਾਏ ਉਸਨੂੰ ਹੋਰ ਚੰਗਾ ਬਨਾਉਣ ਦੇ ਸੁਝਾਉ ਦਿਤੇ ਜਾਣੇ ਚਾਹੀਦੇ ਹਨ।  
ਗਲ ਖਾਲਿਸਤਾਨ ਦੀ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ-ਮਾਨ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਇਕ ਧਾਰਮਕ ਜਥੇਬੰਦੀ ਹੈ, ਦੀਆਂ ਚੋਣਾਂ ਖਾਲਿਸਤਾਨ ਦੇ ਮੁੱਦੇ ਤੇ ਲੜੇਗਾ। ਇਸੇ ਤਰ੍ਹਾਂ ਪੰਜਾਬ ਵਿਚ ਕੁਝ ਸ. ਅੰਤਿੰਦਰਪਾਲ ਸਿੰਘ ਵਰਗੇ ਖਾਲਿਸਤਾਨੀ ਵੀ ਬਿਆਨਬਾਜ਼ੀ ਕਰਦਿਆਂ ਰਹਿ ਕੇ ਆਪਣੀ ਹੋਂਦ ਦਾ ਅਹਿਸਾਸ ਕਰਾਉਣ ਦੇ ਨਾਲ ਹੀ ਇਹ ਸੰਕੇਤ ਦੇਣ ਦੀ ਕੌਸ਼ਿਸ਼ ਵੀ ਕਰਦੇ ਰਹਿੰਦੇ ਹਨ ਕਿ ਉਹ ‘ਖਾਲਿਸਤਾਨ’ ਦੀ ਸਥਾਪਨਾ ਲਈ ‘ਵਚਨਬੱਧ’ ਹਨ ਤੇ ਉਸਦੀ ਪੂਰਤੀ ਦੇ ਲਈ ਸਰਗਰਮੀ ਦੇ ਨਾਲ ਜੁਟੇ ਹੋਏ ਹਨ। ਜਦਕਿ ਕਿ ਇਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਉਂਗਲੀਆਂ ਤੇ ਹੀ ਕੀਤੀ ਜਾ ਸਕਦੀ ਹੈ। ਦਸਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕ ਦੀਆਂ ਚੋਣਾਂ, ਜਿਨ੍ਹਾਂ ਵਿਚ ਕੇਵਲ ਸਿੱਖ ਹੀ ਮਤਦਾਨ ਕਰਦੇ ਹਨ, ਵਿਚ ਵੀ ਇਨ੍ਹਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਂਦੀਆਂ ਹਨ। ਇਸਦਾ ਕਾਰਣ ਇਹ ਹੈ ਕਿ ਬੀਤੇ ਸਮੇਂ ਵਿਚ ਪੰਜਾਬ ਅਤੇ ਸਮੁਚੇ ਰੂਪ ਵਿਚ ਸਿੱਖ ਜਗਤ ਨੇ ਲਗਭਗ ਡੇਢ ਦਹਾਕੇ ਦਾ ਜੋ ਸੰਤਾਪ ਭੋਗਿਆ ਹੈ ਅਤੇ ਜਿਨ੍ਹਾਂ ਅਨ੍ਹੇਰੀਆਂ ਗਲੀਆਂ ਵਿਚ ਉਹ ਭਟਕਦਾ ਤੇ ਠੋਕਰਾਂ ਖਾਂਦਾ ਰਿਹਾ ਹੈ, ਉਨ੍ਹਾਂ ਦੇ ਵਿਚ ਉਹ ਮੁੜ ਵਿਚਰਨਾ ਨਹੀਂ ਚਾਹੁੰਦਾ। ਅਜਿਹੀ ਸੋਚ ਵਾਲੇ ਵਿਅਕਤੀ, ਜਿਨ੍ਹਾਂ ਦਾ ਆਮ ਸਿੱਖਾਂ ਵਿਚ ਕੋਈ ਆਧਾਰ ਨਹੀਂ, ਪਹਿਲਾਂ ਵੀ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਆਪਣਾ ਸੁਆਰਥ ਪੂਰਿਆਂ ਕਰਦੇ ਰਹੇ ਹਨ ਅਤੇ ਮੁੜ ਉਹੀ ਕੁਝ ਕਰਨਾ ਚਾਹੁੰਦੇ ਹਨ। ਇਉਂ ਜਾਪਦਾ ਹੈ ਜਿਵੇਂ ਸਿੱਖ-ਵਿਰੋਧੀ ਸ਼ਕਤੀਆਂ ਵਲੋਂ ਸਿੱਖੀ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਕਲੰਕਤ ਕਰਨ ਲਈ ਇਨ੍ਹਾਂ ਲੋਕਾਂ ਨੂੰ ਸਿੱਖਾਂ ਵਿਚ ਸਥਾਪਤ ਕੀਤਾ ਗਿਆ ਹੋਇਆ ਹੈ।
…ਅਤੇ ਅੰਤ ਵਿਚ : ਰਾਜਸੀ ਮਾਹਿਰਾਂ ਵਿਚੋਂ ਕੁਝ-ਇਕ ਦਾ ਇਹ ਮੰਨਣਾ ਹੈ ਕਿ ਇਨ੍ਹਾਂ ਵਿਚੋਂ ਕੁਝ ਨੂੰ ਸਥਾਪਤ ਸਿੱਖ ਲਡਿਰਸ਼ਿਪ ਨੂੰ ਬੋਨਿਆਂ ਬਣਾਉਣ ਦੀ ਇਕ ਸੋਚੀ ਸਮਝੀ ਰਣਨੀਤੀ ਅਧੀਨ, ਇੰਦਰਾ ਗਾਂਧੀ ਹਤਿਆ ਸਾਜ਼ਸ਼ ਕੇਸ ਬਣਾ ਕੇ ਸਿੱਖਾਂ ਵਿਚ ਨਾਇਕ ਦੇ ਰੂਪ ਵਿਚ ਪੇਸ਼ ਕਰਨ ਦਾ ਜਤਨ ਕੀਤਾ ਗਿਆ ਸੀ। ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਜੇ ਅਜਿਹੀ ਰਣਨੀਤੀ ਨਾ ਅਪਨਾਈ ਗਈ ਹੁੰਦੀ ਤਾਂ ਜਦੋਂ 1989 ਦੀਆਂ ਆਮ ਚੋਣਾਂ ਦੇ ਨਤੀਜਿਆਂ ਤੋਂ ਇਹ ਸਪਸ਼ਟ ਹੋ ਗਿਆ ਕਿ ਹੁਣ ਕਾਂਗ੍ਰਸ ਸੱਤਾ ਤੋਂ ਬਾਹਰ ਹੋ ਰਹੀ ਹੈ, ਤਾਂ ਸ਼੍ਰੀ ਰਾਜੀਵ ਗਾਂਧੀ ਰਾਤੋ-ਰਾਤ ਉਨ੍ਹਾਂ ਨੂੰ ਰਿਹਾ ਨਾ ਕਰਵਾਉਂਦੇ। ਉਹ ਜਾਣਦੇ ਸਨ, ਜਿਨ੍ਹਾਂ ਨੂੰ ਉਹ ਸਥਾਪਤ ਸਿੱਖ ਲੀਡਰਸ਼ਿਪ ਨੂੰ ਬੋਨਿਆਂ ਬਣਾਉਣ ਦੇ ਉਦੇਸ਼ ਨਾਲ ਨਾਇਕ ਬਣਾ ਕੇ ਪੇਸ਼ ਕਰਵਾ ਰਹੇ ਹਨ, ਜੇ ਉਨ੍ਹਾਂ ਨੂੰ ਉਨ੍ਹਾਂ ਆਪ ਰਿਹਾ ਨਾ ਕਰਵਾਇਆ ਤਾਂ ਆਉਣ ਵਾਲੀ ਕਾਂਗ੍ਰਸ-ਵਿਰੋਧੀ ਪਾਰਟੀਆਂ ਦੀ ਸਰਕਾਰ ਉਨ੍ਹਾਂ ਨੂੰ ਕਦੀ ਵੀ ਰਿਹਾ ਨਹੀਂ ਕਰੇਗੀ। ਫਲਸਰੂਪ ੳੇੁਹ ਜੇਲ੍ਹ ਵਿਚ ਹੀ ਅੱਡੀਆਂ ਗੋਡੇ ਰਗੜਦੇ ਰਹਿ ਜਾਣਗੇ ਤੇ ਸਿੱਖਾਂ ਵਿਚ ਨਾਇਕ ਨਹੀਂ ਬਣ ਸਕਣਗੇ।
ਇਹ ਵੀ ਮੰਨਿਆ ਜਾਂਦਾ ਹੈ ਕਿ ਖਾਲਿਸਤਾਨ ਦਾ ਨਾਹਰਾ ਲਾ ਕੇ ਅਤੇ ਹਰ ਚੜ੍ਹੇ ਸੂਰਜ ਨਵੇਂ ਤੋਂ ਨਵੇਂ ਵਿਵਾਦ ਪੈਦਾ ਕਰ ਸਥਾਪਤ ਸਿੱਖ ਲੀਡਰਸ਼ਿਪ ਨੂੰ ਬੋਨਿਆਂ ਬਣਾਉਣ ਲਈ ਸਰਗਰਮ ਸ਼ਕਤੀਆਂ ਨੇ ਜਿਥੇ ਇਕ ਪਾਸੇ ਸਿੱਖਾਂ ਦੀਆਂ ਸਰਬ-ਸਾਂਝੀਆਂ ਧਾਰਮਕ ਮਾਨਤਾਵਾਂ ਦਾ ਘਾਣ ਕੀਤਾ ਹੈ, ਉਥੇ ਹੀ ਦੂਜੇ ਪਾਸੇ ਸਮੁਚੀ ਸਿੱਖ ਕੌਮ ਨੂੰ ਭਾਰਤੀ ਸਮਾਜ ਤੋਂ ਅਲਗ-ਥਲਗ ਕਰਨ ਵਿਚ ਸਿੱਖ-ਦੁਸ਼ਮਣ ਸ਼ਕਤੀਆਂ ਦੀ ਮਦਦ ਵੀ ਕੀਤੀ ਹੈ।

-ਜਸਵੰਤ ਸਿੰਘ ‘ਅਜੀਤ’