ਵੱਖਰੇਵਾਦ ਦੀ ਗੱਲ ਕਰਨ ਵਾਲੇ ਪੰਥ ਦੇ ਵਿਰੋਧੀ

ਖਾਲਿਸਤਾਨ ਦੇ ਨਾਂਅ ‘ਤੇ ਪ੍ਰਾਪੋਗੰਡਾ ਕਰਨ ਨਾਲ ਕਿਸੇ ਦਾ ਭਲਾ ਨਹੀਂ ਹੋਣਾ – ਭੋਗਲ

india2ਸਾਈਂ ਮੀਆਂਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਨੇ ਵਿਦੇਸ਼ਾਂ ਵਿਚ ਵੱਸੇ ਉਨ੍ਹਾਂ ਸਿੱਖ ਜਥੇਬੰਦੀਆਂ ਦੀ ਨਿੰਦਾ ਕੀਤੀ, ਜਿਹੜੀਆਂ ਖਾਲਿਸਤਾਨ ਨੂੰ ਹਵਾ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ, ਅੱਜ ਦੇ ਹਾਲਾਤ ਵਿਚ ਖਾਲਿਸਤਾਨ ਦੀ ਮੰਗ ਕਰਨਾ ਸ਼ੇਖਚਿਲੀ ਵਾਂਗ ਦਿਨ ਦਿਹਾੜੇ ਸੁਪਨੇ ਦੇਖਣ ਵਾਲੀ ਗੱਲ ਹੈ। ਉਨ੍ਹਾਂ ਕਿਹਾ, ਵੱਖਰੇਵਾਦ ਦੀ ਗੱਲ ਕਰਨ ਵਾਲੇ ਦੇਸ਼ ਦੇ ਹੀ ਨਹੀਂ, ਸਗੋਂ ਪੰਥ ਦੇ ਵੀ ਵਿਰੋਧੀ ਹਨ। ਉਨ੍ਹਾਂ ਮੁਸਲਿਮ ਸੂਫੀ ਸੰਤ ਬਾਬਾ ਸਾਈਂ ਮੀਆਂਮੀਰ ਮੁਹੰਮਦ ਸਾਹਿਬ ਦੀ ਉਦਾਹਰਣ ਦਿੰਦਿਆਂ ਕਿਹਾ ਕਿ, ਪੰਚਮ ਪਾਤਸ਼ਾਹ ਵੱਲੋਂ ਦਰਬਾਰ ਸਾਹਿਬ ਦਾ ਨੀਂਹ ਪੱਥਰ ਉਨ੍ਹਾਂ ਕੋਲੋਂ ਰਖਵਾਇਆ ਗਿਆ, ਜੋ ਕਿ ਰਹਿੰਦੀ ਦੁਨੀਆ ਤੱਕ ਆਪਸੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ, ਕੁਝ ਕੱਟੜਪੰਥੀ ਆਪਣੇ ਸਵਾਰਥ ਲਈ ਸਮਾਜਿਕ ਭਾਈਚਾਰੇ ਨੂੰ ਭੰਗ ਕਰਨ ਦਾ ਅਧਿਕਾਰ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ, ਖਾਲਿਸਤਾਨ ਦੀ ਮੰਗ ਕਰਨਾ ਕੋਈ ਵਧੀਆ ਗੱਲ ਨਹੀਂ, ਕਿਉਂਕਿ ਇਸ ਨਾਲ ਵਿਦੇਸ਼ਾਂ ਵਿਚ ਵੱਸੇ ਪੰਜਾਬੀ ਭਾਈਚਾਰੇ ‘ਤੇ ਵਿਦੇਸ਼ੀ ਧਰਤੀ ‘ਤੇ ਰਹਿੰਦਿਆਂ ਵੱਡਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ, ਖਾਲਿਸਤਾਨ ਦੇ ਨਾਂਅ ‘ਤੇ ਪ੍ਰਾਪੋਗੰਡਾ ਕਰਨ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਣਾ। ਅਸੀਂ ਸਾਰੇ ਭਾਰਤੀ ਹਾਂ ਅਤੇ ਪੰਜਾਬੀਆਂ ਨੇ ਭਾਰਤ ਦੀ ਅਜਾਦੀ ਲਈ 75% ਸ਼ਹੀਦੀਆਂ ਦਿੱਤੀਆਂ ਹਨ। ਪੰਜਾਬ ਨੂੰ ਪਾੜ੍ਹਨ ਵਾਲੇ ਲੋਕ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ, ਹਿੰਦੂ ਨੂੰ ਬਚਾਉਣ ਦੀ ਸਭ ਤੋਂ ਕਾਮਯਾਬ ਕਾਰਵਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰ ਅਤੇ ਪਿਤਾ ਵਾਰ ਕੇ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ ਅਤੇ ਅਸੀਂ ਵੱਖਰੇ ਹੋ ਖਾਲਿਸਤਾਨ ਬਣਾ ਕੇ ਕੀ ਕਰ ਲਵਾਂਗੇ। ਉਨ੍ਹਾਂ ਕਿਹਾ ਕਿ, ਵਿਦੇਸ਼ਾਂ ਵਿਚ ਭੜਕਾਊ ਪ੍ਰਚਾਰ ਕਰਨ ਵਾਲੀਆਂ ਖਾਲਿਸਤਾਨ ਪੱਖੀ ਸੰਸਥਾਵਾਂ ਆਪਣੇ ਨਿੱਜੀ ਸਵਾਰਥ ਲਈ ਪ੍ਰਾਪੋਗੰਡਾ ਕਰਦੀਆਂ ਹਨ। ਭਾਰਤ ਸਰਕਾਰ ਵੱਲੋਂ ਕਾਲੀ ਸੂਚੀ ਵਿਚ ਦਰਜ ਬਹੁਤ ਸਾਰੇ ਸਿੱਖਾਂ ਦੇ ਨਾਮ ਕੱਟ ਦਿੱਤੇ ਗਏ ਹਨ ਅਤੇ ਹੁਣ ਸਮਾਂ ਹੈ ਕਾਲੀ ਸੂਚੀ ਨੂੰ ਪੂਰਨ ਤੌਰ ‘ਤੇ ਖਤਮ ਕੀਤਾ ਜਾਵੇ। ਜਿਸ ਨਾਲ ਖਾਲਿਸਤਾਨ ਪੱਖੀ ਲੀਡਰ ਪੰਜਾਬ ਦੀ ਅਸਲ ਤਸਵੀਰ ਆਪਣੀਂ ਅੱਖੀਂ ਦੇਖ ਸਕਣ। ਕੀ ਇਹ ਹੈਰਾਨੀ ਵਾਲੀ ਗੱਲ ਹੈ ਕਿ ਕੀ ਇਹ ਪੰਜਾਬ ਦੀ ਕਾਮਯਾਬੀ ਟੀਵੀ ਉੱਤੇ ਨਹੀਂ ਦੇਖਦੇ? ਭੋਗਲ ਵੱਲੋਂ ਖਾਲਿਸਤਾਨੀ ਧੜਿਆਂ ਨੂੰ ਅਪੀਲ ਕੀਤੀ ਗਈ ਕਿ, ਉਹ ਪੰਜਾਬ ਦੇ ਪਹਿਲਾਂ ਵਾਲੇ ਹਾਲਾਤ ਨੂੰ ਮੁੜ ਸੁਰਜੀਤ ਨਾ ਕਰਨ, ਕਿਉਂਕਿ ਪੰਜਾਬ ਦੇ ਲੋਕ ਅੱਤਵਾਦ ਦੇ ਕਾਲੇ ਦਿਨ ਦੇਖ ਚੁੱਕੇ ਹਨ ਅਤੇ ਹੁਣ ਅਮਨ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ